ਲੁਧਿਆਣਾ 'ਚ ਇਨਸਾਨੀਅਤ ਸ਼ਰਮਸਾਰ, ਦਿਮਾਗ਼ੀ ਤੌਰ 'ਤੇ ਬਿਮਾਰ ਲੜਕੀ ਨਾਲ ਕੀਤਾ ਜਬਰ ਜਨਾਹ
ਪੁਲਿਸ ਨੇ ਆਰੋਪੀ ਕੀਤਾ ਗ੍ਰਿਫਤਾਰ
ਲੁਧਿਆਣਾ : ਲੁਧਿਆਣਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਹਵਸ 'ਚ ਅੰਨ੍ਹੇ ਹੋਏ ਨੌਜਵਾਨ ਨੇ ਮਾਨਸਿਕ ਰੂਪ ਵਿੱਚ ਬਿਮਾਰ ਲੜਕੀ ਨਾਲ ਜਬਰ ਜਨਾਹ ਕੀਤਾ। ਜਾਣਕਾਰੀ ਦਿੰਦਿਆਂ ਪੀੜਤ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਧੀ ਮਾਨਸਿਕ ਤੌਰ 'ਤੇ ਬੀਮਾਰ ਹੈ। ਪੂਰਾ ਪਰਿਵਾਰ ਉਸ ਦਾ ਧਿਆਨ ਰੱਖ ਰਿਹਾ ਹੈ। ਕੁਝ ਦਿਨਾਂ ਬਾਅਦ ਉਸ ਦੀ ਛੋਟੀ ਬੇਟੀ ਦਾ ਵਿਆਹ ਹੋਣਾ ਸੀ। ਘਰ ਵਿੱਚ ਕਈ ਰਿਸ਼ਤੇਦਾਰ ਆਏ ਹੋਏ ਸਨ।
ਇਸੇ ਦੌਰਾਨ ਗੁਆਂਢ 'ਚ ਰਹਿਣ ਵਾਲਾ ਨੌਜਵਾਨ ਅਜੇ ਕੁਮਾਰ ਸਾਹਨੀ ਉਸ ਦੀ ਦਿਮਾਗੀ ਤੌਰ 'ਤੇ ਪਰੇਸ਼ਾਨ ਧੀ ਨੂੰ ਘਰ ਦੇ ਪਿੱਛੇ ਸੁੰਨਸਾਨ ਥਾਂ 'ਤੇ ਲੈ ਗਿਆ। ਉਧਰੋਂ ਪੂਰਾ ਪਰਿਵਾਰ ਲੜਕੀ ਨੂੰ ਲੱਭਣ ਲੱਗ ਪਿਆ। ਕੁਝ ਸਮੇਂ ਬਾਅਦ ਜਦ ਪਰਿਵਾਰਕ ਮੈਂਬਰ ਘਰ ਦੇ ਪਿੱਛੇ ਪਹੁੰਚੇ ਤਾਂ ਉਨ੍ਹਾਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਅਜੇ ਕੁਮਾਰ ਸਾਹਨੀ ਦਿਮਾਗੀ ਬਿਮਾਰ ਲੜਕੀ ਨਾਲ ਜਬਰ ਜਨਾਹ ਕਰ ਰਿਹਾ ਸੀ। ਪਰਿਵਾਰਕ ਮੈਂਬਰਾਂ ਨੂੰ ਆਪਣੇ ਵੱਲ ਆਉਂਦਿਆਂ ਦੇਖ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ।
ਇਸ ਮਾਮਲੇ 'ਚ ਥਾਣਾ ਕੂੰਮਕਲਾਂ ਦੀ ਪੁਲਿਸ ਨੇ ਪੀੜਤਾ ਦੀ ਮਾਂ ਦੇ ਬਿਆਨ ਉੱਪਰ ਗੁਆਂਢ ਵਿਚ ਰਹਿਣ ਵਾਲੇ ਅਜੇ ਕੁਮਾਰ ਸਾਹਨੀ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ਨਿਚਰਵਾਰ ਦੁਪਹਿਰ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।