ਮਲੂਕਾ ਵਿਖੇ ਅਕਾਲੀ ਦਲ ਦੀ ਹਲਕਾ ਪਧਰੀ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਹਲਕਾ ਰਾਮਪੁਰਾ ਫੂਲ ਦੀ ਜਰੂਰੀ ਮੀਟਿੰਗ ਸ਼੍ਰੋਮਣੀ ਕਿਸਾਨ ਵਿੰਗ ਦੇ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ......

Sikander Singh Maluka During Meeting

ਭਾਈ ਰੂਪਾ : ਸ਼੍ਰੋਮਣੀ ਅਕਾਲੀ ਦਲ ਹਲਕਾ ਰਾਮਪੁਰਾ ਫੂਲ ਦੀ ਜਰੂਰੀ ਮੀਟਿੰਗ ਸ਼੍ਰੋਮਣੀ ਕਿਸਾਨ ਵਿੰਗ ਦੇ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਪ੍ਰਧਾਨਗੀ ਹੇਠ ਪਿੰਡ ਮਲੂਕਾ ਵਿਖੇ ਹੋਈ। ਮੀਟਿੰਗ ਦੌਰਾਨ ਆਗੂਆਂ ਨੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਖਿਲਾਫ ਭੜਾਸ ਕੱਢਦਿਆਂ ਦੋਸ਼ ਲਾਇਆ ਕਿ ਉਨ੍ਹਾਂ ਦੀ ਸ਼ਹਿ 'ਤੇ ਹਲਕਾ ਰਾਮਪੁਰਾ ਫੂਲ ਵਿੱਚ ਅਕਾਲੀ ਆਗੂਆਂ 'ਤੇ ਵਰਕਰਾਂ ਖਿਲਾਫ ਆਏ ਦਿਨ ਝੂਠੇ ਪਰਚੇ ਦਰਜ ਹੋ ਰਹੇ ਹਨ। ਉਨ੍ਹਾਂ ਮਲੂਕਾ ਤੋਂ ਮੰਗ ਕੀਤੀ ਕਿ ਸਰਕਾਰੀ ਸ਼ਹਿ 'ਤੇ ਹੋ ਰਹੀ ਧੱਕੇਸ਼ਾਹੀ ਨੂੰ ਨੱਥ ਪਾਉਣ ਲਈ ਤਿੱਖੇ ਸੰਘਰਸ਼ ਦੀ ਸ਼ੁਰੂਆਤ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੇ ਦਫਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਜਾਵੇ ਅਤੇ ਲੋੜ ਪੈਣ 'ਤੇ ਘਿਰਾਓ ਕਰਨ ਤੋਂ ਵੀ ਗੁਰੇਜ ਨਾ ਕੀਤਾ ਜਾਵੇ। ਇਸ ਮੌਕੇ ਮਲੂਕਾ ਨੇ ਐਲਾਨ ਕੀਤਾ ਕਿ ਉਹ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਗੱਲ ਕਰਕੇ ਜਲਦੀ ਹੀ ਬਠਿੰਡਾ ਵਿਖੇ ਅਣਮਿੱਥੇ ਸਮੇਂ ਲਈ ਦਿਨ-ਰਾਤ ਦਾ ਪੱਕਾ ਧਰਨਾ ਸ਼ੁਰੂ ਕਰਨਗੇ। ਉਨ੍ਹਾਂ ਦੱਸਿਆ ਕਿ ਝੂਠੇ ਪਰਚਿਆਂ ਸਬੰਧੀ ਉਨ੍ਹਾਂ ਨੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਹੈ ਪਰ ਹਾਲੇ ਤੱਕ ਕੋਈ ਵੀ ਪਰਚਾ ਰੱਦ ਨਹੀਂ ਹੋਇਆ।

ਮਲੂਕਾ ਨੇ ਕਿਹਾ ਕਿ ਉਹ ਆਪਣੇ ਵਰਕਰਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ ਅਤੇ ਤਿੱਖਾ ਸੰਘਰਸ ਸ਼ੁਰੂ ਕਰਕੇ ਸਰਕਾਰ ਤੇ ਪ੍ਰਸ਼ਾਸਨ ਦੇ ਨੱਕ ਵਿੱਚ ਦਮ ਕਰ ਦੇਣਗੇ।। ਇਸ ਮੌਕੇ ਜਗਮੋਹਨ ਭਗਤਾ, ਗੁਰਮੀਤ ਸਿੰਘ ਸਲਾਬਤਪੁਰਾ, ਗਗਨਦੀਪ ਗਰੇਵਾਲ, ਮਨਜੀਤ ਸਿੰਘ ਧੁੰਨਾ, ਹਰਿੰਦਰ ਹਿੰਦਾ ਮਹਿਰਾਜ, ਹਰਜੀਤ ਸਿੰਘ ਮਲੂਕਾ, ਰਾਕੇਸ਼ ਗੋਇਲ ਭਗਤਾ, ਰਾਮ ਸਿੰਘ ਬਾਦਲ, ਲਖਵੀਰ ਸਿੰਘ ਮੌੜ, ਜਿਊਣ ਸਿੰਘ ਸੇਲਬਰਾਹ, ਕਰਮਜੀਤ ਕਾਂਗੜ, ਭੁਪਿੰਦਰ ਗੁਰੂਸਰ, ਬਲੌਰ ਸਿੰਘ ਬਾਠ, ਹਰਵਿੰਦਰ ਸਿੰਘ ਡੀਸੀ, ਜਸਵੰਤ ਭਾਈਰੂਪਾ, ਨਿਰਮਲ ਮਲੂਕਾ ਆਦਿ ਹਾਜਰ ਸਨ।।