ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਪੰਜਾਬੀ ਇਕਾਈ ਨੇ 24 ਨੂੰ ਸੱਦੀ ਹੰਗਾਮੀ ਮੀਟਿੰਗ
ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਪੰਜਾਬ ਇਕਾਈ ਨੇ ਕਿਸਾਨੀ ਮੁੱਦਿਆਂ 'ਤੇ ਸੰਘਰਸ਼ਾਂ ਦੀ ਰੂਪ-ਰੇਖਾ
ਚੰਡੀਗੜ੍ਹ, 20 ਜੂਨ (ਨੀਲ ਭਲਿੰਦਰ) : ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਪੰਜਾਬ ਇਕਾਈ ਨੇ ਕਿਸਾਨੀ ਮੁੱਦਿਆਂ 'ਤੇ ਸੰਘਰਸ਼ਾਂ ਦੀ ਰੂਪ-ਰੇਖਾ ਉਲੀਕਣ ਲਈ 24 ਜੂਨ ਨੂੰ ਹੰਗਾਮੀ-ਮੀਟਿੰਗ ਸੱਦ ਲਈ ਹੈ। ਜ਼ਿਕਰਯੋਗ ਹੈ ਕਿ ਦੇਸ਼ ਪੱਧਰ 'ਤੇ ਬਣੀ ਇਸ ਸਾਂਝੀ ਕਮੇਟੀ 'ਚ ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਸ਼ਾਮਲ ਹਨ।
ਭਾਰਤੀ ਕਿਸਾਨ ਯੂਨੀਅਨ-ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਪ੍ਰੈੱਸ ਨੋਟ ਰਾਹੀਂ ਕਿਹਾ ਕਿ ਕਰਜ਼ੇ ਤੋਂ ਦੁਖੀ, ਕਰੋਨਾ ਮਹਾਂਮਾਰੀ ਦੌਰਾਨ, ਜਿਥੇ ਪੰਜਾਬ ਦੀ ਕਿਸਾਨੀ ਜ਼ੋਰ ਸ਼ੋਰ ਨਾਲ ਝੋਨੇ ਦੀ ਲਵਾਈ ਲਈ ਜਾਨ ਹੂਲਵੇਂ ਉਪਰਾਲੇ ਕਰ ਰਹੀ ਹੈ, ਉਥੇ ਕੇਂਦਰ ਸਰਕਾਰ ਲਗਾਤਾਰ ਹਰ ਰੋਜ਼ ਡੀਜ਼ਲ ਤੇ ਪਟਰੌਲ ਦੀਆਂ ਕੀਮਤਾਂ ਵਿਚ ਵਾਧਾ ਕਰ ਕੇ ਜ਼ਖ਼ਮਾਂ 'ਤੇ ਲੂਣ ਛਿੜਕ ਰਹੀ ਹੈ
ਜਦਕਿ ਲੇਬਰ ਦੀ ਘਾਟ ਤੋਂ ਪ੍ਰੇਸ਼ਾਨ ਕਿਸਾਨ, ਵੱਧ ਲਾਗਤਾਂ ਦੇ ਕੇ ਝੋਨੇ ਦੀ ਬਿਜਾਈ ਵਿਚ ਰੁੱਝੇ ਹੋਏ ਹਨ, ਉਥੇ ਡੀਜ਼ਲ ਤੇ ਪਟਰੌਲ ਦੇ ਖ਼ਰਚੇ ਨੇ ਹੋਰ ਪ੍ਰੇਸ਼ਾਨੀ ਪੈਦਾ ਕੀਤੀ ਹੈ, ਜੋ ਅਸਹਿ ਹੈ। ਜਦਕਿ ਅੰਤਰਰਾਸ਼ਟਰੀ ਮੰਡੀ ਵਿੱਚ ਤੇਲ ਦੀਆਂ ਕੀਮਤਾਂ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਹ ਸੱਭ ਕੁੱਝ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ, ਇਹ ਕੀਤੇ ਜਾ ਰਹੇ ਵਾਧੇ ਨੂੰ ਸਿਰਫ ਰੋਕਿਆ ਹੀ ਨਾ ਜਾਵੇ, ਬਲਕਿ ਪਿਛਲੇ 14 ਦਿਨਾਂ ਅੰਦਰ ਕੀਤੇ ਵਾਧੇ ਨੂੰ ਵਾਪਸ ਲਿਆ ਜਾਵੇ ਨਹੀਂ ਤਾਂ ਫਿਰ ਪੰਜਾਬ ਦੇ ਕਿਸਾਨਾਂ ਦੇ ਰੋਸ ਤੇ ਰੋਹ ਦਾ ਸਾਹਮਣਾ ਕਰਨਾ ਪਵੇਗਾ।