ਕਸ਼ਮੀਰ ਮਸਲਾ ਹੱਲ ਕਰਨ ਲਈ ਸਰਗਰਮੀਆਂ ਤੇਜ਼

ਏਜੰਸੀ

ਖ਼ਬਰਾਂ, ਪੰਜਾਬ

ਕਸ਼ਮੀਰ ਮਸਲਾ ਹੱਲ ਕਰਨ ਲਈ ਸਰਗਰਮੀਆਂ ਤੇਜ਼

image


ਮਹਿਬੂਬਾ, ਫ਼ਾਰੂਕ ਅਬਦੁੱਲਾ ਸਮੇਤ ਬਾਕੀ ਆਗੂ ਕਰ ਰਹੇ ਨੇ ਬੈਠਕਾਂ

ਨਵੀਂ ਦਿੱਲੀ, 20 ਜੂਨ : ਜੰਮੂ ਕਸ਼ਮੀਰ ਵਿਚ ਵਿਧਾਨ ਸਭਾ ਚੋਣਾਂ ਕਰਵਾਉਣ ਦੇ ਕਿਆਸਾਂ ਵਿਚਾਲੇ ਮੋਦੀ ਵਲੋਂ ਘਾਟੀ ਦੇ ਪ੍ਰਮੁਖ ਸਿਆਸੀ ਦਲਾਂ ਦੇ ਆਗੂਆਂ ਨੂੰ  ਸੱਦਾ ਦਿਤਾ ਗਿਆ ਹੈ | ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਿਚ ਹੋਣ ਵਾਲੀ ਬੈਠਕ ਜੰਮੂ ਕਸ਼ਮੀਰ ਵਿਚ ਵਿਧਾਨਸਭਾ ਚੋਣਾਂ ਸਮੇਤ ਸਿਆਸੀ ਪ੍ਰਕਿਰਿਆ ਨੂੰ  ਮਜ਼ਬੂਤ ਕਰਨ ਦੀ ਕੇਂਦਰ ਦੀ ਪਹਿਲ ਦਾ ਹਿੱਸਾ ਹੋਵੇਗੀ | ਇਨ੍ਹਾਂ ਆਗੂਆਂ ਨੂੰ  24 ਜੂਨ ਨੂੰ  ਦਿੱਲੀ ਬੁਲਾਇਆ ਗਿਆ ਹੈ | ਇਸ ਨਾਲ ਹੀ ਮਹਿਬੂਬਾ ਮੁਫ਼ਤੀ, ਫ਼ਾਰੁਕ ਅਬਦੁੱਲਾ ਸਮੇਤ ਸੱਦੇ ਗਏ ਬਾਕੀ ਆਗੂਆਂ ਨੇ ਬੈਠਕਾਂ ਦਾ ਦੌਰ ਸ਼ੁਰੂ ਕਰ ਦਿਤਾ ਹੈ | ਪੀਡੀਪੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਨੇ ਜੰਮੂ ਕਸ਼ਮੀਰ ਦੇ ਖੇਤਰੀ ਸਿਆਸੀ ਦਲਾਂ ਨੂੰ  ਵਾਰਤਾ ਲਈ ਕੇਂਦਰ ਦੇ ਸੱਦੇ 'ਤੇ ਫ਼ੈਸਲਾ ਲੈਣ ਦਾ ਅਧਿਕਾਰ ਐਤਵਾਰ ਪਾਰਟੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੂੰ  ਦਿਤਾ | ਪੀਏਸੀ ਪਾਰਟੀ ਦੀ ਫ਼ੈਸਲੇ ਲੈਣ ਵਾਲੀ ਸਰਬਉੱਚ ਕਮੇਟੀ ਹੈ | ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਦੇ ਇਥੇ ਸ਼ਹਿਰ ਗੁਪਕਰ ਇਲਾਕੇ ਵਿਚ ਸਥਿਤ 'ਫ਼ੇਅਰਵਿਊ' ਘਰ 'ਤੇ ਦੋ ਘੰਟੇ ਤਕ ਪੀਏਸੀ ਦੀ ਬੈਠਕ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ | ਬੈਠਕ ਦੀ ਪ੍ਰਧਾਨਗੀ ਮਹਿਬੂਬਾ ਨੇ ਕੀਤੀ | ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫ਼ਾਰੁਕ ਅਬਦੁੱਲਾ ਨੇ ਵੀ ਪਾਰਟੀ ਆਗੂਆਂ ਨਾਲ ਮੋਦੀ ਦੇ ਸੱਦੇ 'ਤੇ ਵਿਚਾਰ ਚਰਚਾ ਕੀਤੀ |

ਪੀਡੀਪੀ ਦੇ ਮੁੱਖ ਬੁਲਾਰੇ ਸਈਅਦ ਸੁਹੈਲ ਬੁਖ਼ਾਰੀ ਨੇ ਬੈਠਕ ਤੋਂ ਬਾਅਦ ਮਹਿਬੂਬਾ ਦੇ ਘਰ ਦੇ ਬਾਹਰ ਪੱਤਰਕਾਰਾਂ ਨੂੰ  ਕਿਹਾ,''ਪੀਏਸੀ ਨੇ ਸਰਬਸੰਮਤੀ ਨਾਲ ਮਾਮਲੇ 'ਤੇ ਅੰਤਮ ਫ਼ੈਸਲਾ ਲੈਣ ਦਾ ਅਧਿਕਾਰ ਪਾਰਟੀ ਪ੍ਰਧਾਨ ਨੂੰ  ਦਿਤਾ ਹੈ |'' ਬੁਖ਼ਾਰੀ ਨੇ ਕਿਹਾ ਕਿ ਪੀਪਲਜ਼ ਅਲਾਇੰਸ ਫ਼ਾਰ ਗੁਪਕਰ ਡੈਕਲੇਰੇਸ਼ਨ (ਪੀਏਜੀਡੀ) ਦੀ ਬੈਠਕ ਭਲਕੇ ਹੋਵੇਗੀ ਜਿਥੇ ਮੈਂਬਰ ਦਲ ਮੁੱਦੇ 'ਤੇ ਚਰਚਾ ਕਰਨਗੇ ਅਤੇ ਫਿਰ ਇਸ 'ਤੇ ਅੰਤਮ ਫ਼ੈਸਲਾ ਲਿਆ ਜਾਵੇਗਾ ਕਿ ਪ੍ਰਧਾਨ ਮੰਤਰੀ ਵਲੋਂ ਬੁਲਾਈ ਬੈਠਕ ਵਿਚ ਹਿੱਸਾ ਲੈਣਾ ਹੈ ਜਾਂ ਨਹੀਂ | 
ਜੰਮੂ-ਕਸ਼ਮੀਰ ਤੋਂ ਸਾਬਕਾ ਉਪ ਮੁੱਖ ਮੰਤਰੀ ਅਤੇ ਕਾਂਗਰਸ ਆਗੂ ਤਾਰਾ ਚੰਦ, ਪੀਪੁਲਜ਼ ਕਾਨਫ਼ਰੰਸ ਲੀਡਰ ਮੁਜ਼ੱਫ਼ਰ ਹੁਸੈਨ ਬੇਗ ਅਤੇ ਭਾਜਪਾ ਆਗੂ ਨਿਰਮਲ ਸਿੰਘ ਅਤੇ ਕਵੀਂਦਰ ਗੁਪਤਾ ਨੂੰ  ਵੀ ਬੁਲਾਇਆ ਗਿਆ ਹੈ | ਇਨ੍ਹਾਂ ਤੋਂ ਇਲਾਵਾ ਸੀ.ਬੀ.ਆਈ. (ਐਮ.) ਆਗੂ ਮੁਹੰਮਦ ਯੁਸਫ਼ ਤਾਰਾਗਾਮੀ, ਜੰਮੂ-ਕਸ਼ਮੀਰ ਅਪਨੀ ਪਾਰਟੀ ਦੇ ਪ੍ਰਧਾਨ ਅਲਤਾਫ਼ ਬੁਖ਼ਾਰੀ, ਪੀਪਲਜ਼ ਕਾਨਫ਼ਰੰਸ ਦੇ ਸੱਜਾਦ ਲੋਨ, ਪੈਂਥਰਸ ਪਾਰਟੀ ਦੇ ਆਗੂ ਭੀਮ ਸਿੰਘ ਨੂੰ  ਵੀ ਸੱਦਾ ਦਿਤਾ ਗਿਆ ਹੈ | (ਪੀਟੀਆਈ)

ਜੰਮੂ ਕਸ਼ਮੀਰ ਦੇ 14 ਆਗੂਆਂ ਨੂੰ  ਮਿਲਿਆ ਸੱਦਾ
ਮੋਦੀ ਪ੍ਰਧਾਨਗੀ ਵਿਚ ਹੋਣ ਵਾਲੀ ਬੈਠਕ ਵਿਚ ਜੰਮੂ ਕਸ਼ਮੀਰ ਦੇ 14 ਆਗੂਆਂ ਨੂੰ  ਸੱਦਾ ਦਿਤਾ ਗਿਆ ਹੈ | ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਇਨ੍ਹਾਂ ਆਗੂਆਂ ਨੂੰ  ਬੈਠਕ ਵਿਚ ਸੱਦਾ ਦੇਣ ਲਈ ਸੰਪਰਕ ਕੀਤਾ | ਸੱਦੇ ਗਏ ਆਗੂਆਂ ਵਿਚ ਚਾਰ ਸਾਬਕਾ ਮੁੱਖ ਮੰਰਤੀਆਂ, ਨੈਸ਼ਨਲ ਕਾਨਫ਼ਰੰਸ ਦੇ ਫ਼ਾਰੂਕ ਅਬਦੁੱਲਾ ਅਤੇ ਉਨ੍ਹਾਂ ਦੇ ਪੁੱਤਰ ਉਮਰ ਅਬਦੁੱਲਾ, ਕਾਂਗਰਸ ਦੇ ਸੀਨੀਅਰ ਆਗੂ ਗ਼ੁਲਾਮ ਨਬੀ ਆਜ਼ਾਦ ਅਤੇ ਪੀਡੀਪੀ ਪ੍ਰਮੁਖ ਮਹਿਬੂਬਾ ਮੁਫ਼ਤੀ ਸ਼ਾਮਲ ਹਨ | ਯਾਦ ਰਹੇ ਕਿ ਪੰਜ ਅਗੱਸਤ 2019 ਨੂੰ  ਜੰਮੂ ਕਸ਼ਮੀਰ ਦਾ ਵਿਸ਼ੇਸ਼ ਅਧਿਕਾਰ ਦਾ ਦਰਜਾ ਖ਼ਤਮ ਕਰ ਇਸ ਨੂੰ  ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦਿਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਘਾਟੀ ਦੇ ਸਾਰੇ ਸਿਆਸੀ ਦਲਾਂ ਨਾਲ ਇਹ ਪਹਿਲੀ ਗੱਲਬਾਤ ਹੋਵੇਗੀ |

ਜੰਮੂ ਕਸ਼ਮੀਰ ਦਾ ਸੂਬੇ ਦਾ ਦਰਜਾ ਮੁੜ ਬਹਾਲ ਕਰੇ ਕੇਂਦਰ : ਕਾਂਗਰਸ
ਨਵੀਂ ਦਿੱਲੀ, 20 ਜੂਨ : ਜੰਮੂ ਕਸ਼ਮੀਰ ਨੂੰ  ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੁਲਾਈ ਗਈ ਬੈਠਕ ਤੋਂ ਪਹਿਲਾਂ ਕਾਂਗਰਸ ਨੇ ਐਤਵਾਰ ਨੂੰ  ਕਿਹਾ ਕਿ ਕੇਂਦਰ ਨੂੰ  ਸੰਵਿਧਾਨ ਅਤੇ ਲੋਕਤੰਤਰ ਦੇ ਹਿਤ ਵਿਚ ਜੰਮੂ ਕਸ਼ਮੀਰ ਦਾ ਸੂਬੇ ਦਾ ਦਰਜਾ ਮੁੜ ਬਹਾਲ ਕਰਨ ਦੀ ਮੰਗ ਮੰਨਣੀ ਚਾਹੀਦੀ ਹੈ | ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਹਾਲਾਂਕਿ ਇਹ ਨਹੀਂ ਦਸਿਆ ਕਿ ਪਾਰਟੀ 24 ਜੂਲ ਨੂੰ  ਹੋਣ ਵਾਲੀ ਬੈਠਕ ਵਿਚ ਹਿੱਸਾ ਲਵੇਗੀ ਜਾਂ ਨਹੀਂ | ਸੁਰਜੇਵਾਲਾ ਨੇ 6 ਅਗੱਸਤ 2019 ਨੂੰ  ਹੋਈ ਕਾਂਗਰਸ ਦੀ ਕਾਰਜ ਕਮੇਟੀ ਦੀ ਬੈਠਕ ਵਲ ਧਿਆਨ ਦਿਵਾਇਆ, ਜਿਸ ਵਿਚ ਪਾਰਟੀ ਨੇ ਸਪੱਸ਼ਟ ਰੂਪ ਨਾਲ ਜੰਮੂ ਕਸ਼ਮੀਰ ਨੂੰ  ਪੂਰਨ ਸੂਬੇ ਦਾ ਦਰਜਾ ਮੁੜ ਬਹਾਲ ਕਰਨ ਦੀ ਮੰਗ ਕੀਤੀ ਸੀ | ਇਸ ਮੁੱਦੇ ਉਨ੍ਹਾਂ ਕਿਹਾ,''ਸਾਨੂੰ ਲਗਦਾ ਹੈ ਕਿ ਅਜਿਹਾ ਨਾ ਕਰਨਾ ਲੋਕਤੰਤਰ ਅਤੇ ਸੰਵਿਧਾਨਕ ਸਿਧਾਂਤਾਂ 'ਤੇ ਪ੍ਰਤੱਖ ਹਮਲਾ ਹੋਵੇਗਾ |''
 ਸੁਰਜੇਵਾਲਾ ਨੇ ਕਿਹਾ ਕਿ ਕਾਂਗਰਸ ਦਾ ਮੰਨਣਾ ਹੈ ਕਿ ਜੰਮੂ ਕਸ਼ਮੀਰ ਨੂੰ  ਪੂਰਨ ਸੂਬੇ ਦਾ ਦਰਜਾ ਦੇਣ ਦੇ ਨਾਲ ਨਾਲ ਚੋਣਾਂ ਵੀ ਕਰਵਾਉਣੀਆਂ ਚਾਹੀਦੀਆਂ ਹਨ, ਤਾਕਿ ਲੋਕ ਅਪਣੇ ਆਗੂਆਂ ਦੀ ਚੋਣ ਕਰ ਸਕਣ ਅਤੇ ਦਿੱਲੀ ਦੇ ਸ਼ਾਸਨ  ਦੀ ਥਾਂ ਸੂਬੇ ਦੇ ਕਾਰਜਾਂ ਨੂੰ  ਅੱਗੇ ਵਧਾਉਣ ਲਈ ਅਪਣੀ ਵਿਧਾਨਸਭਾ ਹੋਵੇ | ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿਚ ਲੋਕਤੰਤਰਕ ਅਧਿਕਾਰਾਂ ਨੂੰ  ਪੂਰੀ ਤਰ੍ਹਾਂ ਬਹਾਲ ਕਰਨ ਦੀ ਗਰੰਟੀ ਦੇਣ ਦਾ ਇਹੀ ਇਕਮਾਤਰ ਰਸਤਾ ਹੈ | (ਪੀਟੀਆਈ)