ਇਕੋ ਦਿਨ ਵਿਚ 450 ਹੋਰ ਪਾਜ਼ੇਟਿਵ ਮਾਮਲੇ ਆਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ

Covid-19

ਚੰਡੀਗੜ੍ਹ, 20 ਜੁਲਾਈ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਚ ਕੋਰੋਨਾ ਦਾ ਕਹਿਰ ਚਿੰਤਾਜਨਕ ਸਥਿਤੀ ਵਲ ਵੱਧ ਰਿਹਾ ਹੈ। ਹਰ ਰੋਜ਼ ਮੌਤਾਂ ਦੇ ਨਾਲ-ਨਾਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਵੀ ਤੇਜ਼ੀ ਨਾਲ ਵੱਧ ਰਹੀ ਹੈ। ਪਿਛਲੇ 24 ਘੰਟੇ ਦੌਰਾਨ ਜਿਥੇ ਕੋਰੋਨਾ ਕਾਰਨ 8 ਹੋਰ ਮੌਤਾਂ ਹੋਈਆਂ ਹਨ, ਉਥੇ 450 ਨਵੇਂ ਪਾਜ਼ੇਟਿਵ ਕੋਰੋਨਾ ਕੇਸ ਵੀ ਆਏ ਹਨ। ਇਹ ਅੱਜ ਤਕ ਦਾ ਇਕ ਦਿਨ ਦਾ ਪਾਜ਼ੇਟਿਵ ਕੇਸਾਂ ਦਾ ਰੀਕਾਰਡ ਅੰਕੜਾ ਹੈ।

ਇਸ ਤਰ੍ਹਾਂ ਜਿਥੇ ਸੂਬੇ ਵਿਚ ਮੌਤਾਂ ਦੀ ਕੁਲ ਗਿਣਤੀ 265 ਹੋ ਗਈ ਹੈ ਉਥੇ ਪਾਜ਼ੇਟਿਵ ਕੇਸਾਂ ਦਾ ਕੁਲ ਅੰਕੜਾ ਵੀ 10500 ਤੋਂ ਪਾਰ ਹੋ ਗਿਆ ਹੈ। 7118 ਮਰੀਜ਼ ਹੁਣ ਤਕ ਠੀਕ ਵੀ ਹੋਏ ਹਨ। ਪਟਿਆਲਾ ਤੇ ਲੁਧਿਆਣਾ ਜ਼ਿਲ੍ਹੇ ਵਿਚ ਅੱਜ ਮੁੜ ਕੋਰੋਨਾ ਧਮਾਕਾ ਹੋਏ ਹਨ ਜਿਥੇ 94 ਅਤੇ 86 ਪਾਜ਼ੇਟਿਵ ਮਾਮਲੇ ਇਕੋ ਦਿਨ ਵਿਚ ਆਏ ਹਨ। 3130 ਮਰੀਜ਼ ਇਸ ਸਮੇਂ ਇਲਾਜ ਅਧੀਨ ਹਨ ਜਿਨ੍ਹਾਂ ਵਿਚੋਂ 68 ਦੀ ਹਾਲਤ ਗੰਭੀਰ ਹੈ। 58 ਆਕਸੀਜਨ ਅਤੇ 10 ਵੈਂਟੀਲੇਟਰ ਉਤੇ ਹਨ। ਇਸ ਸਮੇਂ ਜ਼ਿਲ੍ਹਾ ਲੁਧਿਆਣਾ ਵਿਚ ਪਾਜ਼ੇਟਿਵ ਅੰਕੜਾ 2000 ਤਕ ਪਹੁੰਚਣ ਕਾਰਨ ਸੱਭ ਤੋਂ ਵੱਧ ਹੈ।

ਆਈ.ਏ.ਐਸ. ਜੋੜੇ ਨੇ ਦਿਤੀ ਕੋਰੋਨਾ ਨੂੰ ਮਾਤ
ਇਸੇ ਦੌਰਾਨ ਆਈ.ਏ.ਐਸ. ਜੋੜੇ ਨੇ ਕੋਰੋਨਾ ਨੂੰ ਮਾਤ ਦਿਤੀ ਹੈ। ਇਹ ਪੰਜਾਬ ਦੇ ਪੰਚਾਇਤ ਤੇ ਵਿਕਾਸ ਵਿਭਾਗ ਦੇ ਡਾਇਰੈਕਟਰ ਵਿਪਲ ਉਜਵਲ ਤੇ ਉਨ੍ਹਾਂ ਦੀ ਪਤਨੀ ਤੇ ਰੋਪੜ ਦੀ ਡਿਪਟੀ ਕਮਿਸ਼ਨਰ ਸੋਨਾਲ ਗਿਰੀ ਹਨ। ਜ਼ਿਕਰਯੋਗ ਹੈ ਕਿ ਵਿਪਨ ਉਜਵਲ ਨਾਲ ਮੀਟਿੰਗ ਕਰਨ ਬਾਅਦ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੀ ਪਾਜ਼ੇਟਿਵ ਹੋ ਗਏ ਸਨ ਅਤੇ ਉਹ ਵੀ ਠੀਕ ਹੋ ਕੇ ਹਸਪਤਾਲੋਂ ਪਹਿਲਾਂ ਹੀ ਘਰ ਜਾ ਚੁਕੇ ਹਨ। ਆਈ.ਏ.ਐਸ. ਜੋੜਾ ਘਰ ਵਿਚ ਹੀ ਇਕਾਂਤਵਾਸ ਸੀ ਅਤੇ ਉਨ੍ਹਾਂ ਦੀ ਰੀਪੋਰਟ ਅੱਜ ਨੈਗੇਟਿਵ ਆਈ ਹੈ।

ਪੰਜਾਬ ਭਾਜਪਾ ਦੇ ਖ਼ਜ਼ਾਨਚੀ ਗੁਰਦੇਵ ਦੇਬੀ ਕੋਰੋਨਾ ਪਾਜ਼ੇਟਿਵ
ਲੁਧਿਆਣਾ, 20 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਭਾਜਪਾ ਦੇ ਖ਼ਜ਼ਾਨਚੀ ਅਤੇ ਲੁਧਿਆਣਾ ਸੈਂਟਰਲ ਵਿਧਾਨ ਸਭਾ ਖੇਤਰ ਦੇ ਇੰਚਾਰਜ ਗੁਰਦੇਵ ਸ਼ਰਮਾ ਦੇਬੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਏ ਹਨ। ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੇ ਦਸਿਆ ਕਿ ਦੇਬੀ ਦੀ ਸਿਹਤ ਪਿਛਲੇ ਹਫ਼ਤੇ ਤੋਂ ਠੀਕ ਨਹੀਂ ਚੱਲ ਰਹੀ ਸੀ ਅਤੇ ਉਹ ਅਪਣੇ ਘਰ ਵਿਚ ਇਕਾਂਤਵਾਸ ਸਨ। ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਿਰਦੇਸ਼ਾਂ 'ਤੇ ਲਾਕਡਾਊਨ ਦੌਰਾਨ ਗੁਰਦੇਵ ਸ਼ਰਮਾ ਦੇਬੀ ਸੈਂਟਰਲ ਵਿਧਾਨ ਸਭਾ ਖੇਤਰ ਵਿਚ ਪ੍ਰਸ਼ਾਸਨ ਦੇ ਸਹਿਯੋਗ ਤੋਂ ਬਿਨਾਂ ਹੀ ਅਪਣੀ ਜੇਬ ਵਿਚੋਂ ਖ਼ਰਚਾ ਕਰ ਕੇ ਜ਼ਰੂਰਤਮੰਦਾਂ ਦੀ ਸੇਵਾ ਵਿਚ ਲੱਗੇ ਹੋਏ ਸਨ।

ਜੇਲਾਂ ਵਿਚ ਕੋਰੋਨਾ ਦੀ ਸਥਿਤੀ ਨੂੰ ਸੁਚੱਜੇ ਢੰਗ ਨਾਲ ਨਜਿੱਠਣ ਲਈ ਰਣਨੀਤੀ ਤਿਆਰ
ਚੰਡੀਗੜ੍ਹ, 20 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਜੇਲ ਵਿਭਾਗ ਵਲੋਂ ਸੂਬੇ ਭਰ ਦੀਆਂ ਜੇਲਾਂ ਵਿਚ ਕੋਰੋਨਾ ਸੰਕਟ ਵਿਰੁਧ ਸੁਚੱਜੇ ਢੰਗ ਨਾਲ ਨਜਿੱਠਣ ਲਈ ਤਿੰਨ ਪੱਖੀ ਰਣਨੀਤੀ ਉਲੀਕੀ ਗਈ ਹੈ। ਇਸ ਰਣਨੀਤੀ ਵਿਚ ਰੋਕਥਾਮ, ਸਕ੍ਰੀਨਿੰਗ ਤੇ ਜਾਂਚ ਅਤੇ ਇਲਾਜ ਤੇ ਫ਼ੈਲਾਅ ਨੂੰ ਰੋਕਣਾ ਸ਼ਾਮਲ ਹੈ। ਰਾਜ ਪੱਧਰ ਦੀ ਨਿਗਰਾਨ ਟੀਮ ਅਤੇ ਜ਼ਿਲ੍ਹਾ ਪਧਰੀ ਨਿਗਰਾਨ ਟੀਮਾਂ ਪਹਿਲਾਂ ਹੀ ਗਠਿਤ ਕਰ ਦਿਤੀਆਂ ਗਈਆਂ ਹਨ ਤਾਂ ਜੋ ਸਥਿਤੀ ਦੀ ਨਿਗਰਾਨੀ ਕੀਤੀ ਜਾ ਸਕੇ ਅਤੇ ਜ਼ਮੀਨੀ ਪੱਧਰ 'ਤੇ ਸਟਾਫ਼ ਤੇ ਕੈਦੀਆਂ ਨੂੰ ਰੋਜ਼ਮਰਾ ਦੇ ਕੰਮਾਂ ਵਿਚ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨ ਵਿਚ ਮਦਦ ਕੀਤੀ ਜਾ ਸਕੇ।  

  ਸਰਕਾਰੀ ਬੁਲਾਰੇ ਨੇ ਦਸਿਆ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਉਚ ਪਧਰੀ ਸਿਫ਼ਾਰਸ਼ਾਂ ਮੁਤਾਬਕ ਮਾਰਚ, 2020 ਤੋਂ ਹੁਣ ਤਕ ਲਗਭਗ  11,500 ਕੈਦੀਆਂ ਨੂੰ ਪੈਰੋਲ / ਅੰਤਰਿਮ ਜ਼ਮਾਨਤ 'ਤੇ ਰਿਹਾ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਕੋਵਿਡ ਦਾ ਟੈਸਟ ਕਰਵਾਉਣ ਤੋਂ ਬਾਅਦ ਹੀ ਸਾਰੇ ਨਵੇਂ ਕੈਦੀਆਂ ਨੂੰ ਦਾਖ਼ਲ ਕਰਨ ਲਈ 6 ਵਿਸ਼ੇਸ਼ ਜੇਲਾਂ (ਬਠਿੰਡਾ, ਬਰਨਾਲਾ, ਪੱਟੀ, ਪਠਾਨਕੋਟ, ਲੁਧਿਆਣਾ, ਮਹਿਲਾ ਜੇਲ ਲੁਧਿਆਣਾ) ਬਣਾਈਆਂ ਗਈਆਂ ਹਨ।