ਜ਼ੀਰਾ ਸ਼ਰਾਬ ਫੈਕਟਰੀ ਨੂੰ ਫਿਲਹਾਲ ਨਹੀਂ ਮਿਲੀ ਰਾਹਤ, ਜ਼ਮੀਨ ਹੇਠਲੇ ਪਾਣੀ ’ਚੋਂ ਮਿਲਿਆ ਸਾਈਨਾਇਡ
ਪਾਣੀ ਵਿੱਚ ਸੇਲੇਨੀਅਮ, ਮੈਂਗਨੀਜ਼ ਅਤੇ ਆਇਰਨ ਦਾ ਗਾੜ੍ਹਾਪਣ ਵਰਗੇ ਤੱਤ ਸਹਿਣਯੋਗ ਮਾਤਰਾਂ ਤੋਂ ਵੱਧ ਪਾਏ ਗਏ ਹਨ।
ਜ਼ੀਰਾ - ਜ਼ੀਰਾ ਸ਼ਰਾਬ ਫੈਕਟਰੀ ਮਾਮਲੇ ਵਿਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ 19 ਮਈ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਵਿਚ ਆਪਣੀ ਰਿਪੋਰਟ ਪੇਸ਼ ਕੀਤੀ ਹੈ ਜਿਸ ਤੋਂ ਬਾਅਦ ਕੇਂਦਰੀ ਪ੍ਰਦੂਸ਼ਣ ਕੰਟ੍ਰੋਲ ਬੋਰਡ ਨੇ ਪੰਜਾਬ ਪ੍ਰਦੂਸ਼ਣ ਕੰਟ੍ਰੋਲ ਬੋਰਡ ਨੂੰ ਪੱਤਰ ਲਿਖ ਕੇ ਸ਼ਰਾਬ ਫੈਕਟਰੀ ਖਿਲਾਫ਼ ਬਣਦੀ ਕਾਰਵਾਈ ਕਰਨ ਨੂੰ ਕਿਹਾ ਹੈ। ਕੇਂਦਰੀ ਬੋਰਡ ਨੇ ਇਹ ਪੱਤਰ ਉਸ ਰਿਪੋਰਟ ਦੇ ਆਧਾਰ ’ਤੇ ਜਾਰੀ ਕੀਤਾ ਹੈ, ਜਿਸ ਵਿਚ ਫੈਕਟਰੀ ਦੀ ਜਾਂਚ-ਪੜਤਾਲ ਦੌਰਾਨ ਕਮੀਆਂ ਪਾਈਆਂ ਗਈਆਂ ਹਨ।
ਦਰਅਸਲ ਜਾਂਚ-ਪੜਤਾਲ ਦੌਰਾਨ ਫੈਕਟਰੀ ਦੇ ਨਜ਼ਦੀਕ ਪਿੰਡ ਰਤੋਲ ਰੋਹੀ ਦੇ ਜ਼ਮੀਨ ਹੇਠਲੇ ਪਾਣੀ ਵਿਚ ਸਾਈਨਾਈਡ ਹੋਣ ਦੇ ਸਬੂਤ ਮਿਲੇ ਹਨ। ਪਿੰਡ ਦੇ ਬੋਰਵੈਲ ਵਿਚ 0.2 ਐੱਮ.ਜੀ./ਐੱਲ ਦੀ ਮਾਤਰਾ ਪਾਈ ਗਈ ਹੈ, ਜੋ ਤੈਅ ਮਾਪਦੰਡਾਂ ਤੋਂ ਚਾਰ ਗੁਣਾ ਜ਼ਿਆਦਾ ਹੈ। ਇਸ ਕੜੀ ਵਿਚ ਨਜ਼ਦੀਕੀ ਪਿੰਡ ਮਹੀਂਵਾਲਾ ਦੇ 250 ਮੀਟਰ ਤਕ ਡੂੰਘਾਈ ਵਾਲੇ ਬੋਰਵੈੱਲ ਵਿਚ ਸਿਲੇਨਿਮੇ, ਮੈਂਗਨੀਜ਼ ਅਤੇ ਆਇਰਨ ਵਰਗੇ ਤੱਤ ਤੈਅ ਮਾਤਰਾ ਤੋਂ ਜ਼ਿਆਦਾ ਪਾਏ ਗਏ ਹਨ।
ਰਿਪੋਰਟ ਮੁਤਾਬਕ,“ਕੇਂਦਰੀ ਪ੍ਰਦੂਸ਼ਣ ਬੋਰਡ ਦੀ ਟੀਮ ਵਲੋਂ ਨਿਗਰਾਨੀ ਅਧੀਨ 29 ਬੋਰਵੈਲਾਂ ਵਿਚੋਂ 12 ਵਿਚ ਬਦਬੂ ਵਾਲਾ ਪਾਣੀ ਆ ਰਿਹਾ ਹੈ, ਜਦੋਂ ਕਿ 05 ਵਿਚੋਂ ਬਦਬੂ ਦੇ ਨਾਲ ਅਤੇ ਹਲਕੇ ਗਹਿਰੇ ਜਾਂ ਕਾਲੇ ਰੰਗ ਦਾ ਪਾਣੀ ਆ ਰਿਹਾ ਸੀ।” ਇਨ੍ਹਾਂ 29 ਵਿਚੋਂ ਕਿਸੇ ਵੀ ਬੋਰਵੈਲ ਦਾ ਪਾਣੀ ਪੀਣ ਯੋਗ ਹੋਣ ਲਈ ਲੋੜੀਂਦੇ ਮਾਪਦੰਡਾ ’ਤੇ ਖਰਾ ਨਹੀਂ ਉਤਰਦਾ, ਨਤੀਜੇ ਵਜੋਂ ਇਸ ਪਾਣੀ ਦੀ ਪੀਣ ਲਈ ਜਾਂ ਫ਼ਿਰ ਸਿੰਚਾਈ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ 45 ਦਿਨਾਂ ਦੇ ਅੰਦਰ ਬਣਦੀ ਕਾਰਵਾਈ ਕਰਨ ਲਈ ਕਿਹਾ ਹੈ। ਮਾਲਬਰੋਸ ਫੈਕਟਰੀ ਜਿਸ ਨੂੰ ਪ੍ਰਦੂਸ਼ਣ ਫੈਲਾਉਣ ਦੇ ਇਲਜ਼ਾਮਾਂ ਕਾਰਨ ਬੰਦ ਕੀਤਾ ਗਿਆ ਹੈ ਅਤੇ ਜਿਸ ਦਾ ਮੁੜ ਤੋਂ ਪੱਖ਼ ਸੁਣਨ ਲਈ ਪੰਜਾਬ ਸਰਕਾਰ ਨੂੰ ਅਦਾਲਤ ਵਲੋਂ ਹੁਕਮ ਦਿੱਤੇ ਗਏ , ਨੇ ਨਵੀਂ ਰਿਪੋਰਟ ਬਾਰੇ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।