ਆਕਸਫੋਰਡ ਜ਼ਿਮਨੀ ਚੋਣ ਜਿੱਤ ਕੇ ਰਾਏਕੋਟ ਦਾ ਨੌਜਵਾਨ ਬਣਿਆ ਸੰਸਦ ਮੈਂਬਰ
16144 ਵੋਟਾਂ ਨਾਲ ਹਾਸਲ ਕੀਤੀ ਜਿੱਤ
ਲੁਧਿਆਣਾ : ਕੈਨੇਡਾ ਵਿਚ ਪੰਜਾਬੀ ਨੌਜਵਾਨ ਨੇ ਉੱਥੇ ਰਹਿੰਦੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕਰ ਦਿੱਤਾ ਹੈ। ਦਰਅਸਲ ਜ਼ਿਲ੍ਹਾ ਲੁਧਿਆਣਾ ਦੇ ਰਾਏਕੋਟ ਸ਼ਹਿਰ ਦਾ ਅਰਪਣ ਖੰਨਾ ਕੈਨੇਡਾ ਦੇ ਓਂਟਾਰੀਓ ਸੂਬੇ ਦੀ ਆਕਸਫੋਰਡ ਸੀਟ ਤੋਂ ਜ਼ਿਮਨੀ ਚੋਣ ਜਿੱਤ ਕੇ ਸੰਸਦ ਮੈਂਬਰ ਬਣਿਆ ਹੈ। ਇਹ ਸੀਟ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਡੇਵ ਮੈਲੇਂਜੀ ਦੇ ਸੇਵਾਮੁਕਤ ਹੋਣ ਤੋਂ ਬਾਅਦ ਖ਼ਾਲੀ ਹੋਈ ਸੀ।
ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਅਰਪਣ ਖੰਨਾ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੇ ਉਮੀਦਵਾਰ ਡੇਵਿਡ ਹਿਲਡਰਲੀ ਨੂੰ 13574 ਵੋਟਾਂ ਦੇ ਮੁਕਾਬਲੇ 16144 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ ਹੈ। ਰਾਏਕੋਟ ਦੇ ਅਰਪਣ ਖੰਨਾ ਦੇ ਪਿਤਾ ਸੁਭਾਸ਼ ਖੰਨਾ ਕਈ ਦਹਾਕੇ ਪਹਿਲਾਂ ਕੈਨੇਡਾ ਵਿਚ ਗਏ ਸੀ। ਇਸ ਸੀਟ ਲਈ ਅਰਪਣ ਖੰਨਾ ਤੋਂ ਇਲਾਵਾ ਲਿਬਰਲ ਪਾਰਟੀ ਦੇ ਡੇਵਿਡ ਹਿਲਡਰਲੇ, ਗ੍ਰੀਨ ਪਾਰਟੀ ਦੇ ਚੈਰਲੀ ਬੇਕਰ, ਐਨਡੀਪੀ ਦੇ ਕੋਡੀ ਗੋਟ ਮੈਦਾਨ ਵਿੱਚ ਸਨ। ਅਰਪਣ ਖੰਨਾ ਦੀ ਟੱਕਰ ਲਿਬਰਲ ਪਾਰਟੀ ਦੇ ਉਮੀਦਵਾਰ ਡੇਵਿਡ ਹਿਲਡਰਲੇ ਨਾਲ ਸੀ, ਜਿਸ ਨੂੰ ਉਸ ਨੇ 2570 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ।