Jalandhar News: ਫ਼ਾਈਨਾਂਸਰ ਤੋਂ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
ਸੋਸ਼ਲ ਮੀਡੀਆ 'ਤੇ ਵੀਡੀਉ ਪਾ ਕੇ ਦੱਸਿਆ ਕਾਰਨ
Jalandhar News: ਜਲੰਧਰ ਦੇ ਫ਼ਿਲੌਰ ਵਿਚ 2 ਬੱਚਿਆਂ ਦੇ ਪਿਤਾ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕਸ਼ਮੀਰੀ ਲਾਲ ਨੇ ਖੁਦਕੁਸ਼ੀ ਤੋਂ ਪਹਿਲਾਂ ਸੋਸ਼ਲ ਮੀਡੀਆ ਅਕਾਊਂਟ ਫ਼ੇਸਬੁੱਕ ਉੱਤੇ ਲਾਈਵ ਹੋ ਕੇ ਸਲਫ਼ਾਸ ਦੀਆਂ ਗੋਲੀਆਂ ਨਿਗਲ ਲਈਆਂ। ਇਸ ਦੌਰਾਨ ਉਸ ਨੇ ਖ਼ੁਦਕੁਸ਼ੀ ਦਾ ਕਾਰਨ ਵੀ ਦੱਸਿਆ।
ਉਸ ਨੇ ਦੱਸਿਆ ਕਿ ਉਹ ਪੈਸੇ ਦੁੱਗਣੇ ਕਰਨ ਦੇ ਲਾਲਚ ਦਾ ਸ਼ਿਕਾਰ ਹੋ ਗਿਆ ਸੀ ਅਤੇ ਆਪਣੀ ਜ਼ਿੰਦਗੀ ਦੀ ਕਮਾਈ ਗੁਆ ਬੈਠਾ ਸੀ। ਉਸ ਦੀ ਘਰ ਅਤੇ ਦੁਕਾਨ ਗਿਰਵੀ ਹੈ। ਜਦੋਂ ਕਿ ਉਸ ਦੀ ਪਤਨੀ ਅਤੇ ਭੈਣ ਦੇ ਨਾਮ 'ਤੇ ਬੈਂਕਾਂ ਤੋਂ ਵੱਡੇ ਕਰਜ਼ੇ ਲਏ ਗਏ ਹਨ।
ਹਾਲਾਂਕਿ, ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਦੋਸ਼ੀ ਪਵਨ ਕੁਮਾਰ ਅਤੇ ਉਸ ਦੇ ਪਰਿਵਾਰ ਵਿਰੁੱਧ ਕੇਸ ਦਰਜ ਕੀਤਾ।
ਕਸ਼ਮੀਰੀ ਲਾਲ ਪਿੰਡ ਵਿੱਚ ਹੀ ਚਮੜੇ ਦੇ ਦਸਤਾਨੇ ਬਣਾਉਂਦਾ ਸੀ। ਉਸ ਨੇ ਫੇਸਬੁੱਕ 'ਤੇ ਲਾਈਵ ਵਿੱਚ ਦੱਸਿਆ ਕਿ ਉਹ 7 ਸਾਲ ਪਹਿਲਾਂ ਪਵਨ ਕੁਮਾਰ ਨਾਮ ਦੇ ਵਿਅਕਤੀ ਨੂੰ ਮਿਲਿਆ ਸੀ। ਜਦੋਂ ਉਹ ਕੁਝ ਸਾਲਾਂ ਬਾਅਦ ਉਸ ਨੂੰ ਦੁਬਾਰਾ ਮਿਲਿਆ ਤਾਂ ਉਹ ਬਹੁਤ ਅਮੀਰ ਸੀ ਅਤੇ ਉਸ ਦਾ ਇੱਕ ਆਲੀਸ਼ਾਨ ਘਰ ਸੀ। ਉਸ ਨੇ ਆਪਣੇ ਆਪ ਨੂੰ ਇੱਕ ਫ਼ਾਈਨਾਂਸਰ ਅਤੇ ਲੋਕਾਂ ਦੇ ਪੈਸੇ ਦੁੱਗਣੇ ਕਰਨ ਵਾਲਾ ਦੱਸਿਆ। ਇਸ ਤੋਂ ਬਾਅਦ, ਕਸ਼ਮੀਰੀ ਨੇ ਆਪਣੇ 2 ਦੋਸਤਾਂ ਤੋਂ ਕਰਜ਼ਾ ਲਿਆ ਅਤੇ ਪੈਸੇ ਪਵਨ ਨੂੰ ਦੇ ਦਿੱਤੇ। ਜਦੋਂ ਉਸ ਨੇ ਉਸ ਨੂੰ 25 ਲੱਖ ਰੁਪਏ ਨਿਵੇਸ਼ ਕਰਨ ਲਈ ਕਿਹਾ, ਤਾਂ ਉਸ ਨੇ ਉਸ ਨੂੰ ਆਪਣਾ ਘਰ ਅਤੇ ਦੁਕਾਨ ਗਿਰਵੀ ਰੱਖਣ ਦੀ ਸਲਾਹ ਦਿੱਤੀ। ਉਸ ਨੇ ਆਪਣੀ ਪਤਨੀ ਅਤੇ ਭੈਣ ਦੇ ਨਾਮ 'ਤੇ ਕਰਜ਼ਾ ਲੈ ਲਿਆ। ਇਸ ਤੋਂ ਬਾਅਦ ਪਵਨ ਨੇ ਕਸ਼ਮੀਰੀ ਲਾਲ ਨੂੰ ਕਿਹਾ ਕਿ ਜਦੋਂ ਤੱਕ ਉਹ ਪੂਰੇ 25 ਲੱਖ ਰੁਪਏ ਨਹੀਂ ਦਿੰਦਾ, ਉਸ ਨੂੰ ਕੋਈ ਲਾਭ ਨਹੀਂ ਮਿਲੇਗਾ। ਮ੍ਰਿਤਕ ਪਹਿਲਾਂ ਹੀ 22 ਲੱਖ 75 ਹਜ਼ਾਰ ਰੁਪਏ ਅਦਾ ਕਰ ਚੁੱਕਾ ਸੀ। ਜਦੋਂ ਉਹ ਪਵਨ ਕੋਲ ਗਿਆ ਤਾਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਜੇਲ ਭੇਜਣ ਦੀ ਧਮਕੀ ਦਿੱਤੀ। ਨਿਰਾਸ਼ ਹੋ ਕੇ, ਕਸ਼ਮੀਰੀ ਲਾਲ ਘਰ ਆਇਆ ਅਤੇ ਦੁਪਹਿਰ 2.45 ਵਜੇ ਸਲਫ਼ਾਸ ਨਿਗਲ ਲਿਆ। ਕਸ਼ਮੀਰੀ ਦੇ ਪਰਿਵਾਰਕ ਮੈਂਬਰ ਉਸ ਨੂੰ ਡੀਐਮਸੀ ਲੁਧਿਆਣਾ ਵੀ ਲੈ ਗਏ, ਪਰ ਉੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਦੋ ਬੱਚੇ (ਇੱਕ ਪੁੱਤਰ ਅਤੇ ਇੱਕ ਧੀ) ਛੱਡ ਗਿਆ।