ਮਸਕਟ 'ਚ ਫਸੀ ਪੰਜਾਬੀ ਮਹਿਲਾ ਦੀ ਹੋਈ ਘਰ ਵਾਪਸੀ, 2 ਮਹੀਨਿਆਂ ਤੋਂ ਫਸੀ ਸੀ ਪਰਮਿੰਦਰ
- ਆਰਥਿਕ ਤੰਗੀ ਕਾਰਨ ਗਈ ਸੀ ਵਿਦੇਸ਼
ਕਪੂਰਥਲਾ : ਮਸਕਟ 'ਚ ਫਸੀ ਪਰਮਿੰਦਰ ਰਾਣੀ 2 ਮਹੀਨਿਆਂ ਬਾਅਦ ਸੁਰੱਖਿਅਤ ਘਰ ਪਰਤ ਆਈ ਹੈ। ਉਸ ਨੇ ਇੱਥੇ ਆ ਕੇ ਦੱਸਿਆ ਕਿ ਉੱਥੇ 35 ਦੇ ਕਰੀਬ ਹੋਰ ਪੰਜਾਬੀ ਕੁੜੀਆਂ ਵੀ ਫਸੀਆਂ ਹੋਈਆਂ ਹਨ। ਉੱਥੇ ਕੁੜੀਆਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਗਲਤ ਕੰਮ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਪਰਮਿੰਦਰ ਰਾਣੀ ਦੇ ਨਾਲ ਉਸ ਦਾ ਪਤੀ ਹਰਦੀਪ ਸਿੰਘ ਵੀ ਸੀ ਜਿਸ ਦੌਰਾਨ ਉਸ ਨੇ ਦੱਸਿਆ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਅਤੇ ਵਿਦੇਸ਼ ਮੰਤਰਾਲੇ ਦੇ ਯਤਨਾਂ ਸਦਕਾ ਹੀ ਉਸ ਦੀ ਘਰ ਵਾਪਸੀ ਸੰਭਵ ਹੋ ਸਕੀ ਹੈ।
ਪਰਮਿੰਦਰ ਨੇ ਦੱਸਿਆ ਕਿ ਉਹ 16 ਮਾਰਚ ਨੂੰ ਮਸਕਟ ਗਈ ਸੀ। ਉਸ ਦੇ ਮਾਮਾ-ਮਾਮੀ ਨੇ 70 ਹਜ਼ਾਰ ਰੁਪਏ ਲੈ ਕੇ ਟਰੈਵਲ ਏਜੰਟ ਰਾਹੀਂ ਉਸ ਨੂੰ ਮਸਕਟ ਭੇਜਿਆ ਸੀ। ਉੱਥੇ ਉਸ ਨੂੰ ਹਸਪਤਾਲ ਵਿਚ 30 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਨੌਕਰੀ ਲਗਵਾਉਣ ਦਾ ਝਾਂਸਾ ਦਿੱਤਾ ਗਿਆ ਸੀ ਪਰ ਮਸਕਟ ਜਾ ਕੇ ਉਸ ਨੂੰ ਪਤਾ ਲੱਗਾ ਕਿ ਟਰੈਵਲ ਏਜੰਟਾਂ ਨੇ ਉਸ ਨੂੰ 1,50,000 ਵਿਚ ਵੇਚ ਦਿੱਤਾ ਸੀ।
ਪਰਮਿੰਦਰ ਰਾਣੀ ਨੇ ਦੱਸਿਆ ਕਿ ਉਸ ਦਾ ਪਾਸਪੋਰਟ ਤੇ ਫ਼ੋਨ ਖੋਹ ਲਿਆ ਗਿਆ ਸੀ ਤੇ ਉਸ ਨੂੰ ਇਕ ਕਮਰੇ ਵਿਚ ਬੰਦ ਕਰਕੇ ਰੱਖਿਆ ਗਿਆ ਜਿੱਥੇ ਉਸ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ ਤੇ ਖਾਣ ਲਈ ਵੀ ਕੁੱਝ ਨਹੀਂ ਦਿੱਤਾ ਜਾਂਦਾ ਸੀ। ਉਸ ਨੇ ਦੱਸਿਆ ਕਿ ਉਹ ਮਸਕਟ ਇਸ ਕਰਕੇ ਗਈ ਸੀ ਕਿ ਉਸ ਦੇ ਘਰ ਦੇ ਹਾਲਾਤ ਸੁਧਰ ਜਾਣਗੇ ਤੇ ਉਸ ਦੀ ਬੱਚੀ ਦਾ ਭਵਿੱਖ ਸੁਨਹਿਰੀ ਹੋ ਜਾਵੇਗਾ। ਉਸ ਨੇ ਦੱਸਿਆ ਕਿ ਉਹ ਕਪੂਰਥਲਾ ਵਿਚ ਕਿਰਾਏ ਤੇ ਰਹਿੰਦੀ ਹੈ ਤੇ ਉਸ ਦਾ ਪਤੀ ਗੱਡੀ ਚਲਾਉਂਦਾ ਹੈ, ਜਿਸ ਕਾਰਨ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੋ ਰਿਹਾ ਸੀ।
ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ 16 ਮਈ ਨੂੰ ਪਰਮਿੰਦਰ ਰਾਣੀ ਦੇ ਪਤੀ ਹਰਦੀਪ ਸਿੰਘ ਨੇ ਉਹਨਾਂ ਕੋਲ ਪਹੁੰਚ ਕੀਤੀ ਸੀ। ਉਸੇ ਹੀ ਦਿਨ ਉਹਨਾਂ ਵੱਲੋਂ ਵਿਦੇਸ਼ ਮੰਤਰਾਲੇ ਨੂੰ ਪਰਮਿੰਦਰ ਰਾਣੀ ਦੀ ਵਾਪਸੀ ਬਾਰੇ ਪੱਤਰ ਲਿਖਿਆ ਸੀ। ਉਨ੍ਹਾਂ ਵਿਦੇਸ਼ ਮੰਤਰਾਲੇ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਯਤਨਾਂ ਸਦਕਾ 20 ਮਈ ਨੂੰ ਪਰਮਿੰਦਰ ਰਾਣੀ ਆਪਣੇ ਪਰਿਵਾਰ ਵਿਚ ਆ ਸਕੀ।
ਇਸ ਦੇ ਨਾਲ ਹੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਟਰੈਵਲ ਏਜੰਟਾਂ 'ਤੇ ਸਖ਼ਤ ਕਾਰਵਾਈ ਕਰਨ ਜਿਹੜੇ ਕਿ ਪੰਜਾਬ ਦੀਆਂ ਧੀਆਂ-ਭੈਣਾਂ ਨੂੰ ਸੁਨਹਿਰੀ ਸੁਫ਼ਨੇ ਦਿਖਾ ਕੇ ਉਨ੍ਹਾਂ ਦਾ ਸੋਸ਼ਣ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਟਰੈਵਲ ਏਜੰਟਾਂ 'ਤੇ ਸਖ਼ਤ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ। ਸੰਤ ਸੀਚੇਵਾਲ ਨੇ ਦੱਸਿਆ ਕਿ ਜਿਹੜੀਆਂ ਕੁੜੀਆਂ ਵਾਪਸ ਆਈਆਂ ਹਨ, ਉਨ੍ਹਾਂ ਵਿਚ ਬਹੁਤੀਆਂ ਕੁੜੀਆਂ ਕੋਲੋਂ ਟਰੈਵਲ ਏਜੰਟਾਂ ਵੱਲੋਂ ਇਕ ਅਜਿਹੇ ਸਮਝੌਤੇ 'ਤੇ ਦਸਤਖ਼ਤ ਕਰਵਾਏ ਜਾਂਦੇ ਹਨ, ਜਿਸ ਨਾਲ ਉਨ੍ਹਾਂ ਵੱਲੋਂ 2 ਸਾਲ ਤੱਕ ਲੜਕੀਆਂ ਨੂੰ ਫਸਾ ਲਿਆ ਜਾਂਦਾ ਹੈ ਤੇ ਸ਼ਰਤਾਂ ਨਾ ਪੂਰੀਆਂ ਕਰਨ ਦੀ ਹਾਲਤ ਵਿੱਚ ਲੱਖਾਂ ਵਿੱਚ ਪੈਸਿਆਂ ਦੀ ਮੰਗ ਉਨ੍ਹਾਂ ਦੇ ਪਰਿਵਾਰ ਕੋਲੋਂ ਕੀਤੀ ਜਾਂਦੀ ਹੈ।