ਮੁਲਾਜ਼ਮਾਂ ਦੇ ਕੁਆਰਟਰਾਂ ਦੀ ਹੋਵੇਗੀ ਕਾਇਆ ਕਲਪ : ਸਿੰਗਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ

Vijay Inder Singla

ਚੰਡੀਗੜ੍ਹ, 20 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਗਰੁਪ 3 ਤੇ 4 ਦੇ ਮੁਲਾਜ਼ਮਾਂ ਦੇ 2758 ਕੁਆਰਟਰਾਂ ਦੀ ਮੁਰੰਮਤ ਵਾਸਤੇ 14.68 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕਰ ਦਿਤੀ ਹੈ। ਉਨ੍ਹਾਂ ਦਸਿਆ ਕਿ ਇਨ੍ਹਾਂ ਕੁਆਰਟਰਾਂ ਦੀ ਮੁਰੰਮਤ ਦਾ ਕੰਮ ਤਕਰੀਬਨ ਦੋ ਦਹਾਕਿਆਂ ਤੋਂ ਬਾਅਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗਰੁਪ 3 ਮੁਲਾਜ਼ਮਾਂ ਦੇ 2056 ਕੁਆਰਟਰਾਂ ਦੀ ਮੁਰੰਮਤ ਉਤੇ 9.74 ਕਰੋੜ ਰੁਪਏ ਖ਼ਰਚੇ ਜਾਣਗੇ, ਜਦੋਂ ਕਿ ਗਰੁਪ 4 ਮੁਲਾਜ਼ਮਾਂ ਦੇ 702 ਕੁਆਰਟਰਾਂ ਵਾਸਤੇ 4.95 ਕਰੋੜ ਰੁਪਏ ਦੀ ਰਾਸ਼ੀ ਖ਼ਰਚੀ ਜਾਵੇਗੀ।

ਸ਼੍ਰੀ ਸਿੰਗਲਾ ਨੇ ਕਿਹਾ ਕਿ ਗਰੁਪ 3 ਤੇ 4 ਮੁਲਾਜ਼ਮਾਂ ਦੇ ਕੁਆਰਟਰਾਂ ਦੀ ਬਹੁਤ ਸਾਲਾਂ ਤੋਂ ਮੁਰੰਮਤ ਨਹੀਂ ਹੋਈ ਸੀ, ਜਿਸ ਕਾਰਨ ਮੁਲਾਜ਼ਮਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਹੁਣ ਸਾਡੀ ਸਰਕਾਰ ਨੇ ਇਨ੍ਹਾਂ ਕੁਆਰਟਰਾਂ ਦੀ ਮੁਰੰਮਤ ਦਾ ਕੰਮ ਤਰਜੀਹ ਦੇ ਆਧਾਰ ਉਤੇ ਕਰਵਾਉਣ ਲਈ ਇਹ ਕੰਮ ਆਪਣੇ ਹੱਥ ਵਿਚ ਲਿਆ ਹੈ। ਉਨ੍ਹਾਂ ਦਸਿਆ ਕਿ ਰਾਜ ਮਿਸਤਰੀ, ਪਲੰਬਰ, ਬਿਜਲੀ ਤੇ ਹੋਰ ਫ਼ੁਟਕਲ ਕੰਮਾਂ ਸਮੇਤ ਮੁਰੰਮਤ ਦਾ ਸਾਰਾ ਕੰਮ ਯਕੀਨੀ ਬਣਾਇਆ ਜਾਵੇਗਾ ਅਤੇ ਇਸ ਦੇ ਮਿਆਰ ਨੂੰ ਕਾਇਮ ਕੀਤਾ ਜਾਵੇਗਾ।    

ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਮੁਰੰਮਤ ਦੇ ਫੰਡਾਂ ਦੀ ਪ੍ਰਵਾਨਗੀ ਦੇ ਨਾਲ ਲੋਕ ਨਿਰਮਾਣ ਵਿਭਾਗ ਨੇ ਸ਼ਹੀਦ ਭਗਤ ਸਿੰਘ ਨਗਰ, ਬਰਨਾਲਾ ਤੇ ਰੂਪਨਗਰ ਵਰਗੇ ਛੋਟੇ ਸ਼ਹਿਰਾਂ ਉਤੇ ਵੀ ਅਪਣਾ ਧਿਆਨ ਕੇਂਦਰਤ ਕੀਤਾ ਹੈ ਅਤੇ ਇਨ੍ਹਾਂ ਸ਼ਹਿਰਾਂ ਵਿਚ ਵੀ ਤਕਰੀਬਨ 200 ਕੁਆਰਟਰਾਂ ਦੀ ਮੁਰੰਮਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ, ਪਟਿਆਲਾ, ਅੰਮ੍ਰਿਤਸਰ, ਸੰਗਰੂਰ, ਬਠਿੰਡਾ ਅਤੇ ਜਲੰਧਰ ਵਿਚ ਕੁਆਰਟਰਾਂ ਨੂੰ ਨਵੀਂ ਦਿੱਖ ਦੇਣ ਦਾ ਕੰਮ ਇਨ੍ਹਾਂ ਫ਼ੰਡਾਂ ਨਾਲ ਕੀਤਾ ਜਾਵੇਗਾ।