ਡੀ.ਜੀ.ਪੀ ਸੁਰੇਸ਼ ਅਰੋੜਾ ਪਹਿਲਾਂ ਅਪਣੀ ਪੀੜੀ ਹੇਠਾਂ ਸੋਟਾ ਫੇਰਨ : ਬੈਂਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਇਨਸਾਫ ਪਾਰਟੀ ਦੇ ਪ੍ਰਮੁੱਖ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਡੀਜੀਪੀ ਸੁਰੇਸ਼ ਅਰੋੜਾ ਕਿੰਨੇ ਕੁ ਇਮਾਨਦਾਰ ਹਨ ਤੇ ਕਿੰਨੇ ਕੁ ਨਸ਼ਿਆਂ...

Simranjit Singh Bains

ਲੁਧਿਆਣਾ,  ਲੋਕ ਇਨਸਾਫ ਪਾਰਟੀ ਦੇ ਪ੍ਰਮੁੱਖ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਡੀਜੀਪੀ ਸੁਰੇਸ਼ ਅਰੋੜਾ ਕਿੰਨੇ ਕੁ ਇਮਾਨਦਾਰ ਹਨ ਤੇ ਕਿੰਨੇ ਕੁ ਨਸ਼ਿਆਂ ਖਿਲਾਫ ਹਨ, ਇਸ ਬਾਰੇ ਅੱਜ ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਤੇ ਇਹ ਗੱਲ ਸੂਬੇ ਦੇ ਲੋਕਾਂ ਚੰਗੀ ਤਰਾਂ ਜਾਣਦੇ ਹਨ। ਵਿਧਾਇਕ ਬੈਂਸ ਨੇ ਇਹ ਵੀ ਕਿਹਾ ਕਿ ਜੇਕਰ ਡੀਜੀਪੀ ਅਰੋੜਾ ਸੱਚੇ ਸਨ ਤਾਂ ਜਿਸ ਦਿਨ ਚੱਟੋਪਾਧਿਆ ਨੇ ਹਾਈਕੋਰਟ ਵਿੱਚ ਸਿੱਧੇ ਤੌਰ ਤੇ ਦੋਸ਼ ਲਗਾਏ ਸਨ ਉਸ ਦਿਨ ਅਸਤੀਫਾ ਦਿੰਦੇ ਅਤੇ ਹੁਣ ਬਿਆਨ ਬਾਜੀ ਕਰਕੇ ਇਮਾਨਦਾਰ ਹੋਣ ਦਾ ਰੋਣਾ ਰੋਣ ਦੀ ਬਜਾਏ ਪੁਲਸ ਤੇ ਲੱਗ ਰਹੇ ਦੋਸ਼ਾਂ ਦੀ ਜਾਂਚ ਕਰਨ। 

ਵਿਧਾਇਕ ਬੈਂਸ ਅੱਜ ਕੋਟ ਮੰਗਲ ਸਿੰਘ ਦਫਤਰ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਵਿਧਾਇਕ ਬੈਂਸ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਐਸ.ਟੀ.ਐਫ. ਅਤੇ ਚੱਟੋਪਾਧਿਆ ਦੀ ਰਿਪੋਰਟ ਅਤੇ ਕਾਂਗਰਸ ਦੇ ਹੀ ਮੰਤਰੀ ਨਵਜੋਤ ਸਿੱਧੂ ਸਾਫ ਕਹਿ ਰਹੇ ਸਨ ਕਿ ਨਸ਼ਿਆਂ ਦੀ ਤਸਕਰੀ ਵਿੱਚ ਕੌਣ ਕੌਣ ਸ਼ਾਮਲ ਹੈ, ਜਦੋਂ ਕਿ ਹਾਈਕੋਰਟ ਵਲੋਂ ਨਸ਼ਿਆਂ ਖਿਲਾਫ ਜਾਂਚ ਲਈ ਬਣਾਈ ਗਈ ਐਸਆਈਟੀ ਦੇ ਮੁਖੀ ਚੱਟੋਪਾਧਿਆ ਨੇ ਰਿਪੋਰਟ ਬਣਾਈ ਤਾਂ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾਣ ਲੱਗੀਆਂ,

ਜਿਸ ਸਬੰਧੀ ਚੱਟੋਪਾਧਿਆ ਹਾਈਕੋਰਟ ਨੂੰ ਦੱਸ ਚੁੱਕੇ ਹਨ। ਐਸੇ ਵਿੱਚ ਡੀਜੀਪੀ ਸੁਰੇਸ਼ ਅਰੋੜਾ ਵਲੋਂ ਇਮਾਨਦਾਰੀ ਤੇ ਪੁਲਸ ਤੇ ਉਂਗਲ ਉਠਾਉਣ ਦੀ ਗੱਲ ਕਰਨੀ ਹਾਸੋਹੀਣਾ ਲੱਗਦੀ ਹੈ। ਉਨ੍ਹਾਂ ਕਿਹਾ ਕਿ ਅੱਜ ਡੀਜੀਪੀ ਜਿਹੜਾ ਰਾਮ ਰੌਲਾ ਪਾ ਰਹੇ ਹਨ ਇਹ ਸਿਰਫ ਤੇ ਸਿਰਫ ਮੋਗਾ ਦੇ ਸਾਬਕਾ ਐਸਐਸਪੀ ਰਾਜਜੀਤ ਨੂੰ ਬਚਾਉਣ ਦਾ ਹੀ ਇੱਕ ਹੀਲਾ ਹੈ।

ਵਿਧਾਇਕ ਬੈਂਸ ਨੇ ਕਿਹਾ ਕਿ ਅੱਜ ਵੀ ਸੂਬੇ ਭਰ ਦੇ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਨਸ਼ਾ ਤਸਕਰਾਂ ਨਾਲ ਗੰਢਤੁੱਪ ਜੱਗ ਜਾਹਰ ਹੈ ਅਤੇ ਜੇਕਰ ਡੀਜੀਪੀ ਸੁਰੇਸ਼ ਅਰੋੜਾ ਆਪਣੀ ਜਿੰਮੇਵਾਰੀ ਨਹੀਂ ਨਿਭਾਅ ਸਕਦੇ ਤਾਂ ਅਸਤੀਫਾ ਦੇ ਕੇ ਲਾਂਭੇ ਹੋ ਜਾਣ ਤਾਂ ਜੋ ਕੋਈ ਇਮਾਨਦਾਰ ਅਧਿਕਾਰੀ ਆ ਕੇ ਇਨ੍ਹਾਂ ਉਪਰੋਕਤ ਲੱਗ ਰਹੇ ਦੋਸ਼ਾਂ ਸਬੰਧੀ ਕਾਰਵਾਈ ਕਰ ਸਕੇ।