ਕਿਸਾਨੀ ਮੋਰਚੇ ਦੌਰਾਨ ਕਕਾਰ ਲਾਹੁਣ ਦਾ ਮਾਮਲਾ: ਸੰਗਤਾਂ ਦੇ ਇਤਰਾਜ਼ ਮਗਰੋਂ ਬਾਬਾ ਲਾਭ ਸਿੰਘ ਨੇ ਮੰਗੀ ਮੁਆਫ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਬਾ ਲਾਭ ਸਿੰਘ ਨੇ ਦਸਿਆ ਕਿ ਉਸ ਦਿਨ ਉਹ ਇੰਨੇ ਜੋਸ਼ ’ਚ ਆ ਗਏ ਕਿ ਉਨ੍ਹਾਂ ਨੇ ਸਾਰੇ ਕਕਾਰ ਲਾਹ ਕੇ ਸੜਕ ਤੇ ਰੱਖ ਦਿਤੇ ਅਤੇ ਉਨ੍ਹਾਂ ਨੂੰ ਇਸ ਗਲਤੀ ਦਾ ਪਤਾ ਹੀ ਨਹੀਂ ਚਲਿਆ

Baba Labh Singh

ਚੰਡੀਗੜ (ਬਠਲਾਣਾ) : ਮੋਹਾਲੀ ਵਿਖੇ ਦੋ ਦਿਨ ਪਹਿਲਾਂ ਲੱਗੇ ਕਿਸਾਨ ਮੋਰਚੇ ’ਚ ਸੜਕ ਤੇ ਨੰਗੇ ਸਰੀਰ ਲੇਟਣ ਮਗਰੋਂ ਚਰਚਾ ’ਚ ਆਏ ਬਾਬਾ ਲਾਭ ਸਿੰਘ ਨੇ ਅੱਜ ਸੰਗਤ ਕੋਲੋਂ ਮੁਆਫ਼ੀ ਮੰਗੀ ਹੈ। ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਬਾਬਾ ਲਾਭ ਸਿੰਘ ਨੇ ਦਸਿਆ ਕਿ ਉਸ ਦਿਨ ਉਹ ਇੰਨੇ ਜੋਸ਼ ’ਚ ਆ ਗਏ ਕਿ ਉਨ੍ਹਾਂ ਨੇ ਸਾਰੇ ਕਕਾਰ ਲਾਹ ਕੇ ਸੜਕ ਤੇ ਰੱਖ ਦਿਤੇ ਅਤੇ ਉਨ੍ਹਾਂ ਨੂੰ ਇਸ ਗਲਤੀ ਦਾ ਪਤਾ ਹੀ ਨਹੀਂ ਚਲਿਆ ,ਜਦੋਂ ਕਿ ਦਸਤਾਰ ਲੱਥ ਗਈ ਸੀ। ਮੇਰੀ ਨੰਗੇ ਸਰੀਰ ਵਾਲੀ ਵੀਡੀਉ ਦੇਖ ਕੇ ਕੁੱਝ ਸੰਗਤਾ ਨੇ ਇਤਰਾਜ਼ ਦਰਜ ਕਰਵਾਏ ਹਨ, ਇਸੇ ਕਰ ਕੇ ਮੈਂ ਸੰਗਤਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਉਨ੍ਹਾਂ ਕੋਲੋਂ ਮੁਆਫ਼ੀ ਮੰਗਦਾਂ ਹਾਂ ਕਿਉਂਕਿ ਸੰਗਤ ਦਾ ਦਰਜਾ ਵੱਡਾ ਹੁੰਦਾ ਹੈ ਅਤੇ ਸੰਗਤ ਬਖਸ਼ਣਹਾਰ ਹੈ। ਮੈਂ ਅਜਿਹੀ ਗਲਤੀ ਮੁੜ ਕੇ ਨਹੀ ਕਰਾਂਗਾ। ਦਸਣਯੋਗ ਹੈ ਕਿ ਦਿੱਲੀ ਕਿਸਾਨ ਮੋਰਚੇ ਦੌਰਾਨ ਬਾਬਾ ਜੀ ਮਟਕਾ ਚੌਕ ’ਤੇ ਲੰਮੇ ਸਮੇਂ ਤਕ ਧਰਨਾ ਦਿੰਦੇ ਰਹੇ ਹਨ ਅਤੇ ਇਸ ਵੇਲੇ ਵੀ ਪਿਛਲੇ ਤਿੰਨ ਮਹੀਨਿਆਂ ਤੋਂ ਵਧ ਸਮੇਂ ਤੋਂ ਪੰਜਾਬ ਸਕੂਲ ਸਿਖਿਆ ਬੋਰਡ ਮੋਹਾਲੀ ਵਿਖੇ ਚੱਲ ਰਹੇ ਮੋਰਚੇ ’ਚ ਡਟੇ ਹੋਏ ਹਨ।