ਮੇਮ ਨੇ ਮਲਵਈ ਨਾਲ ਮਾਰੀ 60 ਲੱਖ ਦੀ ਠੱਗੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਸ਼ਹਿਰ ਦੇ ਇਕ ਵਿਅਕਤੀ ਨੂੰ ਫ਼ੇਸਬੁਕ ਉਪਰ ਇਕ ਅੰਗਰੇਜ਼ ਔਰਤ ਉਪਰ ਅੰਨ੍ਹਾ ਵਿਸ਼ਵਾਸ ਕਰਨਾ 60 ਲੱਖ ਵਿਚ ਪਿਆ। ਇਸ ਔਰਤ ਨੇ ਵਿਅਕਤੀ ਨੂੰ ...

Foreigner Looted 6 million from Malwai

ਬਠਿੰਡਾ : ਸਥਾਨਕ ਸ਼ਹਿਰ ਦੇ ਇਕ ਵਿਅਕਤੀ ਨੂੰ ਫ਼ੇਸਬੁਕ ਉਪਰ ਇਕ ਅੰਗਰੇਜ਼ ਔਰਤ ਉਪਰ ਅੰਨ੍ਹਾ ਵਿਸ਼ਵਾਸ ਕਰਨਾ 60 ਲੱਖ ਵਿਚ ਪਿਆ। ਇਸ ਔਰਤ ਨੇ ਵਿਅਕਤੀ ਨੂੰ ਅਪਣੀਆਂ ਗੱਲਾਂ ਦੇ ਝਾਂਸੇ ਵਿਚ ਲੈ ਕੇ ਕੈਂਸਰ ਵਿਚ ਵਰਤੇ ਜਾਣ ਵਾਲੇ ਇਕ ਪਦਾਰਥ ਦੀ ਸਪਲਾਈ ਕਰਨ ਦੇ ਚੱਕਰ ਵਿਚ ਇਹ ਚੂਨਾ ਲਗਾ ਦਿਤਾ।

 ਬਠਿੰਡਾ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਰਾਹੀਂ ਸ਼ਹਿਰ ਦੇ ਵਿਵੇਕ ਕੁਮਾਰ ਨੇ ਇੰਗਲੈਂਡ ਵਾਸੀ ਗੋਰੀ ਸਹਿਤ ਸਿੱਕਮ, ਮੁੰਬਈ ਅਤੇ ਲਖਨਊ ਦੇ ਅੱਧੀ ਦਰਜਨ ਵਿਅਕਤੀਆਂ ਵਿਰੁਧ ਠੱਗੀ ਮਾਰਨ ਦੇ ਦੋਸ਼ਾਂ ਹੇਠ ਕੇਸ ਦਰਜ ਕਰਵਾਇਆ ਹੈ। ਪੁਲਿਸ ਸੂਤਰਾਂ ਮੁਤਾਬਕ ਵਿਵੇਕ ਨੇ ਕੁੱਝ ਸਮਾਂ ਪਹਿਲਾਂ ਦਵਾਈ ਦੇ ਉਤਪਾਦ ਤਿਆਰ ਕਰਨ ਵਾਲੀ ਇਕ ਫ਼ਰਮ ਬਣਾਈ ਸੀ।

ਇਸ ਦੌਰਾਨ ਹੀ ਫ਼ੇਸਬੁਕ ਰਾਹੀਂ ਇੰਗਲੈਂਡ ਦੀ ਵਿਵਆਨਾ ਨਾਲ ਦੋਸਤੀ ਪੈ ਗਈ। ਵਿਵਆਨਾ ਨੇ ਖ਼ੁਦ ਨੂੰ ਲੰਡਨ ਆਧਾਰਤ ਬੈਟਰ ਲਾਈਫ਼ ਫ਼ਾਰਮਾਸਿਊਟੀਕਲ ਕੰਪਨੀ ਦੀ ਸਕੱਤਰ ਦਸਦੇ ਹੋਏ ਦਾਅਵਾ ਕੀਤਾ ਕਿ ਉਨ੍ਹਾਂ ਦੀ ਫ਼ਰਮ ਕੈਂਸਰ ਦੀ ਰੋਕਥਾਮ ਲਈ ਦਵਾਈਆਂ ਤਿਆਰ ਕਰਦੀ ਹੈ ਤੇ ਇਸ ਲਈ ਤਰਲ ਤੇ ਜੜੀ-ਬੂਟੀਆਂ ਦਖਣੀ ਅਫ਼ਰੀਕਾ ਅਤੇ ਭਾਰਤ ਤੋਂ ਮੰਗਵਾਈਆਂ ਜਾਂਦੀਆਂ ਹਨ। 

ਉਕਤ ਗੋਰੀ ਨੇ ਵਿਵੇਕ ਨੂੰ ਭਾਰਤ ਤੋਂ ਮੰਗਵਾਏ ਜਾਣ ਵਾਲੇ ਤਰਲ ਪਦਾਰਥ ਬਾਰੇ ਵੀ ਦਸਿਆ ਜਿਹੜਾ ਸਿੱਕਮ ਤੋਂ ਮਿਲਦਾ ਹੈ। ਉਸ ਨੇ ਵਿਵੇਕ ਨੂੰ ਜਾਲ ਵਿਚ ਫਸਾਉਂਦਿਆਂ ਦਾਅਵਾ ਕੀਤਾ ਕਿ ਉਹ ਸਿੱਕਮ ਤੋਂ ਇਹ ਪਦਾਰਥ ਲੈ ਕੇ ਅੱਗੇ ਉਸ ਨੂੰ ਸਪਲਾਈ ਕਰ ਕੇ ਮੋਟਾ ਮੁਨਾਫ਼ਾ ਕਮਾ ਸਕਦਾ ਹੈ। ਇਹੀ ਨਹੀਂ ਉਸ ਨੇ ਇਹ ਪਦਾਰਥ ਤਿਆਰ ਕਰਨ ਵਾਲੀ ਫ਼ਰਮ ਦਾ ਨਾਮ ਦਸਦੇ ਹੋਏ ਸਿੱਕਮ ਦੀ ਡਾ. ਸੰਗੀਤਾ ਸ਼ਰਮਾ ਦਾ ਨੰਬਰ ਵੀ ਮੁਹਈਆ ਕਰਵਾ ਦਿਤਾ। ਇਸ ਨਾਲ ਹੀ ਉਸ ਨੇ ਵਿਵੇਕ ਨੂੰ ਭਰੋਸਾ ਦਿਵਾਇਆ ਕਿ ਉਹ ਅਪਣੀ ਫ਼ਰਮ ਦੇ ਦਸਤਾਵੇਜ਼ ਭੇਜੇ ਤਾਕਿ ਉਹ ਉਸ ਦੀ ਫ਼ਰਮ ਨੂੰ ਅਪਣੀ ਫ਼ਰਮ ਨਾਲ ਸਮਝੌਤਾ ਕਰਵਾ ਸਕੇ। 

ਸਾਰੀ ਕਾਰਵਾਈ ਮੁਕੰਮਲ ਹੋ ਜਾਣ ਤੋਂ ਬਾਅਦ ਵਿਵੇਕ ਨੇ ਸੰਗੀਤਾ ਸ਼ਰਮਾ ਤੋਂ 'ਬਾਰੋਸਮਾ' ਨਾਂ ਦਾ ਉਕਤ ਪਦਾਰਥ ਲੈਣ ਲਈ ਸੰਪਰਕ ਕੀਤਾ ਜਿਸ ਦੀ ਕੀਮਤ ਉਸ ਨੂੰ ਚਾਰ ਲੱਖ ਰੁਪਏ ਪ੍ਰਤੀ ਲੀਟਰ ਦੱਸੀ ਗਈ। ਸੈਂਪਲ ਵਜੋਂ ਵਿਵੇਕ ਨੇ ਢਾਈ ਸੌ ਗ੍ਰਾਮ ਇਹ ਪਦਾਰਥ ਮੰਗਵਾਇਆ। ਇਸ ਦੌਰਾਨ ਲੰਡਨ ਦੀ ਉਕਤ ਕੰਪਨੀ ਦੇ ਇਕ ਹੋਰ ਟੋਨੀ ਨਾਂ ਦੇ ਵਿਅਕਤੀ ਨੇ ਉਸ ਨਾਲ ਸੰਪਰਕ ਕੀਤਾ ਤੇ ਮੁੰਬਈ ਵਿਚ ਇਕ ਲੈਬ ਦੱਸੀ, ਜਿਥੇ ਇਸ ਪਦਾਰਥ ਦੀ ਸ਼ੁਧਤਾ ਟੈਸਟ ਕਰਵਾਉਣ ਲਈ ਕਿਹਾ। 

ਟੈਸਟ ਪਾਸ ਹੋਣ ਤੋਂ ਬਾਅਦ ਲੰਡਨ ਦੀ ਕੰਪਨੀ ਨੇ ਵਿਵੇਕ ਨੂੰ 300 ਲੀਟਰ ਇਹ ਪਦਾਰਥ ਭੇਜਣ ਲਈ ਕਿਹਾ ਜਿਸ ਦੇ ਚਲਦੇ ਉਸ ਨੇ ਅੱਗੇ ਸੰਗੀਤਾ ਸ਼ਰਮਾ ਨੂੰ ਇਹ ਆਰਡਰ ਦੇ ਦਿਤਾ। ਸੰਗੀਤਾ ਸ਼ਰਮਾ ਤੇ ਹੋਰਨਾਂ ਨੇ ਮਿਲ ਕੇ ਐਡਵਾਂਸ 'ਚ ਉਸ ਕੋਲੋਂ ਤਿੰਨ ਕਿਸ਼ਤਾਂ ਰਾਹੀਂ ਇਕ ਮਹੀਨੇ ਵਿਚ 60 ਲੱਖ ਲੈ ਲਿਆ ਪ੍ਰੰਤੂ ਬਾਅਦ ਵਿਚ ਇਹ ਪਦਾਰਥ ਸਪਲਾਈ ਕਰਨ ਤੋਂ ਆਨਾਕਾਨੀ ਕਰਨ ਲੱਗੇ ਜਿਸ ਤੋਂ ਬਾਅਦ ਵਿਵੇਕ ਨੂੰ ਅਪਣੇ ਨਾਲ ਹੋਈ ਠੱਗੀ ਬਾਰੇ ਪਤਾ ਲੱਗਾ।

ਪੁਲਿਸ ਅਧਿਕਾਰੀਆਂ ਮੁਤਾਬਕ ਸ਼ਿਕਾਇਤ ਆਉਣ ਤੋਂ ਬਾਅਦ ਪੜਤਾਲ ਕੀਤੀ ਗਈ ਤੇ ਪੜਤਾਲ ਦੌਰਾਨ ਪਾਇਆ ਗਿਆ ਕਿ ਸਿੱਕਮ ਤੋਂ ਸੰਗੀਤਾ ਸ਼ਰਮਾ, ਮੁੰਬਈ ਤੋਂ ਅਨਿਲ ਸ਼ਰਮਾ ਤੇ ਮਿਸ ਅਲੀਜ਼ਾ ਬੇਗ, ਲੰਡਨ ਵਾਸੀ ਵਿਵਆਨਾ, ਟੋਨੀ ਵਾਸੀ ਲੁਧਿਆਣਾ, ਵਿਜੇ ਅਗਰਵਾਲ ਵਾਸੀ ਲਖਨਊ ਨੇ ਮਿਲ ਕੇ ਉਸ ਨਾਲ ਠੱਗੀ ਮਾਰੀ ਹੈ ਜਿਸ ਦੇ ਚਲਦਿਆਂ ਇਨ੍ਹਾਂ ਵਿਰੁਧ ਕੇਸ ਦਰਜ ਕਰ ਲਿਆ ਹੈ।