19 ਜ਼ਿਲ੍ਹਿਆਂ ਦੇ ਭ੍ਰਿਸ਼ਟ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਵਿਰੁਧ ਵਿਜੀਲੈਂਸ ਜਾਂਚ ਸ਼ੁਰੂ, ਮੁੱਖ ਮੰਤਰੀ ਕੋਲ ਪਹੁੰਚੀ ਸੂਚੀ
ਤਹਿਸੀਲਾਂ ਵਿਚ ਪ੍ਰਾਈਵੇਟ ਵਿਅਕਤੀਆਂ ਰਾਹੀਂ ਚਲਾਇਆ ਜਾ ਰਿਹਾ ਰਿਸ਼ਵਤਖੋਰੀ ਦਾ ਧੰਦਾ
ਚੰਡੀਗੜ੍ਹ: ਭ੍ਰਿਸ਼ਟਾਚਾਰ ਵਿਰੁਧ ਸ਼ੁਰੂ ਕੀਤੀ ਕਾਰਵਾਈ ਦੇ ਚਲਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਭਰ ਦੀਆਂ ਤਹਿਸੀਲਾਂ ਦੀ ਚੈਕਿੰਗ ਕਰਕੇ ਅਪਣੀ ਰਿਪੋਰਟ ਮੁੱਖ ਮੰਤਰੀ ਨੂੰ ਭੇਜ ਦਿਤੀ ਹੈ। ਇਸ ਵਿਚ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਵਿਚ ਸ਼ਾਮਲ 48 ਵਿਅਕਤੀਆਂ ਦੇ ਨਾਵਾਂ ਦਾ ਖੁਲਾਸਾ ਕੀਤਾ ਹੈ। ਇਨ੍ਹਾਂ ਵਿਚ ਤਹਿਸੀਲਦਾਰ-ਨਾਇਬ ਤਹਿਸੀਲਦਾਰ ਅਤੇ ਉਨ੍ਹਾਂ ਦੇ ਏਜੰਟ ਵਸੀਕਾ ਨਵੀਸ ਸ਼ਾਮਲ ਹਨ। ਵਿਜੀਲੈਂਸ ਨੇ ਆਪਣੀ ਰਿਪੋਰਟ ਵਿਚ ਲਿਖਿਆ ਹੈ ਕਿ ਤਹਿਸੀਲਾਂ ਵਿਚ ਪ੍ਰਾਈਵੇਟ ਵਿਅਕਤੀਆਂ ਰਾਹੀਂ ਰਿਸ਼ਵਤਖੋਰੀ ਦਾ ਧੰਦਾ ਖੁੱਲ੍ਹੇਆਮ ਚੱਲ ਰਿਹਾ ਹੈ।
ਵਿਜੀਲੈਂਸ ਨੇ ਕਿਹਾ ਕਿ ਫੀਲਡ ਵਿਚੋਂ ਇਕੱਠੇ ਕੀਤੇ ਇਨਪੁਟਸ ਮੁਤਾਬਕ ਮਾਲ ਵਿਭਾਗ ਦੇ ਅਫਸਰਾਂ ਵਲੋਂ ਜ਼ਮੀਨ ਅਤੇ ਪ੍ਰਾਪਰਟੀ ਦੀਆਂ ਰਜਿਸਟਰੀਆਂ ਕਰਵਾਉਣ ਲਈ ਆਉਣ ਵਾਲੇ ਲੋਕਾਂ ਤੋਂ ਰਿਸ਼ਵਤ ਇਕੱਠੀ ਕਰਨ ਲਈ ਵਸੀਕਾ ਨਵੀਸ ਅਤੇ ਪ੍ਰਾਈਵੇਟ ਵਿਅਕਤੀ ਰੱਖੇ ਗਏ ਹਨ। ਰਿਸ਼ਵਤ ਲੈਣ ਤੋਂ ਬਾਅਦ ਉਨ੍ਹਾਂ ਵਲੋਂ ਕਾਗਜ਼ਾਂ ਉਪਰ ਕੋਡ ਵਰਡ ਲਿਖਣ ਜਿਹੇ ਤਰੀਕੇ ਅਪਣਾਏ ਜਾ ਰਹੇ ਹਨ। ਵਸੀਕਾ ਨਵੀਸ ਜਾਂ ਪ੍ਰਾਈਵੇਟ ਵਿਅਤਕੀਆਂ ਦੁਆਰਾ ਰਿਸ਼ਵਤ ਲੈਣ ਉਪਰੰਤ ਸਬੰਧਤ ਤਹਿਸੀਲਦਾਰ ਤਕ ਉਸੇ ਦਿਨ ਪਹੁੰਚਾ ਦਿਤੀ ਜਾਦੀ ਹੈ।
ਇਸ ਤੋ ਇਲਾਵਾ ਕਮਰਸ਼ੀਅਲ ਪ੍ਰਾਪਰਟੀ ਨੂੰ ਰਿਹਾਇਸ਼ੀ ਵਿਖਾ ਕੇ ਅਤੇ ਸ਼ਹਿਰੀ ਪ੍ਰਾਪਰਟੀ ਨੂੰ ਪੇਂਡੂ ਵਿਖਾ ਕੇ ਸਰਕਾਰ ਨੂੰ ਅਸ਼ਟਾਮ ਡਿਊਟੀ ਦਾ ਘਾਟਾ ਪਾਇਆ ਜਾਂਦਾ ਹੈ। ਕਈ ਕੇਸਾਂ ਵਿਚ ਏਜੰਟਾਂ, ਪ੍ਰਾਪਰਟੀ ਡੀਲਰਾਂ ਅਤੇ ਕਲੋਨਾਇਜਰਾਂ ਦੀ ਅਣਅਧਿਕਾਰਤ ਕਲੋਨੀਆਂ ਦੀਆ ਰਜਿਸਟਰੀਆਂ ਬਿਨ੍ਹਾਂ ਐਨ.ਓ.ਸੀ ਤੋ ਕਰ ਦਿਤੀਆ ਜਾਦੀਆ ਹਨ। ਜਿਨ੍ਹਾਂ ਆਮ ਲੋਕਾਂ ਦੀਆਂ ਰਜਿਸਟਰੀਆ ਵਿਚ ਐਨ.ਓ.ਸੀ ਦੀ ਜ਼ਰੂਰਤ ਨਾ ਵੀ ਹੋਵੇ, ਉਨ੍ਹਾਂ ਵਿਚ ਐਨ.ਓ.ਸੀ ਨਾ ਹੋਣ ਦਾ ਡਰਾਵਾ ਦੇ ਕੇ ਰਿਸ਼ਵਤ ਲਈ ਜਾਂਦੀ ਹੈ। ਕਈ ਕੇਸਾਂ ਵਿਚ ਵਿਰਾਸਤ/ਫਰਦ ਬਦਲ ਦੇ ਇੰਤਕਾਲ ਮਨਜ਼ੂਰ ਕਰਨ ਲਈ ਤਹਿਸੀਲਦਾਰਾਂ ਵਲੋਂ ਪਟਵਾਰੀ ਨਾਲ ਮਿਲ ਕੇ ਰਿਸ਼ਵਤ ਲਈ ਜਾਂਦੀ ਹੈ।
ਇਸ ਸੂਚੀ ਮੁਤਾਬਕ ਪਟਿਆਲਾ ਜ਼ਿਲ੍ਹੇ ਦੇ 3 ਤਹਿਸੀਲਦਾਰ/ਨਾਇਬ ਤਹਿਸੀਲਦਾਰ 2 ਵਸੀਕਾਂ ਨਵੀਸ ਤੇ ਇਕ ਸੇਵਾਦਾਰ ਰਾਹੀਂ, ਬਰਨਾਲਾ ਜ਼ਿਲ੍ਹੇ ਦਾ ਇਕ ਤਹਿਸੀਲਦਾਰ 2 ਵਸੀਕਾ ਨਵੀਸਾਂ ਰਾਹੀਂ, ਸੰਗਰੂਰ ਜ਼ਿਲ੍ਹੇ ਦੇ 2 ਅਧਿਕਾਰੀ ਇਕ ਪ੍ਰਾਈਵੇਟ ਤੇ ਇਕ ਅਰਜੀ ਨਵੀਸ ਰਾਹੀਂ, ਮੋਗਾ ਜ਼ਿਲ੍ਹੇ ਦਾ 1 ਅਧਿਕਾਰੀ ਰਜਿਸਟਰੀ ਕਲਰਕ ਰਾਹੀਂ, ਫਿਰੋਜ਼ਪੁਰ ਦਾ ਇਕ ਅਧਿਕਾਰੀ ਪ੍ਰਾਈਵੇਟ ਵਿਅਕਤੀ ਰਾਹੀਂ, ਫਾਜ਼ਲਿਕਾ ਜ਼ਿਲ੍ਹੇ ਦਾ ਇਕ ਅਧਿਕਾਰੀ 3 ਅਰਜੀ ਨਵੀਸਾਂ ਰਾਹੀਂ, ਮੋਹਾਲੀ ਜ਼ਿਲ੍ਹੇ ਦੇ 4 ਅਧਿਕਾਰੀ 18 ਅਰਜੀ ਨਵੀਸਾਂ ਤੇ ਹੋਰ ਰਾਹੀਂ, ਰੂਪਨਗਰ ਜ਼ਿਲ੍ਹੇ ਦੇ 4 ਅਧਿਕਾਰੀ 8 ਵਸੀਕਾ ਨਵੀਸਾਂ ਰਾਹੀਂ, ਫਤਿਹਗੜ੍ਹ ਸਾਹਿਬ ਦਾ ਇਕ ਅਧਿਕਾਰੀ 3 ਵਿਅਕਤੀਆਂ ਰਾਹੀਂ, ਜਲੰਧਰ ਜ਼ਿਲ੍ਹੇ ਦੇ 4 ਅਧਿਕਾਰੀਆਂ ਵਿਚੋਂ ਦੋ ਸਿੱਧੇ ਤੌਰ ‘ਤੇ ਅਤੇ ਦੋ ਕਲਰਕਾਂ ਰਾਹੀਂ, ਹੁਸ਼ਿਆਰਪੁਰ ਜ਼ਿਲ੍ਹੇ ਵਿਚ 5 ਅਧਿਕਾਰੀ ਚੌਕੀਦਾਰ, ਡੀਡ ਰਾਈਟਰ ਤੇ 3 ਹੋਰ ਵਿਅਕਤੀਆਂ ਰਾਹੀਂ, ਕਪੂਰਥਲਾ ਜ਼ਿਲ੍ਹੇ ਦੇ 3 ਅਧਿਕਾਰੀ 7 ਡੀਡ ਰਾਈਟਰਾਂ ਰਾਹੀਂ, ਸ਼ਹੀਦ ਭਗਤ ਸਿੰਘ ਨਗਰ ਦੇ 2 ਅਧਿਕਾਰੀ ਚਪੜਾਸੀ ਰਾਹੀਂ ਅਤੇ ਲੁਧਿਆਣਾ ਜ਼ਿਲ੍ਹੇ ਦੇ 6 ਅਧਿਕਾਰੀ 20 ਵਸੀਕਾ ਨਵੀਸਾਂ, ਕਲਰਕਾਂ ਤੇ ਹੋਰ ਵਿਅਕਤੀਆਂ ਰਾਹੀਂ ਰਿਸ਼ਵਤ ਹਾਸਲ ਕਰ ਰਹੇ ਹਨ।