ਕਿਸਾਨਾਂ ਨੇ ਗੰਨੇ ਦੀ ਅਦਾਇਗੀ ਨੂੰ ਲੈ ਕੇ ਕੀਤਾ ਰੋਸ ਮਾਰਚ
ਪੱਗੜੀ ਸੰਭਾਲ ਜੱਟਾ ਲਹਿਰ ਦੇ ਸੱਦੇ 'ਤੇ ਅੱਜ ਇਥੇ ਕਰੀਬ ਇੱਕ ਹਜ਼ਾਰ ਤੋਂ ਵਧੇਰੇ ਕਿਸਾਨਾਂ ਨੇ ਇਕੱਤਰ ਹੋ ਕੇ ਸਰਕਾਰ ਅਤੇ ਨਿੱਜੀ ਖੰਡ ਮਿੱਲਾਂ ਵੱਲੋਂ ਦਬਾ ਕੇ ਰੱਖੀ......
ਗੁਰਦਾਸਪੁਰ : ਪੱਗੜੀ ਸੰਭਾਲ ਜੱਟਾ ਲਹਿਰ ਦੇ ਸੱਦੇ 'ਤੇ ਅੱਜ ਇਥੇ ਕਰੀਬ ਇੱਕ ਹਜ਼ਾਰ ਤੋਂ ਵਧੇਰੇ ਕਿਸਾਨਾਂ ਨੇ ਇਕੱਤਰ ਹੋ ਕੇ ਸਰਕਾਰ ਅਤੇ ਨਿੱਜੀ ਖੰਡ ਮਿੱਲਾਂ ਵੱਲੋਂ ਦਬਾ ਕੇ ਰੱਖੀ ਇਕ ਹਜ਼ਾਰ ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰਨ ਦੀ ਮੰਗ ਕੀਤੀ। ਇਸ ਮੌਕੇ ਚਿਤਾਵਨੀ ਦਿੱਤੀ ਗਈ ਕਿ ਜੇ 10 ਦਿਨਾਂ ਵਿਚ ਬਕਾਏ ਨਾ ਦਿੱਤੇ ਗਏ ਤਾਂ ਰੋਸ ਵੱਜੋਂ ਪੰਜਾਬ ਦੀਆਂ ਸੜਕਾਂ ਜਾਮ ਕੀਤੀਆਂ ਜਾਣਗੀਆਂ। ਅੱਜ ਗੁਰਦਾਸਪੁਰ ਦੀਆਂ ਸੜਕਾਂ ਅਤੇ ਬਜ਼ਾਰਾਂ ਵਿਚ ਜ਼ੋਰਦਾਰ ਨਾਅਰੇਬਾਜੀ ਕਰਨ ਉਪਰੰਤ ਡੀ.ਸੀ. ਦੀ ਗੈਰ ਮੌਜੂਦਗੀ ਵਿਚ ਐਸ.ਡੀ.ਐਮ. ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ।
ਕਿਸਾਨ ਵੱਖ ਵੱਖ ਵਾਹਨਾਂ ਰਾਹੀਂ ਗੁਰਦਾਸਪੁਰ ਸ਼ਹਿਰ ਅੰਦਰ ਦਾਖਲ ਹੋਣ ਤੋਂ ਪਹਿਲਾਂ ਤਿੱਬੜੀ ਰੋਡ ਸਥਿਤ ਸੰਤ ਬਾਬਾ ਟਹਿਲ ਸਿੰਘ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਏ£ ਇਸ ਦੇ ਬਾਅਦ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਏ ਕਿਸਾਨ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਪੱਗੜੀ ਸੰਭਾਲ ਜੱਟਾ ਲਹਿਰ ਦੇ ਸੂਬਾਈ ਕਨਵੀਨਰ ਕੰਵਲਪ੍ਰੀਤ ਸਿੰਘ ਕਾਕੀ ਅਤੇ ਪੰਜਾਬ ਸ਼ੂਗਰਫੇਡ ਦੇ ਸਾਬਕਾ ਚੇਅਰਮੈਨ ਸੁਖਬੀਰ ਸਿੰਘ ਵਾਹਲਾ ਕਰ ਰਹੇ ਸਨ। ਸਾਰੇ ਪ੍ਰਦਰਸ਼ਨਕਰੀਆਂ ਨੇ ਕਿਸਾਨੀ ਮੰਗਾਂ ਦਰਸਾਉਂਦੀਆਂ ਹੱਥਾ ਵਿਚ ਤਖਤੀਆਂ ਫੜੀਆਂ ਹੋਈਆਂ ਸਨ।
ਲਹਿਰ ਦੇ ਸੂਬਾਈ ਕਨਵੀਨਰ ਕੰਵਲਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੀਆਂ ਨਿੱਜੀ ਖੰਡ ਮਿੱਲਾਂ ਵੱਲ ਕਿਸਾਨਾਂ ਦੇ ਗੰਨੇ ਦੀ ਕਰੀਬ 968 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਖੜੀ ਹੈ ਜਦੋਂ ਕਿ ਸਰਕਾਰੀ ਮਿੱਲਾਂ ਦੀ ਅਦਾਇਗੀ ਮਿਲਾ ਲਈ ਜਾਵੇ ਤਾਂ ਇਹ ਅਦਾਇਗੀ ਇੱਕ ਹਜ਼ਾਰ ਰੁਪਏ ਤੋਂ ਵੀ ਜ਼ਿਆਦਾ ਬਣਦੀ ਹੈ। ਬੁਲਾਰਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਿੱਜੀ ਮਿਲਾਂ ਜਾਂ ਸਰਕਾਰੀ ਮਿੱਲਾਂ ਵੱਲੋ 10 ਦਿਨਾਂ ਦੇ ਅੰਦਰ ਅੰਦਰ ਕਿਸਾਨਾਂ ਦੇ ਗੰਨੇ ਦੀ ਸਾਰੀ ਅਦਾਇਗੀ ਨਾ ਦਿੱਤੀ ਗਈ ਤਾਂ ਪੰਜਾਬ ਦੀ ਸੜਕੀ ਆਵਾਜਾਈ ਠੱਪ ਕੀਤੀ ਜਾਵੇਗੀ।