ਤੇਲ ਕੀਮਤਾਂ 'ਚ ਵਾਧਾ ਲੋਕਾਂ 'ਤੇ ਆਰਥਕ ਹਮਲਾ: ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਮੋਦੀ ਸਰਕਾਰ ਧਨਾਢਾਂ ਦੀਆਂ ਜੇਬਾਂ ਭਰਨ 'ਚ ਲੱਗੀ

Sadhu Singh Dharamsot

ਖੰਨਾ, 20 ਜੂਨ (ਏ.ਐਸ. ਖੰਨਾ) : ਦੇਸ਼ ਅੰਦਰ ਪਟਰੌਲ-ਡੀਜ਼ਲ ਦੀਆਂ ਕੀਮਤਾਂ 'ਚ ਅੱਜ ਲਗਾਤਾਰ 14ਵੇਂ ਦਿਨ ਕੀਤੇ ਗਏ ਵਾਧੇ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਸਿੱਧਾ ਕੇਂਦਰ ਦੀ ਭਾਜਪਾ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਟਰੌਲ-ਡੀਜ਼ਲ ਦੀਆਂ ਕੀਮਤਾਂ ਵਧਾ ਕੇ ਮੋਦੀ ਸਰਕਾਰ ਅਮੀਰ ਤੇ ਧਨਾਢ ਲੋਕਾਂ ਦੀਆਂ ਜੇਬਾਂ ਭਰਨ 'ਚ ਲੱਗੀ ਹੋਈ ਹੈ। ਉਸ ਨੂੰ ਦੇਸ਼ ਦੀ ਆਮ ਤੇ ਗ਼ਰੀਬ ਜਨਤਾ ਦੀ ਉੱਕਾ ਪ੍ਰਵਾਹ ਨਹੀਂ ਹੈ। ਇਸੇ ਕਰ ਕੇ ਪਿਛਲੇ 14 ਦਿਨ 'ਚ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ 'ਚ 7 ਰੁਪਏ ਪ੍ਰਤੀ ਲੀਟਰ ਦਾ ਵੱਡਾ ਇਜ਼ਾਫ਼ਾ ਕੀਤਾ ਗਿਆ ਹੈ।

ਜੋ ਕਰੋਨਾ ਆਫ਼ਤ ਕਾਰਨ ਆਰਥਕ ਮੰਦੀ ਦਾ ਸ਼ਿਕਾਰ ਹੋਏ ਦੇਸ਼ ਦੇ ਡੇਢ ਅਰਬ ਲੋਕਾਂ 'ਤੇ ਵੱਡਾ ਆਰਥਕ ਹਮਲਾ ਆਖਿਆ ਜਾ ਸਕਦਾ ਹੈ, ਜੋ ਬੇਲੋੜਾ ਤੇ ਨਾ ਸਹਿਣਯੋਗ ਹੈ। ਜੰਗਲਾਤ ਮੰਤਰੀ ਸਰਦਾਰ ਧਰਮਸੋਤ ਨੇ ਦਾਆਵਾ ਕੀਤਾ ਕਿ ਇਨ੍ਹਾਂ ਤੇਲ ਕੀਮਤਾਂ 'ਚ ਵਾਧੇ ਦੇ ਸਿੱਟੇ ਵਜੋਂ ਟਰਾਂਸਪੋਰਟ 'ਤੇ ਸਿੱਧਾ ਅਸਰ ਪਵੇਗਾ ਤੇ ਭਾੜਾ ਮਹਿੰਗਾ ਹੋ ਜਾਵੇਗਾ। ਜਿਸ ਨਾਲ ਢੋਆ ਢੁਆਈ 'ਤੇ ਆਉਣ ਵਾਲੇ ਖਰਚੇ 'ਚ ਵਾਧਾ ਹੋਣਾ ਸੁਭਾਵਿਕ ਹੈ। ਵਧੇ ਖਰਚੇ ਦਾ ਅਸਰ ਸਬਜ਼ੀਆਂ, ਫਲਾਂ, ਦਾਲਾਂ ਤੇ ਹੋਰ ਵਸਤੂਆਂ 'ਤੇ ਵੀ ਜ਼ਰੂਰ ਪਵੇਗਾ ਜਿਸ ਨਾਲ ਵਸਤੂਆਂ ਹੋਰ ਮਹਿੰਗੀਆਂ ਹੋ ਜਾਣਗੀਆਂ। ਇਸ ਵਾਸਤੇ ਮੋਦੀ ਸਰਕਾਰ ਨੂੰ ਤੇਲ ਕੀਮਤਾਂ 'ਚ ਕੀਤੇ ਗਏ ਵਾਧੇ ਨੂੰ ਬਿਨਾ ਦੇਰੀ ਵਾਪਸ ਲੈਣਾ ਚਾਹੀਦਾ ਹੈ