ਵਿਧਾਇਕਾਂ ਦੇ ਪੁੱਤਾਂ ਨੂੰ ਨੌਕਰੀ ਦੇਣ ਨੂੰ ਲੈ ਕੇ ਪ੍ਰਤਾਪ ਬਾਜਵਾ ਦੀ ਵਿਧਾਇਕਾਂ ਨੂੰ ਇਹ ਅਪੀਲ

ਏਜੰਸੀ

ਖ਼ਬਰਾਂ, ਪੰਜਾਬ

ਵਿਧਾਇਕ ਫਤਿਹਜੰਗ ਸਿੰਘ ਬਾਜਵਾ ਅਤੇ ਵਿਧਾਇਕ ਰਾਕੇਸ਼ ਪਾਂਡੇ ਸਵੈਇੱਛਾ ਦੇ ਤੌਰ 'ਤੇ ਆਪਣੇ ਪੁੱਤਰਾਂ ਨੂੰ ਮਿਲੀਆਂ ਨੌਕਰੀਆਂ ਦੀ ਪੇਸ਼ਕਸ਼ ਛੱਡ ਦੇਣ।

Partap Bajwa

ਗੁਰਦਾਸਪੁਰ - ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਦਿੱਤੀਆਂ ਨੌਕਰੀਆਂ ਨੂੰ ਲੈ ਕੇ ਦੋਹਾਂ ਵਿਧਾਇਕਾਂ (MLA's son) ਨੂੰ ਇਸ ਫ਼ੈਸਲੇ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਫੇਸਬੁੱਕ 'ਤੇ ਪੋਸਟ ਪਾ ਆਪਣੇ ਪਿਤਾ ਸਤਨਾਮ ਸਿੰਘ ਬਾਜਵਾ ਅਤੇ ਵਿਧਾਇਕ ਰਾਕੇਸ਼ ਪਾਂਡੇ ਦੇ ਪਿਤਾ ਜੋਗਿੰਦਰ ਪਾਲ ਪਾਂਡੇ ਨੂੰ ਪੰਜਾਬ ਦੇ ਮਹਾਨ ਨੇਤਾ ਦੱਸਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਨੇਤਾਵਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ।

ਪੰਜਾਬ ਵਿਚ ਅਤਿਵਾਦ ਦੇ ਕਾਲੇ ਦੌਰ ਵਿਚ ਸਵ: ਸਤਨਾਮ ਸਿੰਘ ਬਾਜਵਾ ਅਤੇ ਜੋਗਿੰਦਰਪਾਲ ਪਾਂਡੇ ਨੇ ਲੋਕਾਂ ਦੀ ਸੇਵਾ ਕੀਤੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਇਨ੍ਹਾਂ ਦੋ ਮਹਾਨ ਨੇਤਾਵਾਂ ਨੇ ਪੰਜਾਬੀਅਤ ਦੀ ਸੱਚੀ ਭਾਵਨਾ ਨਾਲ ਨਿਰਸਵਾਰਥ ਸੇਵਾ ਕੀਤੀ ਅਤੇ ਰਾਜ ਦੇ ਲੋਕਾਂ ਦੀ ਬਿਹਤਰੀ ਅਤੇ ਖ਼ੁਸ਼ਹਾਲੀ ਲਈ ਹਮੇਸ਼ਾ ਯਤਨਸ਼ੀਲ ਰਹੇ। ਕਾਂਗਰਸ ਦੀ ਵਿਚਾਰਧਾਰਾ ਨੂੰ ਕਾਇਮ ਰੱਖਣ ਅਤੇ ਪੰਜਾਬ ਦੇ ਲੋਕਾਂ ਦੀ ਬਿਹਤਰੀ ਅਤੇ ਖੁਸ਼ਹਾਲੀ ਲਈ ਕੋਈ ਕਸਰ ਨਹੀਂ ਛੱਡੀ। 

ਉਨ੍ਹਾਂ ਕਿਹਾ ਕਿ ਇਨ੍ਹਾਂ ਵਿਛੜੇ ਨੇਤਾਵਾਂ ਦੀਆਂ ਯਾਦਾਂ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਨੂੰ ਇਸ ਤੋਂ ਵੱਡੀ ਸ਼ਰਧਾਂਜਲੀ ਹੋਰ ਕੋਈ ਨਹੀਂ ਹੋਵੇਗੀ ਕਿ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਅਤੇ ਵਿਧਾਇਕ ਰਾਕੇਸ਼ ਪਾਂਡੇ ਸਵੈਇੱਛਾ ਦੇ ਤੌਰ 'ਤੇ ਆਪਣੇ ਪੁੱਤਰਾਂ ਨੂੰ ਮਿਲੀਆਂ ਨੌਕਰੀਆਂ ਦੀ ਪੇਸ਼ਕਸ਼ ਛੱਡ ਦੇਣ। ਵਿਸ਼ੇਸ ਤੌਰ 'ਤੇ ਉਨਾਂ ਆਪਣੇ ਭਰਾ ਫਤਹਿਜੰਗ ਸਿੰਘ ਬਾਜਵਾ ਨੂੰ ਇਹ ਪੇਸ਼ਕਸ਼ ਸਵੀਕਾਰ ਨਾ ਕਰਨ ਦੀ ਅਪੀਲ ਵੀ ਕੀਤੀ।