Rahul Gandhi Summoned : ਰਾਹੁਲ ਗਾਂਧੀ ਨੂੰ ਵੱਡਾ ਝਟਕਾ, ਅਮਿਤ ਸ਼ਾਹ ਟਿੱਪਣੀ ਮਾਮਲੇ 'ਚ ਝਾਰਖੰਡ ਦੀ PMLA ਅਦਾਲਤ ਨੇ ਜਾਰੀ ਕੀਤਾ ਸੰਮਨ
ਉਨ੍ਹਾਂ ਨੂੰ 4 ਜੂਨ ਤੋਂ ਬਾਅਦ ਇਸ ਮਾਮਲੇ 'ਚ ਹੋਣ ਵਾਲੀ ਸੁਣਵਾਈ ਦੀ ਤਰੀਕ 'ਤੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ।
Rahul Gandhi Summoned : ਲੋਕ ਸਭਾ ਚੋਣਾਂ 2024 ਦੀਆਂ ਸਰਗਰਮੀਆਂ ਵਿਚਕਾਰ ਰਾਹੁਲ ਗਾਂਧੀ ਨੂੰ ਵੱਡਾ ਝਟਕਾ ਲੱਗਾ ਹੈ। ਝਾਰਖੰਡ ਦੇ ਰਾਂਚੀ ਜ਼ਿਲ੍ਹੇ ਦੀ PMLA ਅਦਾਲਤ ਨੇ ਰਾਹੁਲ ਗਾਂਧੀ ਨੂੰ ਉਸ ਸਮੇਂ ਦੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਖਿਲਾਫ ਕਥਿਤ ਤੌਰ 'ਤੇ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ 'ਚ ਸੰਮਨ ਜਾਰੀ ਕੀਤਾ। ਉਨ੍ਹਾਂ ਨੂੰ 4 ਜੂਨ ਤੋਂ ਬਾਅਦ ਇਸ ਮਾਮਲੇ 'ਚ ਹੋਣ ਵਾਲੀ ਸੁਣਵਾਈ ਦੀ ਤਰੀਕ 'ਤੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ।
ਅਦਾਲਤ ਨੇ ਇਸ ਮਾਮਲੇ ਦਾ ਪਹਿਲਾਂ ਹੀ ਨੋਟਿਸ ਲਿਆ ਸੀ ਪਰ ਰਾਹੁਲ ਗਾਂਧੀ ਨੇ ਇਸ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਇਸ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਹਾਈ ਕੋਰਟ ਨੇ ਫਰਵਰੀ 2024 'ਚ ਸੁਣਵਾਈ ਤੋਂ ਬਾਅਦ ਰਾਹੁਲ ਗਾਂਧੀ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਹੁਣ ਸਾਂਸਦ-ਵਿਧਾਇਕ ਅਦਾਲਤ ਨੇ ਉਨ੍ਹਾਂ ਨੂੰ ਮੁੜ ਸੰਮਨ ਜਾਰੀ ਕੀਤਾ ਹੈ।
ਇਹ ਮਾਮਲਾ ਰਾਹੁਲ ਗਾਂਧੀ ਵੱਲੋਂ ਸਾਲ 2018 'ਚ ਕਾਂਗਰਸ ਦੀ ਕਨਵੈਨਸ਼ਨ 'ਚ ਉਸ ਸਮੇਂ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਖਿਲਾਫ ਟਿੱਪਣੀ ਕਰਨ ਨਾਲ ਜੁੜਿਆ ਹੋਇਆ ਹੈ, ਜਿਸ 'ਚ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਕਾਂਗਰਸ 'ਚ ਕੋਈ ਵੀ ਕਾਤਲ ਰਾਸ਼ਟਰੀ ਪ੍ਰਧਾਨ ਨਹੀਂ ਬਣ ਸਕਦਾ। ਕਾਂਗਰਸੀ ਕਿਸੇ ਕਾਤਲ ਨੂੰ ਕੌਮੀ ਪ੍ਰਧਾਨ ਸਵੀਕਾਰ ਨਹੀਂ ਸਕਦੇ। ਇਹ ਭਾਜਪਾ ਵਿੱਚ ਹੀ ਸੰਭਵ ਹੈ।
ਇਸ ਟਿੱਪਣੀ ਨੂੰ ਅਪਮਾਨਜਨਕ ਦੱਸਦੇ ਹੋਏ ਭਾਜਪਾ ਨੇਤਾ ਨਵੀਨ ਝਾਅ ਦੀ ਤਰਫੋਂ ਰਾਂਚੀ ਸਿਵਲ ਕੋਰਟ 'ਚ ਰਾਹੁਲ ਗਾਂਧੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਤੋਂ ਪਹਿਲਾਂ ਨਵੀਨ ਝਾਅ ਨੇ ਕਾਨੂੰਨੀ ਨੋਟਿਸ ਦੇ ਕੇ ਰਾਹੁਲ ਗਾਂਧੀ ਨੂੰ ਅਮਿਤ ਸ਼ਾਹ ਖਿਲਾਫ ਕੀਤੀ ਗਈ ਟਿੱਪਣੀ ਲਈ ਮੁਆਫੀ ਮੰਗਣ ਲਈ ਕਿਹਾ ਸੀ। ਮੁਆਫੀ ਨਾ ਮੰਗਣ 'ਤੇ ਉਨ੍ਹਾਂ ਨੇ ਰਾਂਚੀ ਸਿਵਲ ਕੋਰਟ 'ਚ ਸ਼ਿਕਾਇਤ ਦਰਜ ਕਰਵਾਈ, ਜਿਸ 'ਤੇ ਅਦਾਲਤ ਨੇ ਨੋਟਿਸ ਲਿਆ।