ਅਸਤੀਫ਼ੇ ਮਗਰੋਂ ਨਵਜੋਤ ਸਿੰਘ ਸਿੱਧੂ ਨੇ ਸਰਕਾਰੀ ਕੋਠੀ ਕੀਤੀ ਖਾਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਠੀ ਨੂੰ ਖਾਲੀ ਕਰਵਾਉਣ ਲਈ ਸਿੱਧੂ ਖੁਦ ਸਰਕਾਰੀ ਰਿਹਾਇਸ਼ 'ਤੇ ਗਏ

Navjot Singh Sidhu vacates official bungalow

ਚੰਡੀਗੜ੍ਹ : ਪੰਜਾਬ ਕੈਬਨਿਟ 'ਚੋਂ ਅਹੁਦਾ ਛੱਡਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਆਪਣੀ ਚੰਡੀਗੜ੍ਹ ਸਥਿਤ ਸਰਕਾਰੀ ਕੋਠੀ ਵੀ ਛੱਡ ਦਿੱਤੀ ਹੈ। ਇਹ ਜਾਣਕਾਰੀ ਸਿੱਧੂ ਨੇ ਟਵੀਟ ਕਰ ਕੇ ਦਿੱਤੀ। ਸਿੱਧੂ ਨੇ ਲਿਖਿਆ ਕਿ ਪੰਜਾਬ ਸਰਕਾਰ ਵਲੋਂ ਦਿੱਤੀ ਗਈ ਸਰਕਾਰੀ ਰਿਹਾਇਸ਼ ਉਨ੍ਹਾਂ ਨੇ ਖਾਲੀ ਕਰ ਦਿੱਤੀ ਹੈ ਅਤੇ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਹੈ।

 


 

ਕੋਠੀ ਨੂੰ ਖਾਲੀ ਕਰਵਾਉਣ ਲਈ ਸਿੱਧੂ ਖੁਦ ਸਰਕਾਰੀ ਰਿਹਾਇਸ਼ 'ਤੇ ਗਏ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਵੀ ਮੌਜੂਦ ਸੀ। ਇਸ ਦੌਰਾਨ ਨਵਜੋਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਘਰ ਅੰਦਰ ਕਿਸੇ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਅਤੇ ਸ਼ਾਮ ਤਕ ਸਾਮਾਨ ਪੈਕ ਕਰ ਕੇ ਗੱਡੀਆਂ ਬਾਹਰ ਜਾਂਦੀਆਂ ਦਿਖੀਆਂ।

ਸਰਕਾਰੀ ਰਿਹਾਇਸ਼ ਖਾਲੀ ਕਰਨ ਤੋਂ ਬਾਅਦ ਸਿੱਧੂ ਨੇ ਟਵੀਟ ਕਰ ਦੱਸਿਆ ਕਿ ਉਨ੍ਹਾਂ ਸਰਕਾਰੀ ਕੋਠੀ ਖਾਲੀ ਕਰ ਦਿੱਤੀ ਹੈ ਅਤੇ ਪੰਜਾਬ ਸਰਕਾਰ ਦੇ ਹਵਾਲੇ ਕਰ ਦਿਤਾ ਹੈ। ਉਂਜ ਸਿੱਧੂ ਨੇ ਬੀਤੇ ਦਿਨੀਂ ਕੋਠੀ ਵਿਚਲਾ ਕਾਫੀ ਸਾਮਾਨ ਟਰੱਕ ਰਾਹੀਂ ਭਿਜਵਾ ਦਿੱਤਾ ਸੀ ਪਰ ਬਾਕੀ ਸਮਾਨ ਅੱਜ ਉਹ ਖੁਦ ਆ ਕੇ ਲੈ ਗਏ।

ਜ਼ਿਕਰਯੋਗ ਹੈ ਕਿ ਸਰਕਾਰੀ ਘਰ 'ਚ ਜ਼ਿਆਦਾ ਸਾਮਾਨ ਤਾਂ ਸਰਕਾਰੀ ਹੀ ਹੁੰਦਾ ਹੈ ਪਰ ਸਿੱਧੂ ਦਾ ਆਪਣਾ ਨਿੱਜੀ ਸਾਮਾਨ ਵੀ ਇਥੇ ਸੀ। ਸਿੱਧੂ ਨੇ ਘਰ 'ਚ ਆਪਣੇ ਨਾਲ ਮਿਲੇ ਸਰਕਾਰੀ ਸਟਾਫ਼ ਨੂੰ ਵੀ ਵਾਪਸ ਭੇਜ ਦਿੱਤਾ ਹੈ। ਹੁਣ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਸਾਰਿਆਂ ਦੀਆਂ ਨਜ਼ਰਾਂ ਸਿੱਧੂ ਦੇ ਅਗਲੇ ਕਦਮ 'ਤੇ ਟਿਕੀਆਂ ਹਨ ਅਤੇ ਚਰਚਾ ਹੈ ਕਿ 22 ਜੁਲਾਈ ਨੂੰ ਹੋਣ ਵਾਲੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਹੀ ਉਹ ਆਪਣੇ ਪੱਤੇ ਖੋਲ੍ਹਣਗੇ।