ਖ਼ੁਦਕੁਸ਼ੀ ਮਾਮਲੇ 'ਚ ਕਿਸਾਨਾਂ-ਆੜ੍ਹਤੀਆਂ ਦਾ ਟਕਰਾਅ ਮਸਾਂ ਟਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਸ਼ਹਿਰ ਅੰਦਰ ਭਾਕਿਯੂ ਉਗਰਾਹਾਂ ਵਲੋਂ ਕਿਸਾਨ ਗੁਰੇਸਵਕ ਸਿੰਘ ਲਹਿਰਾ ਧੂਰਕੋਟ ਦੇ ਖੁਦਕਸ਼ੀ ਮਾਮਲੇ ਵਿਚ ਥਾਣਾ ਸਿਟੀ ਦੇ ਬਾਹਰ ਧਰਨੇ ਨੂੰ ਲਾਉਣ ...

Farmers Aarti Clashes

ਰਾਮਪੁਰਾ (ਬਠਿੰਡਾ), ਸਥਾਨਕ ਸ਼ਹਿਰ ਅੰਦਰ ਭਾਕਿਯੂ ਉਗਰਾਹਾਂ ਵਲੋਂ ਕਿਸਾਨ ਗੁਰੇਸਵਕ ਸਿੰਘ ਲਹਿਰਾ ਧੂਰਕੋਟ ਦੇ ਖੁਦਕਸ਼ੀ ਮਾਮਲੇ ਵਿਚ ਥਾਣਾ ਸਿਟੀ ਦੇ ਬਾਹਰ ਧਰਨੇ ਨੂੰ ਲਾਉਣ ਤੋ ਪਹਿਲਾ ਹੀ ਹਾਲਾਤ ਇਕ ਵਾਰ ਟਕਰਾਅ ਵਾਲੀ ਸਥਿਤੀ ਦੇ ਬਣ ਗਏ ਸਨ ਕਿਉਕਿ ਆੜਤੀਆਂ ਅਤੇ ਕਿਸਾਨਾਂ ਵਿਚ ਆਪਸੀ ਟਕਰਾਅ ਹੁੰਦਾ ਹੁੰਦਾ ਮਸਾਂ ਟਲਿਆ ਜਦਕਿ ਉਕਤ ਟਕਰਾਅ ਦਾ ਆਉਦੇਂ ਦਿਨਾਂ ਵਿਚ ਹੋਣਾ ਪੱਕਾ ਵਿਖਾਈ ਦੇ ਰਿਹਾ ਹੈ।    

ਮੌਕੇ 'ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅਨਾਜ ਮੰਡੀ ਅੰਦਰ ਬਣਿਆ ਥਾਣਾ ਸਿਟੀ ਰਾਮਪੁਰਾ ਦੇ ਬਾਹਰ ਮਾਮਲੇ ਵਿਚ ਨਾਮਜਦ ਰਹਿੰਦੇ ਤਿੰਨ ਵਿਅਕਤੀਆਂ ਦੀ ਗਿਫਤਾਰੀ ਨੂੰ ਲੈ ਕੇ ਕਿਸਾਨ ਯੂਨੀਅਨ ਵਲੋ ਧਰਨੇ ਦੀਆ ਤਿਆਰੀਆਂ ਵਿਚ ਅੜਿੱਕਾ ਬਣ ਰਹੇ ਪਹਿਲਾ ਤੋ ਹੀ ਸ਼ੈਂਡ ਹੇਠ ਖੜੇ ਆੜਤੀਏ ਦੇ ਟਰੱਕ ਨੂੰ ਕਿਸਾਨ ਆਗੂਆਂ ਵਲੋ ਜਲਦ ਉਕਤ ਜਗਾਂ ਤੋ ਹਟਾ ਲੈਣ ਦੇ ਕਹਿਣ ਉਪਰੰਤ ਖੁਦ ਹੀ ਟਰੱਕ ਦੀ ਤਾਕੀ ਦਾ ਜਿੰਦਰਾਂ ਭੰਨ ਕੇ ਟਰੱਕ ਨੂੰ ਸੜਕ ਵਿਚਾਲੇ ਕਰ ਦਿੱਤੇ

ਜਾਣ ਤੋ ਬਾਅਦ ਆੜਤੀਏ ਭੜਕ ਉਠੇ ਜਦਕਿ ਮੰਚ ਉਪਰੋ ਵੀ ਲਗਾਤਾਰ ਆੜਤੀਆਂ ਦੀ ਹੀ ਬੁੱਕਲ ਵਿਚ ਬਹਿ ਕੇ ਦਾੜੀ ਮੁੰਨਣ ਵਾਂਗ ਕੀਤੇ ਜਾ ਰਹੇ ਪ੍ਰਚਾਰ ਤੋ ਆੜਤੀਏ ਡਾਹਢੇ ਪ੍ਰੇਸ਼ਾਨ ਨਜਰ ਆਏ। ਜਿਸ ਤੋ ਬਾਅਦ ਐਸੋਸੀਏਸ਼ਨ ਵੱਲੋ ਨਗਰ ਕੌਸਲ ਦੇ ਸਾਬਕਾ ਪ੍ਰਧਾਨ ਸੁਰੇਸ਼ ਕੁਮਾਰ ਬਾਹੀਆ ਅਤੇ ਕੱਚਾ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਕੁਮਾਰ ਸਿਉਪਾਲ ਦੀ ਅਗਵਾਈ ਵਿਚ ਸ਼ਹਿਰ ਅੰਦਰਲੀਆ ਹੋਰਨਾਂ ਵਪਾਰਿਕ ਜੱਥੇਬੰਦੀਆਂ ਵੱਲੋ ਸਮੁੱਚੇ ਬਜਾਰਾਂ ਨੂੰ ਬੰਦ ਕਰਵਾ ਕੇ ਪ੍ਰਸਾਸਨ ਖਿਲਾਫ ਜੋਰਦਾਰ ਨਾਹਰੇਬਾਜੀ ਕੀਤੀ ਗਈ।

ਵਪਾਰੀਆਂ ਵੱਲੋ ਬੰਦ ਦੀ ਦਿੱਤੀ ਕਾਲ ਨੂੰ ਜਬਰਦਸਤ ਹੁੰਗਾਰਾਂ ਮਿਲਿਆ ਕਿਉਕਿ ਸ਼ਹਿਰ ਵਿਚਲੇ ਕਰੀਬ ਸਮੁੱਚੇ ਵੱਡੇ ਵਪਾਰਾਂ ਸਣੇ ਇਕਾ ਦੁੱਕਾ ਗਲੀ ਮੁਹੱਲਿਆਂ ਵਾਲੀਆ ਦੁਕਾਨਾਂ ਨੂੰ ਛੱਡ ਕੇ ਸਮੁੱਚੇ ਵਪਾਰੀਆਂ ਨੇ ਰੋਸ ਵਜੋ ਅਪਣੇ ਵਪਾਰ ਬੰਦ ਰੱਖੇ। ਪ੍ਰਧਾਨ ਬਾਹੀਆ ਅਤੇ ਪ੍ਰਧਾਨ ਨਰੇਸ਼ ਕੁਮਾਰ ਨੇ ਕਿਹਾ ਕਿ ਕਿਸਾਨ ਯੂਨੀਅਨ ਧੱਕੇ ਨਾਲ ਉਨ੍ਹਾਂ ਦੀਆ ਦੁਕਾਨਾਂ ਬੰਦ ਕਰਵਾ ਰਹੀ ਹੈ।

ਜਿਸ ਨੂੰ ਹਰਗਿਜ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾਂ ਸਮੁੱਚੇ ਵਪਾਰੀਆਂ ਨੂੰ ਇਕਜੁਟ ਹੋ ਕੇ ਵੱਖਰੇ ਤਰ੍ਹਾਂ ਦੇ ਵਪਾਰੀਆਂ ਨੂੰ ਡਰਾਉਣ ਵਰਗੀਆ ਕਾਰਵਾਈਆਂ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਤਾਂ ਜੋ ਡੁੱਬ ਰਹੇ ਵਪਾਰ ਨੂੰ ਬਚਾਇਆ ਜਾ ਸਕੇ। ਇਸ ਮੌਕੇ ਪ੍ਰਧਾਨ ਵੱਡੀ ਗਿਣਤੀ ਵਿਚ ਵਪਾਰੀ ਹਾਜਰ ਸਨ। ਕਿਸਾਨਾਂ ਅਤੇ ਵਪਾਰੀਆਂ ਵਿਚਕਾਰ ਧਰਨੇ ਨੂੰ ਲੈ ਕੇ ਹੁੰਦਾ ਟਕਰਾਅ ਬੇਸ਼ੱਕ ਆਰਜੀ ਤੋਰ 'ਤੇ ਟਲ ਗਿਆ ਹੈ ਪਰ ਅਜਿਹੇ ਮੁੱਦੇ ਆਉਦੇਂ ਦਿਨਾਂ ਵਿਚ ਵੀ ਭਖਦੇ ਹੀ ਰਹਿਣਗੇ।

ਥਾਣਾ ਸਿਟੀ ਰਾਮਪੁਰਾ ਪਿਛਲੇ ਲੰਬੇਂ ਸਮੇਂ ਤੋ ਸ਼ਹਿਰੀਆਂ ਦੀ ਸੁਰੱਖਿਆ ਲਈ ਖੋਲਿਆ ਹੋਇਆ ਥਾਣਾ ਹੈ ਤਾਂ ਜੋ ਸ਼ਹਿਰੀਆਂ ਨੂੰ ਕਿਸੇ ਵੀ ਪ੍ਰਕਾਰ ਦੀ ਲੋੜ ਪੈਣ 'ਤੇ ਸ਼ਹਿਰ ਦੇ ਐਨ ਵਿਚਕਾਰ ਬਣੇ ਥਾਣੇ ਅੰਦਰ ਛੇਤੀ ਉਪੜਿਆ ਜਾ ਸਕੇ। ਪਰ ਸਮੇਂ ਦੀ ਵਧ ਰਹੀ ਰਫਤਾਰ ਕਾਰਨ ਹੁਣ ਸ਼ਹਿਰ ਕਾਫੀ ਵਸੋ ਵਜੋ ਫੈਲ ਗਿਆ ਹੇ। ਜਿਸ ਕਾਰਨ ਉਕਤ ਥਾਣੇ ਨੂੰ ਮੁੱਖ ਮਾਰਗ ਜਾਂ ਫੇਰ ਸ਼ਹਿਰ ਦੇ ਵਪਾਰਿਕ ਖੇਤਰ ਤੋ ਬਾਹਰ ਕੱਢਣ ਦੀ ਲੋੜ ਮਹਿਸੂਸ ਹੋਣ ਲੱਗ ਪਈ ਹੈ ਤਾਂ ਜੋ ਧਰਨੇਕਾਰੀਆਂ ਅਤੇ ਵਪਾਰੀਆ ਵਿਚਕਾਰ ਇਸਦੇ ਟਕਰਾਅ ਦਾ ਪੱਕਾ ਹੱਲ ਕੱਢਿਆ ਜਾ ਸਕੇ। ਜਿਸ 'ਤੇ ਆਉਦੇਂ ਦਿਨਾਂ ਵਿਚ ਪ੍ਰਸਾਸਨ ਨੂੰ ਜਰੂਰ ਵਿਚਾਰ ਕਰਨਾ ਪਵੇਗਾ।