ਭਲਕੇ ਤੋਂ ਸਮੂਹਿਕ ਛੁੱਟੀ 'ਤੇ ਜਾਣਗੇ ਸੂਬੇ ਭਰ ਦੇ ਰੈਵਨਿਊ ਵਿਭਾਗ ਦੇ ਅਧਿਕਾਰੀ
ਮੌੜ ਮੰਡੀ ਦੇ ਨਾਇਬ ਤਹਿਸੀਲਦਾਰ ਨੂੰ ਮੁਅੱਤਲ ਕਰਨ ਦਾ ਕਰਨਗੇ ਵਿਰੋਧ
ਬਠਿੰਡਾ : ਪੰਜਾਬ ਭਰ 'ਚ ਸਾਰੇ ਪੰਜਾਬ ਰੈਵਨਿਊ ਵਿਭਾਗ ਦੇ ਅਧਿਕਾਰੀਆਂ ਨੇ ਭਲਕੇ ਸੋਮਵਾਰ ਤੋਂ ਸਮੂਹਕ ਛੁੱਟੀ 'ਤੇ ਜਾਣ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਉਨ੍ਹਾਂ ਨੇ ਮੌੜ ਮੰਡੀ ਦੇ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਤੇ ਉਸ ਦੇ ਰੀਡਰ ਹਰਦੇਵ ਸਿੰਘ ਨੂੰ ਮੁਅੱਤਲ ਕਰਨ ਦੇ ਮਾਮਲੇ 'ਚ ਲਿਆ ਹੈ। ਪੰਜਾਬ ਰੈਵੀਨਿਊ ਆਫਿਰਸਰਜ਼ ਐਸੋਸੀਏਸ਼ਨ ਦੇ ਕੋ-ਪ੍ਰੈਜ਼ੀਡੈਂਟ ਸੁਖਚਰਨ ਸਿੰਘ ਚੰਨੀ ਨੇ ਦੱਸਿਆ ਕਿ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਦੀ ਹੜਤਾਲ ਪਹਿਲਾਂ ਜ਼ਿਲ੍ਹਾ ਪੱਧਰੀ, ਫਿਰ ਜ਼ੋਨ ਪੱਧਰੀ ਤੇ ਸੋਮਵਾਰ ਯਾਨੀ ਕੱਲ੍ਹ ਤੋਂ ਪੰਜਾਬ ਪੱਧਰ 'ਤੇ ਜਾਰੀ ਰਹੇਗੀ।
ਜ਼ਿਕਰਯੋਗ ਹੈ ਕਿ 17 ਮਈ ਨੂੰ ਦੇਰ ਸ਼ਾਮ ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਦੀ ਤਹਿਸੀਲ ਮੌੜ ਵਿਖੇ ਤਾਇਨਾਤ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਨੂੰ ਮੁਅੱਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਸੂਬੇ ਦੇ ਪ੍ਰਮੁੱਖ ਸਕੱਤਰ ਮਾਲ ਕੇ.ਏ.ਪੀ ਸਿਨਹਾ ਵਲੋਂ ਜਾਰੀ ਮੁਅੱਤਲੀ ਦੇ ਹੁਕਮਾਂ ’ਚ ਉਨ੍ਹਾਂ ਦਾ ਹੈਡਕੁਆਰਟਰ ਬਠਿੰਡਾ ਬਣਾਇਆ ਗਿਆ ਹੈ। ਸੂਤਰਾਂ ਮੁਤਾਬਕ ਉਕਤ ਤਹਿਸੀਲਦਾਰ ਦੇ ਖ਼ਿਲਾਫ਼ ਦੋ ਵਿਅਕਤੀਆਂ ਵਲੋਂ ਸੂਬੇ ਦੇ ਮਾਲ ਮੰਤਰੀ ਨੂੰ ਰਜਿਸਟਰੀਆਂ ਕਰਨ ਸਮੇਂ ਤੰਗ ਪ੍ਰੇਸ਼ਾਨ ਕਰਨ ਅਤੇ ਕਥਿਤ ਤੌਰ ’ਤੇ ਰਿਸ਼ਵਤ ਮੰਗਣ ਦੇ ਦੋਸ਼ਾਂ ਵਾਲੀ ਸਿਕਾਇਤ ਭੇਜੀ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਸੀ।