Lok Sabha Elections 2024: ਪੰਜਾਬ ਦੇ ਚੋਣ ਅਖਾੜੇ ’ਚ ਦਿੱਗਜ ਸੰਭਾਲਣਗੇ ਮੋਰਚਾ; ਪ੍ਰਧਾਨ ਮੰਤਰੀ ਮੋਦੀ, ਰਾਹੁਲ ਗਾਂਧੀ ਆਉਣਗੇ ਪੰਜਾਬ

ਏਜੰਸੀ

ਖ਼ਬਰਾਂ, ਪੰਜਾਬ

ਸਾਰੀਆਂ ਸਿਆਸੀ ਪਾਰਟੀਆਂ ਨੇ ਇਸ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ।

National leaders Will Take Charge In Punjab Election Battle

Lok Sabha Elections 2024: ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਚੋਣਾਂ 'ਚ ਲੜ ਰਹੇ ਉਮੀਦਵਾਰਾਂ ਦੀ ਮੁਹਿੰਮ ਨੂੰ ਹੱਲਾਸ਼ੇਰੀ ਦੇਣ ਲਈ ਵੱਡੇ ਆਗੂ ਮੈਦਾਨ 'ਚ ਨਿੱਤਰਨਗੇ। ਪੰਜਾਬ ਵਿਚ ਚੋਣਾਂ ਲਈ ਸਿਰਫ਼ 10 ਦਿਨ ਬਾਕੀ ਰਹਿ ਗਏ ਹਨ, ਸਾਰੀਆਂ ਸਿਆਸੀ ਪਾਰਟੀਆਂ ਨੇ ਇਸ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ।

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਆਗੂ ਰਾਹੁਲ ਗਾਂਧੀ, 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਾਇਆਵਤੀ ਦੇ ਪ੍ਰੋਗਰਾਮ ਤੈਅ ਕੀਤੇ ਜਾ ਰਹੇ ਹਨ। ਖ਼ਬਰਾਂ ਅਨੁਸਾਰ ਕੇਜਰੀਵਾਲ ਕਰੀਬ ਪੰਜ ਦਿਨ ਪੰਜਾਬ 'ਚ ਰਹਿਣਗੇ। ਇਸ ਲਈ ਪੂਰਾ ਸ਼ਡਿਊਲ ਤਿਆਰ ਕਰ ਲਿਆ ਗਿਆ ਹੈ।

ਭਾਜਪਾ ਆਗੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਅਤੇ 24 ਮਈ ਨੂੰ ਪੰਜਾਬ ਆ ਰਹੇ ਹਨ। ਉਹ ਪੰਜਾਬ ਵਿਚ ਅਪਣੀ ਚੋਣ ਮੁਹਿੰਮ ਪਟਿਆਲਾ ਤੋਂ ਸ਼ੁਰੂ ਕਰਨਗੇ। ਇਸ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪ੍ਰੋਗਰਾਮ ਤੈਅ ਕੀਤੇ ਜਾ ਰਹੇ ਹਨ। ਜਦਕਿ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਲੁਧਿਆਣਾ, ਬਟਾਲਾ ਅਤੇ ਜਲੰਧਰ ਲਈ ਪ੍ਰੋਗਰਾਮ ਤੈਅ ਕੀਤਾ ਜਾ ਰਿਹਾ ਹੈ। ਹਾਲਾਂਕਿ ਹੁਣ ਤਕ ਪਾਰਟੀ ਦਾ ਧਿਆਨ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ 'ਤੇ ਹੈ। ਵੱਡੇ ਲੀਡਰਾਂ ਨੇ ਜਲੰਧਰ, ਪਟਿਆਲਾ ਤੇ ਗੁਰਦਾਸਪੁਰ ਵਿਚ ਡੇਰੇ ਲਾਏ ਹੋਏ ਹਨ।

ਕੇਜਰੀਵਾਲ 25 ਤੋਂ ਬਾਅਦ ਆਉਣਗੇ ਪੰਜਾਬ

ਦਿੱਲੀ ਚੋਣਾਂ ਖਤਮ ਹੁੰਦੇ ਹੀ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਪੰਜਾਬ ਪਹੁੰਚ ਜਾਣਗੇ। ਉਹ 25 ਮਈ ਤੋਂ ਬਾਅਦ ਸੂਬੇ ਵਿਚ ਸਰਗਰਮ ਹੋ ਜਾਣਗੇ। ਇਸ ਤੋਂ ਬਾਅਦ ਉਹ ਚੋਣ ਪ੍ਰਚਾਰ ਲਈ ਸਾਰੀਆਂ ਪ੍ਰਮੁੱਖ ਸੀਟਾਂ 'ਤੇ ਜਾਣਗੇ। ਪਾਰਟੀ ਵਲੋਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਰੋਜ਼ਾਨਾ ਦੋ ਸਰਕਲਾਂ ਵਿਚ ਰੋਡ ਸ਼ੋਅ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਦੇ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਪੇਂਡੂ ਖੇਤਰਾਂ ਵਿਚ ਅਤੇ ਕੇਜਰੀਵਾਲ ਸ਼ਹਿਰੀ ਖੇਤਰਾਂ ਵਿਚ ਚਾਰਜ ਸੰਭਾਲਣਗੇ। ਇਸ ਤੋਂ ਪਹਿਲਾਂ ਕੇਜਰੀਵਾਲ ਰੋਡ ਸ਼ੋਅ ਲਈ ਅੰਮ੍ਰਿਤਸਰ ਪਹੁੰਚੇ ਸਨ।

24 ਮਈ ਨੂੰ ਮਾਇਆਵਤੀ ਆਉਣਗੇ ਪੰਜਾਬ

ਇਸ ਦੇ ਨਾਲ ਹੀ ਬਸਪਾ ਸੁਪਰੀਮੋ ਮਾਇਆਵਤੀ ਵੀ 24 ਮਈ ਨੂੰ ਪੰਜਾਬ ਆ ਰਹੀ ਹੈ। ਇਸ ਦੌਰਾਨ ਉਹ ਹਲਕਾ ਨਵਾਂਸ਼ਹਿਰ ਦੇ ਮਹਾਲੋਂ ਬਾਈਪਾਸ ਨੇੜੇ ਰੈਲੀ ਕਰਨਗੇ। ਫਿਲਹਾਲ ਉਨ੍ਹਾਂ ਦੀ ਰੈਲੀ ਸਵੇਰੇ 11 ਵਜੇ ਤੈਅ ਕੀਤੀ ਗਈ ਹੈ। ਇਸ ਦੇ ਨਾਲ ਹੀ ਮਾਇਆਵਤੀ ਨੇ ਖੁਦ ਮੀਡੀਆ ਨਾਲ ਅਪਣੇ ਪੰਜਾਬ ਦੌਰੇ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵੀ ਕਰਨਗੇ ਰੈਲੀਆਂ

ਪੰਜਾਬ ਵਿਚ ਕਾਂਗਰਸ 23 ਮਈ ਤੋਂ 29 ਮਈ ਦਰਮਿਆਨ ਵੱਡੀਆਂ ਰੈਲੀਆਂ ਦੀ ਯੋਜਨਾ ਬਣਾ ਰਹੀ ਹੈ। ਇਸ ਦੌਰਾਨ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਮੋਰਚਾ ਸੰਭਾਲਣਗੇ। ਪਾਰਟੀ ਚਾਰ ਰੈਲੀਆਂ ਦੀ ਤਿਆਰੀ ਕਰ ਰਹੀ ਹੈ। ਅਜਿਹੇ 'ਚ ਪਟਿਆਲਾ 'ਚ ਰਾਹੁਲ ਅਤੇ ਪ੍ਰਿਯੰਕਾ ਦੀ ਰੈਲੀ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਬਾਦਲ ਇਸ ਮਹੀਨੇ ਦੇ ਆਖਰੀ ਹਫ਼ਤੇ ਵੱਡੀਆਂ ਰੈਲੀਆਂ ਕਰਨਗੇ।