ਸਿੱਪੀ ਸਿੱਧੂ ਕਤਲ ਕੇਸ : ਸੁਪਰੀਮ ਕੋਰਟ ਦੇ ਬੈਂਚ ਨੇ ਮੁਲਜ਼ਮ ਦੀ ਪਟੀਸ਼ਨ ’ਤੇ ਸੁਣਵਾਈ ਤੋਂ ਖੁਦ ਨੂੰ ਵੱਖ ਕੀਤਾ

ਏਜੰਸੀ

ਖ਼ਬਰਾਂ, ਪੰਜਾਬ

ਮੁਲਜ਼ਮ ਹਾਈ ਕੋਰਟ ਦੇ ਸਾਬਕਾ ਜੱਜ ਦੀ ਧੀ ਹੈ

Sippy Sidhu murder case

ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਦੋ ਜੱਜਾਂ ਦੇ ਬੈਂਚ ਨੇ 2015 ’ਚ ਚੰਡੀਗੜ੍ਹ ’ਚ ਕੌਮੀ ਪੱਧਰ ਦੇ ਨਿਸ਼ਾਨੇਬਾਜ਼ ਸੁਖਮਨਪ੍ਰੀਤ ਸਿੰਘ ਉਰਫ ਸਿੱਪੀ ਸਿੱਧੂ ਦੇ ਕਤਲ ਨਾਲ ਜੁੜੇ ਇਕ ਮਾਮਲੇ ’ਚ ਇਕ ਮੁਲਜ਼ਮ ਵਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਤੋਂ ਮੰਗਲਵਾਰ ਨੂੰ ਖੁਦ ਨੂੰ ਵੱਖ ਕਰ ਲਿਆ। ਮੁਲਜ਼ਮ ਹਾਈ ਕੋਰਟ ਦੇ ਸਾਬਕਾ ਜੱਜ ਦੀ ਧੀ ਹੈ। 

ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਛੁੱਟੀ ਵਾਲੇ ਬੈਂਚ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਸੁਣਵਾਈ ਕਰਨ ਦੇ ਇਛੁੱਕ ਨਹੀਂ ਹਨ ਕਿਉਂਕਿ ਇਸ ’ਚ ਇਕ ਸਾਬਕਾ ਜੱਜ ਦੀ ਧੀ ਸ਼ਾਮਲ ਹੈ। 

ਉਨ੍ਹਾਂ ਕਿਹਾ, ‘‘ਇਸ ਮਾਮਲੇ ਨੂੰ ਉਸ ਬੈਂਚ ਦੇ ਸਾਹਮਣੇ ਸੂਚੀਬੱਧ ਕੀਤਾ ਜਾਵੇ, ਜਿਸ ਦੇ ਅਸੀਂ ਦੋਵੇਂ ਮੈਂਬਰ ਨਹੀਂ ਹਾਂ। ਮਾਮਲੇ ਨੂੰ ਅਗਲੇ ਹਫਤੇ ਕਿਸੇ ਹੋਰ ਛੁੱਟੀ ਵਾਲੇ ਬੈਂਚ ਦੇ ਸਾਹਮਣੇ ਸੂਚੀਬੱਧ ਕੀਤਾ ਜਾਵੇ।’’

ਪਟੀਸ਼ਨਕਰਤਾ ਕਲਿਆਣੀ ਸਿੰਘ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਸਿਧਾਰਥ ਦਵੇ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 25 ਅਪ੍ਰੈਲ ਦੇ ਹੁਕਮ ਨੂੰ ਸੁਪਰੀਮ ਕੋਰਟ ’ਚ ਚੁਨੌਤੀ ਦਿਤੀ ਹੈ। ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਵਲੋਂ ਦਰਜ ਕੀਤੇ ਗਵਾਹਾਂ ਦੇ ਬਿਆਨ ਦੇਣ ਦੀ ਉਸ ਦੀ ਪਟੀਸ਼ਨ ਖਾਰਜ ਕਰ ਦਿਤੀ ਸੀ। 

ਉਨ੍ਹਾਂ ਕਿਹਾ ਕਿ ਸ਼ੁਰੂਆਤ ’ਚ ਇਸ ਮਾਮਲੇ ਦੀ ਜਾਂਚ ਪਹਿਲਾਂ ਚੰਡੀਗੜ੍ਹ ਪੁਲਿਸ ਨੇ ਕੀਤੀ ਸੀ ਪਰ ਬਾਅਦ ’ਚ ਇਸ ਨੂੰ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ ਸੌਂਪ ਦਿਤਾ ਗਿਆ। ਸੀ.ਬੀ.ਆਈ. ਨੇ ਇਸ ਮਾਮਲੇ ’ਚ ਚਾਰਜਸ਼ੀਟ ਦਾਇਰ ਕੀਤੀ ਸੀ ਅਤੇ ਹੁਣ ਦੋਸ਼ ਤੈਅ ਕੀਤੇ ਹਨ। 

ਉਨ੍ਹਾਂ ਕਿਹਾ, ‘‘ਅਸੀਂ ਗਵਾਹਾਂ ਦੇ ਬਿਆਨ ਚਾਹੁੰਦੇ ਹਾਂ, ਜੋ ਸ਼ੁਰੂ ਵਿਚ ਚੰਡੀਗੜ੍ਹ ਪੁਲਿਸ ਨੇ ਦਰਜ ਕੀਤੇ ਸਨ ਤਾਂ ਜੋ ਅਸੀਂ ਮੁਕੱਦਮੇ ਦੌਰਾਨ ਉਨ੍ਹਾਂ ਤੋਂ ਪੁੱਛ-ਪੜਤਾਲ ਕਰ ਸਕੀਏ।’’ 

ਸੀ.ਬੀ.ਆਈ. ਨੇ ਕਲਿਆਣੀ ਸਿੰਘ ਨੂੰ 15 ਜੂਨ, 2022 ਨੂੰ ‘ਦਸਤਾਵੇਜ਼ੀ ਸਮੱਗਰੀ’ ਬਰਾਮਦ ਕਰਨ ਦਾ ਦਾਅਵਾ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ। ਸੀ.ਬੀ.ਆਈ. ਨੇ ਦਾਅਵਾ ਕੀਤਾ ਕਿ ਦਸਤਾਵੇਜ਼ੀ ਸਮੱਗਰੀ ਤੋਂ ਪਤਾ ਲਗਦਾ ਹੈ ਕਿ ਕਲਿਆਣੀ ਸਿੰਘ ਦੇ ਸਿੱਧੂ ਨਾਲ ਸਬੰਧ ਵਿਗੜ ਗਏ ਸਨ। 

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਦੇ ਪੋਤੇ ਅਤੇ ਇਕ ਮਸ਼ਹੂਰ ਵਕੀਲ ਦੇ ਬੇਟੇ ਸਿੱਧੂ ਦਾ 20 ਸਤੰਬਰ, 2015 ਨੂੰ ਗੋਲੀ ਮਾਰ ਕੇ ਕਤਲ ਕਰ ਦਿਤੀ ਗਈ ਸੀ ਅਤੇ ਅਗਲੀ ਸਵੇਰ ਚੰਡੀਗੜ੍ਹ ਦੇ ਸੈਕਟਰ 27 ਵਿਚ ਉਸ ਦੀ ਗੋਲੀਆਂ ਨਾਲ ਲਥਪਥ ਲਾਸ਼ ਮਿਲੀ ਸੀ।