ਮਿਸ਼ਨ ਫ਼ਤਿਹ ਦੀ ਖੇਤਰੀ ਪ੍ਰਚਾਰ ਮੁਹਿੰਮ ਦਾ ਦੂਜਾ ਪੜਾਅ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਠੋਸ ਨਤੀਜਿਆਂ ਲਈ ਜ਼ਮੀਨੀ ਪੱਧਰ 'ਤੇ ਮੁਹਿੰਮ ਦੇ ਪ੍ਰਚਾਰ ਦੀ ਜ਼ਰੂਰਤ : ਕਮਲ ਗਰਗ

ਮਿਸ਼ਨ ਫ਼ਤਿਹ ਦੀ ਖੇਤਰੀ ਪ੍ਰਚਾਰ ਮੁਹਿੰਮ ਦਾ ਦੂਜਾ ਪੜਾਅ ਸ਼ੁਰੂ

ਐਸ.ਏ.ਐਸ ਨਗਰ, 20 ਜੂਨ (ਸੁਖਦੀਪ ਸਿੰਘ ਸੋਈ): ਠੋਸ ਨਤੀਜੇ ਪ੍ਰਾਪਤ ਕਰਨ ਲਈ ਜ਼ਮੀਨੀ ਪੱਧਰ 'ਤੇ ਮਿਸ਼ਨ ਫ਼ਤਿਹ ਮੁਹਿੰਮ ਦੇ ਪ੍ਰਚਾਰ ਦੀ ਜ਼ਰੂਰਤ ਹੈ। ਇਹ ਪ੍ਰਗਟਾਵਾ ਅੱਜ ਇਥੇ ਨਗਰ ਨਿਗਮ ਕਮਿਸ਼ਨਰ ਕਮਲ ਗਰਗ ਨੇ ਮੁਹਾਲੀ ਵਿੱਚ ਮੁਹਿੰਮ ਨੂੰ ਚਲਾਉਣ ਲਈ 5 ਪ੍ਰਚਾਰ ਵਾਹਨਾਂ ਨੂੰ ਹਰੀ ਝੰਡੀ ਦਿਖਾਉਣ ਮੌਕੇ ਕੀਤਾ। ਇਹ ਇਕ ਮਹੀਨਾ ਭਰ ਚੱਲਣ ਵਾਲੀ ਮੁਹਿੰਮ ਹੈ, ਜਿਸ ਦਾ ਪਹਿਲਾ ਪੜਾਅ 14 ਜੂਨ ਨੂੰ 25 ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਸ਼ੁਰੂ ਕੀਤਾ ਗਿਆ ਸੀ।

ਇਹ ਪੜਾਅ ਮੁੱਖ ਤੌਰ 'ਤੇ ਹੋਰਡਿੰਗਾਂ ਲਗਾ ਕੇ, ਆਈਵੀਆਰ ਕਾਲਾਂ, ਐਸ.ਐਮ.ਐਸ. ਅਤੇ ਪਬਲਿਕ ਐਡਰੈਸ ਪ੍ਰਣਾਲੀਆਂ ਰਾਹੀਂ ਬਾਹਰੀ ਪ੍ਰਚਾਰ ਕਰਨ 'ਤੇ ਕੇਂਦਰਤ ਹੈ।

ਹੁਣ ਦੂਜੇ ਪੜਾਅ ਵਿਚ ਮੁੱਖ ਤੌਰ 'ਤੇ ਜ਼ਮੀਨੀ ਪੱਧਰ 'ਤੇ ਜਾਗਰੂਕਤਾ ਪੈਦਾ ਕਰਨ 'ਤੇ ਕੇਂਦਰਤ ਹੈ। ਗਾਰਡੀਅਨਜ਼ ਆਫ਼ ਗਵਰਨੈਂਸ (ਜੀ.ਓ.ਜੀਜ਼) ਖ਼ਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਸਮਾਜਕ ਦੂਰੀਆਂ ਕਾਇਮ ਰੱਖਣ, ਬਾਹਰ ਜਾਣ ਵਾਲੇ ਮਾਸਕ ਪਹਿਨਣ, ਸੈਨੀਟਾਈਜ਼ਰ ਅਤੇ ਸਾਬਣ ਨਾਲ 20 ਸੈਕਿੰਡ ਲਈ ਹੱਥ ਧੋਣ ਅਤੇ ਲੋਕਾਂ ਨੂੰ ਮੁਹਿੰਮ ਨਾਲ ਜੁੜਨ ਅਤੇ ਮਿਸ਼ਨ ਫ਼ਤਿਹ ਵਾਰੀਅਰਜ਼ ਬਣਨ ਦੀ ਪ੍ਰੇਰਨਾ ਦੇ ਕੇ ਇਸ ਮੁਹਿੰਮ ਵਿਚ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ। ਇਸ ਤੋਂ ਇਲਾਵਾ, ਯੁਵਕ ਸੇਵਾਵਾਂ ਵਿਭਾਗ ਸ਼ਹਿਰਾਂ ਅਤੇ ਕਸਬਿਆਂ ਵਿਚ ਵੱਖ ਵੱਖ ਪਹਿਲਕਦਮੀਆਂ ਦੁਆਰਾ ਬੱਚਿਆਂ ਨੂੰ ਮੁਹਿੰਮ ਵਿਚ ਸ਼ਾਮਲ ਕਰਕੇ ਵਡਮੁੱਲੀ ਸੇਵਾਵਾਂ ਨਿਭਾ ਰਿਹਾ ਹੈ।

ਐਨ.ਸੀ.ਸੀ. ਕੈਡਿਟ ਵੀ ਸਮਾਜ ਦੇ ਹਰ ਵਰਗ ਵਿਚ ਮੁਹਿੰਮ ਨੂੰ ਹਰਮਨ-ਪਿਆਰਾ ਬਣਾਉਣ ਵਿਚ ਯੋਗਦਾਨ ਪਾਉਣ ਲਈ ਆਪਣੀ ਸੇਵਾ ਨਿਭਾ ਰਹੇ ਹਨ। ਸਿਰਫ਼ ਇਹ ਹੀ ਨਹੀਂ, ਆਂਗਣਵਾੜੀ ਵਰਕਰ ਅਤੇ ਆਸ਼ਾ ਵਰਕਰ ਵੱਖ-ਵੱਖ ਐਨ.ਜੀ.ਓਜ਼ ਨਾਲ ਮਿਲ ਕੇ ਘਰ-ਘਰ ਜਾ ਕੇ ਪੈਂਫ਼ਲੈਟ ਵੰਡ ਕੇ ਮੁਹਿੰਮ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ ਅਤੇ ਕਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਵਲੋਂ ਦਿਤੇ ਪ੍ਰੋਟੋਕੋਲ ਦੀ ਪਾਲਣਾ ਦੀ ਮਹੱਤਤਾ ਬਾਰੇ ਦੱਸ ਰਹੇ ਹਨ।

ਸਾਰੇ ਵਿਭਾਗ, ਖ਼ਾਸਕਰ ਫ਼ਰੰਟਲਾਈਨ 'ਤੇ ਕੰਮ ਕਰਨ ਵਾਲੇ ਵਿਭਾਗ ਜਿਵੇਂ ਸਿਹਤ, ਪੁਲਿਸ ਇਹ ਯਕੀਨੀ ਬਣਾਉਣ ਵਿੱਚ ਲੱਗੇ ਹੋਏ ਹਨ ਕਿ 'ਮਿਸ਼ਨ ਫ਼ਤਿਹ' ਮੁਹਿੰਮ ਨਾ ਸਿਰਫ ਰਾਸ਼ਟਰੀ, ਬਲਕਿ ਅੰਤਰ ਰਾਸ਼ਟਰੀ ਪੱਧਰ 'ਤੇ ਵੀ ਪ੍ਰਸਿੱਧ ਹੋਵੇ ਕਿਉਂਕਿ ਕੋਰੋਨਾ ਵਾਇਰਸ ਮਹਾਂਮਾਰੀ ਪੂਰੇ ਵਿਸ਼ਵ ਲਈ ਚਿੰਤਾ ਦਾ ਕਾਰਨ ਹੈ।