ਵਿਧਾਇਕਾਂ ਨੂੰ  ਅਪਣੇ ਧੜੇ ਨਾਲ ਰੱਖਣ ਕਰ ਕੇ ਦਿਤੀ ਉਨ੍ਹਾਂ ਦੇ ਪੁੱਤਰਾਂ ਨੂੰ  ਨੌਕਰੀ : ਪਰਗਟ ਸਿੰਘ.

ਏਜੰਸੀ

ਖ਼ਬਰਾਂ, ਪੰਜਾਬ

ਵਿਧਾਇਕਾਂ ਨੂੰ  ਅਪਣੇ ਧੜੇ ਨਾਲ ਰੱਖਣ ਕਰ ਕੇ ਦਿਤੀ ਉਨ੍ਹਾਂ ਦੇ ਪੁੱਤਰਾਂ ਨੂੰ  ਨੌਕਰੀ : ਪਰਗਟ ਸਿੰਘ.

image

ਜਲੰਧਰ, 20 ਜੂਨ (ਰੁਪਾਲ): ਜਲੰਧਰ ਦੇ ਕੈਂਟ ਹਲਕੇ ਤੋਂ ਵਿਧਾਇਕ ਅਤੇ ਕਾਂਗਰਸ ਦੇ ਸੀਨੀਅਰ ਆਗੂ ਪਰਗਟ ਸਿੰਘ ਨੇ ਇਕ ਵਾਰ ਫਿਰ ਤੋਂ ਅਪਣੀ ਹੀ ਸਰਕਾਰ 'ਤੇ ਸਵਾਲ ਚੁੱਕੇ ਹਨ | ਦਰਅਸਲ ਅੱਜ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਪਰਗਟ ਸਿੰਘ ਨੇ ਸਰਕਾਰ ਵਲੋਂ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ  ਦਿਤੀਆਂ ਨੌਕਰੀਆਂ ਦੇ ਮੁੱਦੇ 'ਤੇ ਸਰਕਾਰ ਵਿਰੁਧ ਸ਼ਬਦੀ ਹਮਲਾ ਕੀਤਾ | ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਦੀ ਸਾਡੇ ਦੇਸ਼ ਦੀ ਸੇਵਾ ਕਰਦਿਆਂ ਜਾਨ ਚਲੀ ਗਈ ਸਗੋਂ ਉਨ੍ਹਾਂ ਨੂੰ  ਨੌਕਰੀ ਦੇਣ ਦੀ ਬਜਾਏ ਅਸੀਂ ਅਜਿਹਾ ਪੈਰਾਮੀਟਰ ਚੁਣਿਆ ਜੋਕਿ ਤਰਸ ਦੇ ਆਧਾਰ 'ਤੇ ਨਹੀਂ ਹੈ |
ਉਨ੍ਹਾਂ ਕੈਪਟਨ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਿਸਾਨੀ ਸੰਘਰਸ਼ 'ਚ ਕਰੀਬ 450 ਤੋਂ ਵਧੇਰੇ ਕਿਸਾਨਾਂ ਦੀ ਜਾਨ ਚਲੀ ਗਈ, ਸਾਨੂੰ ਉਨ੍ਹਾਂ ਦੇ ਪਰਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ | ਪੈਰਾਮੀਟਰ ਸਾਰਿਆਂ ਲਈ ਇਕੋ ਜਿਹਾ ਹੋਣਾ ਚਾਹੀਦਾ ਹਨ | ਭਾਵੇਂ ਉਹ ਕੋਈ ਵਿਧਾਇਕ ਦਾ ਮੁੰਡਾ ਹੋਵੇ ਭਾਵੇਂ ਆਮ ਇਨਸਾਨ | ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦੇ ਕਿਹਾ ਕਿ ਇਨ੍ਹਾਂ ਨੌਕਰੀਆਂ ਨੂੰ  ਵਾਪਸ ਲੈਣਾ ਚਾਹੀਦਾ ਹੈ ਕਿਉਂਕਿ ਇਹ ਨੌਕਰੀਆਂ ਤਰਸ ਦੇ ਆਧਾਰ 'ਤੇ ਨਹੀਂ ਦਿਤੀਆਂ ਗਈਆਂ ਹਨ |
  ਉਨ੍ਹਾਂ ਕਿਹਾ ਕਿ ਇਹੋ ਜਿਹੀਆਂ ਨੌਕਰੀਆਂ ਦੇ ਕੇ ਆਖ਼ਰ ਅਸੀਂ ਲੋਕਾਂ ਵਿਚਾਲੇ ਕਿਹੋ ਜਿਹੀ ਧਾਰਨਾ ਰਖਣਾ ਚਾਹੁੰਦੇ ਹਾਂ | ਉਨ੍ਹਾਂ ਕਿਹਾ ਕਿ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ  ਨੌਕਰੀ ਦੇਣਾ ਇੰਝ ਲਗਦਾ ਹੈ ਕਿ ਉਨ੍ਹਾਂ ਵਿਧਾਇਕਾਂ ਨੂੰ  ਅਪਣੇ ਧੜੇ ਨਾਲ ਰਖਣਾ ਹੈ | ਇਹ ਲੜਾਈ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀ ਨਹੀਂ ਹੈ ਸਗੋਂ ਕਈ ਮਸਲਿਆਂ ਦੀ ਲੜਾਈ ਹੈ | 
ਉਨ੍ਹਾਂ ਕਿਹਾ ਕਿ ਨਾ ਤਾਂ ਮੈਂ ਕਦੇ ਕੋਈ ਧੜਾ ਬਣਾਇਆ ਹੈ ਅਤੇ ਨਾ ਹੀ ਨਵਜੋਤ ਸਿੰਘ ਸਿੱਧੂ ਨੇ | ਜੇਕਰ ਨਵਜੋਤ ਸਿੰਘ ਸਿੱਧੂ ਵੀ ਕੋਈ ਗੱਲ ਠੀਕ ਨਹੀਂ ਕਰਦੇ ਤਾਂ ਮੈਂ ਉਨ੍ਹਾਂ ਨੂੰ  ਸਮਝਾਉਂਦਾ ਹਾਂ | ਹੌਲੀ-ਹੌਲੀ ਕਾਂਗਰਸ ਦੀ ਲੋਕਾਂ 'ਚ ਧਾਰਨਾ ਖ਼ਰਾਬ ਹੁੰਦੀ ਜਾ ਰਹੀ ਹੈ | ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ  ਸਿੱਧੇ ਤੌਰ 'ਤੇ ਕਿਹਾ ਕਿ ਜਿਹੜੀਆਂ ਸਮੱਸਿਆਵਾਂ ਮੈਂ ਡੇਢ ਸਾਲ ਪਹਿਲਾਂ ਚੁੱਕੀਆਂ ਸਨ, ਉਨ੍ਹਾਂ 'ਤੇ ਅਸੀਂ ਕੰਮ ਕਰ ਲਈਏ |