ਐਨ.ਆਈ.ਏ. ਵਲੋਂ ਪੁਛਗਿੱਛ ਲਈ ਸੱਦੇ ਸਿੱਖ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਯੂ.ਏ.ਪੀ.ਏ. ਤਹਿਤ ਦਰਜ ਮਾਮਲੇ 'ਚ ਸੱਦਿਆ ਸੀ ਚੰਡੀਗੜ੍ਹ

Lovepreet Singh

ਚੰਡੀਗੜ੍ਹ, 20 ਜੁਲਾਈ (ਗੁਰਉਪਦੇਸ਼ ਭੁੱਲਰ) : ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਵਲੋਂ ਯੂ.ਏ.ਪੀ.ਏ. ਤਹਿਤ ਦਰਜ ਕੀਤੇ ਕੇਸ ਦੇ ਸਬੰਧ ਵਿਚ ਚੰਡੀਗੜ੍ਹ ਪੁਛਗਿੱਛ ਲਈ ਬੁਲਾਏ ਜਾਣ ਵਾਲੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਰੱਤਾ ਖੇੜਾ ਦੇ ਦਲਿਤ ਸਿੱਖ ਨੌਜਵਾਨ ਵਲੋਂ ਸ਼ੱਕੀ ਹਾਲਾਤ ਵਿਚ ਖ਼ੁਦਕੁਸ਼ੀ ਕਰ ਲਈ ਗਈ ਹੈ।
ਜ਼ਿਕਰਯੋਗ ਹੈ ਕਿ ਲਵਪ੍ਰੀਤ ਸਿੰਘ ਨੂੰ 13 ਜੁਲਾਈ ਨੂੰ ਐਨ.ਆਈ.ਏ. ਦੇ ਐਸ.ਪੀ. ਤੇਜਿੰਦਰ ਸਿੰਘ ਵਲੋਂ ਯੂ.ਏ.ਪੀ.ਏ. ਦੇ ਸਬੰਧ ਵਿਚ ਦਰਜ ਕੇਸ ਵਿਚ ਗਵਾਹ ਵਜੋਂ ਕਈ ਸਵਾਲਾਂ ਦੇ ਜਵਾਬ ਦੇਣ ਲਈ ਨੋਟਿਸ ਭੇਜ ਕੇ ਸੱਦਿਆ ਗਿਆ ਸੀ।

ਉਹ ਅਪਣੇ ਪਿੰਡ ਤੋਂ ਚੰਡੀਗੜ੍ਹ ਪਹੁੰਚ ਗਿਆ ਸੀ। ਪਰ 13-14 ਦੀ ਰਾਤ ਦੌਰਾਨ ਮੋਹਾਲੀ ਵਿਚ ਇਕ ਗੁਰਦਵਾਰਾ ਸਾਹਿਬ ਵਿਚ ਠਹਿਰਣ ਸਮੇਂ ਉਸ ਨੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਕਰਨ ਬਾਅਦ ਪੁਲਿਸ ਨੂੰ ਇਕ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ ਜਿਸ ਵਿਚ ਉਸ ਨੇ ਅਪਣੀ ਘਰ ਵਾਲੀ ਤੋਂ ਜ਼ਿੰਦਗੀ ਅਧੂਰੀ ਛੱਡ ਕੇ ਜਾਣ ਲਈ ਮਾਫ਼ੀ ਮੰਗੀ ਹੈ। ਉਸ ਨੇ ਖ਼ੁਦਕੁਸ਼ੀ ਦਾ ਕੋਈ ਕਾਰਨ ਤਾਂ ਨਹੀਂ ਲਿਖਿਆ ਪਰ ਇਹ ਕਿਹਾ ਕਿ ਮੈ ਅਪਣੀ ਮੌਤ ਦਾ ਆਪ ਜ਼ਿੰਮੇਵਾਰ ਹਾਂ ਤੇ ਇਸ ਲਈ ਮੇਰੇ ਪ੍ਰਵਾਰ ਦੇ ਕਿਸੇ ਮੈਂਬਰ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ।

ਇਸੇ ਦੌਰਾਨ ਅੱਜ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਆਪ ਦੇ ਦੋ ਹੋਰ ਵਿਧਾਇਕ ਜਗਦੇਵ ਸਿੰਘ ਕਮਾਲੂ ਅਤੇ ਪਿਰਮਲ ਸਿੰਘ ਖ਼ਾਲਸਾ ਪੀੜਤ ਨੌਜਵਾਨ ਦੇ ਪ੍ਰਵਾਰ ਨੂੰ ਮਿਲਣ ਉਸ ਦੇ ਪਿੰਡ ਪਹੁੰਚੇ। ਇਸ ਮੌਕੇ ਮੌਜੂਦ ਪਿੰਡ ਵਾਸੀਆਂ ਨੇ ਵੀ ਕਿਹਾ ਕਿ ਲਵਪ੍ਰੀਤ ਸਿੰਘ ਜਾਂ ਉਸ ਦੇ ਪ੍ਰਵਾਰ ਦਾ ਖ਼ਾਲਿਸਤਾਨ ਜਾਂ ਹੋਰ ਅਜਿਹੀ ਕਿਸੇ ਲਹਿਰ ਨਾਲ ਕੋਈ ਸਬੰਧ ਨਹੀਂ ਤੇ ਇਹ ਇਕ ਗ਼ਰੀਬ ਪ੍ਰਵਾਰ ਹੈ। ਖਹਿਰਾ ਨੇ ਪੀੜਤ ਪ੍ਰਵਾਰ ਨੂੰ ਮਿਲਣ ਤੋਂ ਬਾਅਦ ਕਿਹਾ ਕਿ ਹੋ ਸਕਦਾ ਹੈ ਕਿ ਐਨ.ਆਈ.ਏ. ਦੀ ਪੁਛ ਪੜਤਾਲ ਦੌਰਾਨ ਲਵਪ੍ਰੀਤ ਤੇ ਮਾਨਸਕ ਜਾਂ ਸਰੀਰਕ ਤਸ਼ੱਦਦ ਕੀਤਾ ਗਿਆ ਹੋਵੇ ਜਿਸ ਕਰ ਕੇ ਉਸ ਨੇ ਖ਼ੁਦਕੁਸ਼ੀ ਵਰਗਾ ਕਦਮ ਚੁਕਿਆ।

ਖਹਿਰਾ ਨੇ ਕਿਹਾ ਕਿ ਸਮਝ ਨਹੀਂ ਆ ਰਹੀ ਕਿ ਪੰਜਾਬ ਵਿਚ ਬੇਕਸੂਰ ਦਲਿਤ ਸਿੱਖ ਨੌਜਵਾਨਾਂ ਨੂੰ ਹੀ ਕਿਉਂ ਖ਼ਾਲਿਸਤਾਨ ਜਾਂ ਰੈਫ਼ਰੈਂਡਮ 2020 ਦੇ ਨਾਂ ਹੇਠ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਪੀੜਤ ਪ੍ਰਵਾਰ ਨੂੰ ਕਾਨੂੰਨੀ ਤੇ ਹੋਰ ਸਹਾਇਤਾ ਦਿਵਾਉਣ ਦਾ ਭਰੋਸਾ ਦਿਤਾ। ਉਨ੍ਹਾਂ ਹਾਈ ਕੋਰਟ ਤੋਂ ਵੀ ਇਸ ਮਾਮਲੇ ਦਾ ਨੋਟਿਸ ਲੈਣ ਅਤੇ ਸੂਬੇ ਦੇ ਮੁੱਖ ਮੰਤਰੀ ਤੋਂ ਵੀ ਜਾਂਚ ਦੀ ਮੰਗ ਕੀਤੀ ਹੈ। ਖਹਿਰਾ ਨੇ ਦੋਸ਼ ਲਾਇਆ ਕਿ ਸੂਬਾ ਪੁਲਿਸ ਬੇਕਸੂਰ ਨੌਜਵਾਨਾਂ 'ਤੇ ਕਾਲੇ ਕਾਨੂੰਨ ਲਾਗੂ ਕਰ ਕੇ ਖ਼ੁਦ ਅਤਿਵਾਦ ਪੈਦਾ ਕਰਨ ਦਾ ਯਤਨ ਕਰ ਰਹੀ ਹੈ ਜਦਕਿ ਸੂਬੇ ਵਿਚ ਇਸ ਸਮੇਂ ਅਜਿਹਾ ਕੋਈ ਮਾਹੌਲ ਨਹੀਂ ਹੈ।