ਯੂ.ਏ.ਪੀ.ਏ ਦੇ ਹਾਮੀਆਂ ਵਿਰੁਧ ਅਕਾਲ ਤਖ਼ਤ ਤੋਂ ਕਾਰਵਾਈ ਹੋਵੇ : ਖਾਲੜਾ ਮਿਸ਼ਨ
ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਆਗੂਆਂ ਅਜੀਤ ਸਿੰਘ ਬੈਂਸ,
ਅੰਮ੍ਰਿਤਸਰ, 20 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਆਗੂਆਂ ਅਜੀਤ ਸਿੰਘ ਬੈਂਸ, ਪਰਮਜੀਤ ਕੌਰ ਖਾਲੜਾ ਸਰਪ੍ਰਸਤ, ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਸਤਵੰਤ ਸਿੰਘ ਮਾਣਕ, ਪ੍ਰਵੀਨ ਕੁਮਾਰ ਨੇ ਸਾਂਝੇ ਤੌਰ 'ਤੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਰੱਤਾ ਖੇੜਾ ਦੇ ਗੁਰਸਿੱਖ ਨੌਜਵਾਨ ਵਲੋਂ ਐਨ.ਆਈ.ਏ ਦੀ ਪ੍ਰੇਸ਼ਾਨੀ ਤੋਂ ਬਾਅਦ ਆਤਮ ਹਤਿਆ ਕਰ ਲੈਣ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਦਿੱਲੀ ਤੇ ਨਾਗਪੁਰ ਵਲੋਂ ਅਪਣੇ ਪੰਜਾਬ ਅੰਦਰਲੇ ਮੋਹਰਿਆਂ ਦੀ ਮਦਦ ਨਾਲ ਰੋਜ਼ਾਨਾ ਸਿੱਖ ਜਵਾਨੀ ਨੂੰ ਯੂ.ਏ.ਪੀ.ਏ ਕਾਨੂੰਨ ਰਾਹੀਂ ਜੇਲਾਂ ਵਿਚ ਸੁਟਿਆ ਜਾ ਰਿਹਾ ਹੈ।
ਐਨ.ਆਈ.ਏ ਨੇ ਪੰਜਾਬ ਸਰਕਾਰ ਨਾਲ ਰਲ ਕੇ ਹਰ ਸਿੱਖ ਨੂੰ ਅਤਿਵਾਦੀ ਕਰਾਰ ਦੇਣ ਦਾ ਸਿਲਸਲਾ ਸ਼ੁਰੂ ਕਰ ਦਿਤਾ ਹੈ ਅਤੇ ਇਸੇ ਲੜੀ ਵਿਚ ਰੰਗਰੇਟੇ ਗੁਰੂ ਕੇ ਬੇਟੇ ਭਾਈ ਲਵਪ੍ਰੀਤ ਸਿੰਘ ਨੂੰ ਅਪਣੀ ਜਾਨ ਗਵਾਉਣੀ ਪਈ ਹੈ। ਜਥੇਬੰਦੀਆਂ ਨੇ ਕਿਹਾ ਕਿ ਜਿਵੇ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਸਮੇਂ, ਝੂਠੇ ਮੁਕਾਬਲਿਆਂ ਵੇਲੇ ਬਾਦਲ, ਬਰਨਾਲਾ, ਢੀਂਡਸਾ, ਦਿੱਲੀ ਅਤੇ ਨਾਗਪੁਰ ਨਾਲ ਖੜੇ ਸਨ।
ਅੱਜ ਵੀ ਇਹ ਸਾਰੇ ਮੋਹਰੇ ਸਿੱਖ ਜਵਾਨੀ 'ਤੇ ਜ਼ੁਲਮ ਕਰਾਉਣ ਲਈ ਕੇਂਦਰ ਦਾ ਸਾਥ ਦੇ ਰਹੇ ਹਨ। ਜਥੇਬੰਦੀਆਂ ਨੇ ਮੰਗ ਕੀਤੀ ਕਿ ਭਾਈ ਲਵਪ੍ਰੀਤ ਸਿੰਘ ਦੀ ਮੌਤ ਦੀ ਨਿਰਪੱਖ ਪੜਤਾਲ ਤੇ ਦੋਸ਼ੀਆਂ ਵਿਰੁਧ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਯੂ.ਏ.ਪੀ.ਏ ਕਾਲਾ ਕਾਨੂੰਨ ਵਾਪਸ ਲਿਆ ਜਾਵੇ ਜੋ ਘੱਟ ਗਿਣਤੀਆਂ, ਦਲਿਤਾਂ, ਗ਼ਰੀਬਾਂ ਅਤੇ ਲੋਕਾਈ ਨੂੰ ਕੁਚਲਣ ਲਈ ਲਿਆਂਦਾ ਹੈ।