ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਘੱਟ ਹੋਣ ਦੇ ਬਾਵਜੂਦ ਕੀਮਤ ਵਾਧੇ ਦਾ ਕਾਰਨ ਦੱਸੇ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਟਰੌਲ ਅਤੇ ਡੀਜ਼ਲ ਦੀ ਕੀਮਤ ਵਧਾ ਕੇ ਲੋਕਾਂ ਦਾ ਲੱਕ ਤੋੜ ਰਹੀ ਹੈ ਕੇਂਦਰ ਸਰਕਾਰ : ਕੁਲਜੀਤ ਬੇਦੀ

ਪਟਰੌਲ ਅਤੇ ਡੀਜ਼ਲ ਦੀ ਕੀਮਤ ਵਧਾ ਕੇ ਲੋਕਾਂ ਦਾ ਲੱਕ ਤੋੜ ਰਹੀ ਹੈ ਕੇਂਦਰ ਸਰਕਾਰ : ਕੁਲਜੀਤ ਬੇਦੀ

ਐਸ.ਏ.ਐਸ ਨਗਰ, 20 ਜੂਨ (ਸੁਖਦੀਪ ਸਿੰਘ ਸੋਈ): ਨਗਰ ਨਿਗਮ ਦੇ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਕੇਂਦਰ ਸਰਕਾਰ ਵਲੋਂ ਪਿਛਲੇ ਦੋ ਹਫ਼ਤਿਆਂ ਤੋਂ ਰੋਜ਼ਾਨਾ ਤੇਲ ਦੀਆਂ ਕੀਮਤਾਂ ਵਿਚ ਕੀਤੇ ਜਾ ਰਹੇ ਵਾਧੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਅਜਿਹਾ ਕਰ ਕੇ ਮੋਦੀ ਸਰਕਾਰ ਆਮ ਲੋਕਾਂ ਦਾ ਕਚੂਮਰ ਕੱਢਣ ਤੇ ਆ ਗਈ ਹੈ।

ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੂਡ ਤੇਲ ਦੀਆਂ ਕੀਮਤਾਂ ਲਗਾਤਾਰ ਘੱਟ ਰਹੀਆਂ ਹਨ, ਉਥੇ ਦੂਜੇ ਪਾਸੇ ਭਾਰਤ ਵਿੱਚ ਪ੍ਰਾਈਵੇਟ ਤੇਲ ਕੰਪਨੀਆਂ ਰੋਜ਼ਾਨਾ ਹੀ 50 ਤੋਂ 60 ਪੈਸੇ ਪ੍ਰਤੀ ਲੀਟਰ ਪੈਟਰੋਲ ਅਤੇ ਡੀਜ਼ਲ ਦੇ ਭਾਅ ਵਿੱਚ ਵਾਧਾ ਕਰ ਰਹੀਆਂ ਹਨ, ਜਿਸ ਨਾਲ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਵੀ ਮਹਿੰਗੀਆਂ ਹੋ ਰਹੀਆਂ ਹਨ ਕਿਉਂਕਿ ਇਨ੍ਹਾਂ ਵਸਤੂਆਂ  ਦੀ ਟਰਾਂਸਪੋਰਟੇਸ਼ਨ ਦੀ ਲਾਗਤ ਵੀ ਵੱਧ ਰਹੀ ਹੈ।

ਬੇਦੀ ਨੇ ਕਿਹਾ ਕਿ ਇਸ ਤਰੀਕੇ ਨਾਲ ਪੈਟਰੋਲ ਅਤੇ ਡੀਜਲ ਦੀ ਕੀਮਤ ਵਿੱਚ ਕੀਤੇ ਜਾਂਦੇ ਰੋਜਾਨਾਂ ਵਾਧੇ ਕਾਰਨ ਵੱਡੇ ਟਰਾਂਸਪੋਰਟਰਾਂ ਤੋਂ ਲੈ ਕੇ ਟੈਕਸੀ ਅਤੇ ਆਟੋ ਚਾਲਕ ਤੱਕ ਸਭ ਪ੍ਰੇਸ਼ਾਨ ਹਨ। ਉਹਨਾਂ ਕਿਹਾ ਕਿ ਪੈਟਰੋਲੀਅਮ ਵਸਤੂਆਂ ਦੀ ਕੀਮਤ ਵਿੱਚ ਤੇਜ਼ੀ ਦੇ ਕਾਰਨ ਘਰੇਲੂ ਗੈਸ ਵੀ ਮਹਿੰਗੀ ਹੁੰਦੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਵਿੱਚ ਡਾ. ਮਨਮੋਹਨ ਸਿੰਘ ਦੀ ਸਰਕਾਰ ਸੀ ਤਾਂ ਕਰੂਡ ਆਇਲ ਦੀ ਕੀਮਤ 130  ਡਾਲਰ ਪ੍ਰਤੀ ਬੈਰਲ ਹੋਣ ਦੇ ਬਾਵਜੂਦ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਸੀ ਹੋਣ ਦਿੱਤਾ ਗਿਆ ਪਰ ਹੁਣ ਜਦੋਂ ਕਿ ਕਰੂਡ ਆਇਲ ਦੀ ਕੀਮਤ ਪ੍ਰਤੀ ਬੈਰਲ 35 ਡਾਲਰ ਦੇ ਲਗਭਗ ਰਹਿ ਗਈ ਹੈ ਤਾਂ ਵੀ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਡਾ. ਮਨਮੋਹਨ ਸਿੰਘ ਦੀ ਸਰਕਾਰ ਵੇਲੇ ਤੋਂ ਵੀ ਕਿਤੇ ਵੱਧ ਗਈਆਂ ਹਨ।

ਉਨ੍ਹਾਂ ਕਿਹਾ ਕਿ ਕੋਰੋਨਾ  ਮਹਾਂਮਾਰੀ ਦੇ ਇਸ ਯੁੱਗ ਵਿੱਚ ਆਮ ਆਦਮੀ ਲਈ ਗੁਜਾਰਾ ਕਰਨਾ ਵੀ ਔਖਾ ਹੋ ਚੁੱਕਿਆ ਹੈ ਅਤੇ ਲੋਕਾਂ ਲਈ ਘਰੇਲੂ ਖਰਚਿਆਂ ਦਾ ਭਾਰ ਚੁੱਕਣਾ ਔਖਾ ਹੋ ਗਿਆ ਹੈ ਪਰੰਤੂ ਮੋਦੀ ਸਰਕਾਰ ਲੋਕਾਂ ਨੂੰ ਰਾਹਤ ਦੇਣ ਦੀ ਥਾਂ ਉਨ੍ਹਾਂ ਦਾ ਕਚੂੰਮਰ ਕੱਢ ਰਹੀ ਹੈ। ਉਨ੍ਹਾਂ ਕਿਹਾ ਕਿ ਗਰੀਬ ਵਰਗ ਦੀ ਹਾਲਤ ਤਾਂ ਪਹਿਲਾਂ ਹੀ ਬਹੁਤ ਮਾੜੀ ਹੈ ਪਰ ਹੁਣ ਮੱਧ ਵਰਗੀ ਪਰਿਵਾਰ ਦੀ ਥਾਲੀ ਵਿੱਚੋਂ ਵੀ ਸਬਜ਼ੀ ਰੋਟੀ ਗਾਇਬ ਹੁੰਦੀ ਜਾ ਰਹੀ ਹੈ ਕਿਉਂਕਿ ਪੈਟਰੋਲੀਅਮ ਵਸਤਾਂ ਦੀ ਕੀਮਤਾਂ ਵਿੱਚ ਵਾਧੇ ਨਾਲ ਰੋਜ਼ਮਰਾਂ ਦੀਆਂ ਵਸਤਾਂ ਦੀਆਂ ਕੀਮਤਾਂ ਵੀ ਅਸਮਾਨ ਛੂਹ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਆਤਮ ਨਿਰਭਰ ਦਾ ਨਾਅਰਾ ਦੇਣ ਵਾਲੀ ਕੇਂਦਰ ਦੀ ਮੋਦੀ ਸਰਕਾਰ ਪੈਟਰੋਲੀਅਮ ਵਸਤਾਂ ਦੇ ਰੇਟਾਂ ਵਿੱਚ ਵਾਧੇ ਨੂੰ ਨਾ ਰੋਕ ਕੇ ਇਸ ਨਾਅਰੇ ਦੇ ਨਾਂ ਤੇ ਸਿਰਫ ਫੋਕੀ ਡਰਾਮੇਬਾਜ਼ੀ ਹੀ ਕਰ ਰਹੀ ਹੈ ਕਿਉਂਕਿ ਪੈਟਰੋਲੀਅਮ ਵਸਤਾਂ ਦੇ ਰੇਟ ਵਧਣ ਨਾਲ ਹਰ ਪਾਸੇ ਰੇਟ ਵੱਧ ਰਹੇ ਹਨ ਅਤੇ ਆਤਮ ਨਿਰਭਰਤਾ ਦਾ ਦਾਅਵਾ ਫੋਕਾ ਰਹਿ ਜਾਂਦਾ ਹੈ।

ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਪਾਸੇ ਫੌਰੀ ਤੌਰ ਤੇ ਧਿਆਨ ਦੇਵੇ ਅਤੇ ਪੈਟਰੋਲੀਅਮ ਕੰਪਨੀਆਂ ਦੇ ਉੱਪਰ ਰੋਕ ਲਗਾਵੇ ਜੋ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ  ਤੇਲ ਦੀ ਕੀਮਤ ਘੱਟਣ ਦੇ ਬਾਵਜੂਦ ਰੋਜ਼ਾਨਾ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਵਧਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੀ ਭਲਾਈ ਲਈ ਚੁਣੀ ਜਾਂਦੀ ਹੈ ਨਾ ਕਿ ਲੋਕਾਂ ਦੀ ਲੁੱਟ ਲਈ ਅਤੇ ਕੇਂਦਰ ਸਰਕਾਰ ਨੂੰ ਇਸ ਪਾਸੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ