ਬੇਅਦਬੀ ਦੇ ਮਾਮਲੇ ’ਚ ਜੇਲ ’ਚ ਬੰਦ ਡੇਰਾ ਪ੍ਰੇੇਮੀਆਂ ਦੀ ਸੁਣਵਾਈ 3 ਅਗੱਸਤ ਤਕ ਟਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਸਆਈਟੀ ਨੇ ਡੇਰਾ ਪੇ੍ਰਮੀਆਂ ਵਲੋਂ ਲਾਏ ਦੋਸ਼ਾਂ ਦਾ ਲਿਖਤੀ ਰੂਪ ’ਚ ਦਿਤਾ ਜਵਾਬ

Dera Sirsa

ਫ਼ਰੀਦਕੋਟ, 20 ਜੁਲਾਈ (ਗੁਰਿੰਦਰ ਸਿੰਘ) : ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਾ ਸਾਹਿਬ ’ਚੋਂ ਦਿਨ ਦਿਹਾੜੇ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕਰਨ ਦੇ ਦੋਸ਼ ’ਚ ਥਾਣਾ ਬਾਜਾਖਾਨਾ ਵਿਖੇ ਦਰਜ ਹੋਏ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ. (ਸਿੱਟ) ਵਲੋਂ ਡੇਰਾ ਪੇ੍ਰਮੀਆਂ ਨੂੰ ਗਿ੍ਰਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ ਗਿਆ ਸੀ,

ਜਿਸ ’ਤੇ ਅਦਾਲਤ ਨੇ ਉਨਾਂ ਨੂੰ 20 ਜੁਲਾਈ ਤਕ ਜੁਡੀਸ਼ੀਅਲ ਹਿਰਾਸਤ ’ਚ ਰੱਖਣ ਦਾ ਹੁਕਮ ਸੁਣਾਇਆ ਸੀ। ਅੱਜ 5 ਡੇਰਾ ਪੇ੍ਰਮੀਆਂ ਰਣਦੀਪ ਸਿੰਘ ਨੀਲਾ, ਰਣਜੀਤ ਸਿੰਘ ਭੋਲਾ, ਬਲਜੀਤ ਸਿੰਘ, ਨਿਸ਼ਾਨ ਸਿੰਘ ਅਤੇ ਨਰਿੰਦਰ ਸ਼ਰਮਾ ਨੂੰ ਵੀਡੀਉ ਕਾਨਫ਼ਰੰਸ ਰਾਹੀਂ ਅਦਾਲਤ ’ਚ ਪੇਸ਼ ਕੀਤਾ ਗਿਆ ਤਾਂ ਅਦਾਲਤ ਨੇ ਉਕਤ ਕੇਸ ਦੀ ਸੁਣਵਾਈ ਲਈ ਅਗਲੀ ਤਰੀਕ 3 ਅਗੱਸਤ ਨਿਸ਼ਚਿਤ ਕਰ ਦਿੱਤੀ। 

ਜ਼ਿਕਰਯੋਗ ਹੈ ਕਿ ਰਣਬੀਰ ਸਿੰਘ ਖਟੜਾ ਡੀਆਈਜੀ ਵਾਲੀ ਐਸਆਈਟੀ ਨੇ 7 ਡੇਰਾ ਪੇ੍ਰਮੀਆਂ ਨੂੰ ਉਕਤ ਮਾਮਲੇ ’ਚ ਪੇਸ਼ ਕੀਤਾ ਸੀ ਤਾਂ ਅਦਾਲਤ ਨੇ 7 ਸਤੰਬਰ 2018 ਨੂੰ ਸੀਬੀਆਈ ਮੋਹਾਲੀ ਦੀ ਅਦਾਲਤ ਵਲੋਂ 2 ਡੇਰਾ ਪੇ੍ਰਮੀਆਂ ਸੁਖਜਿੰਦਰ ਸਿੰਘ ਸੰਨੀ ਕੰਡਾ ਅਤੇ ਸ਼ਕਤੀ ਸਿੰਘ ਡੱਗੋਰੋਮਾਣਾ ਨੂੰ ਮਿਲੀ ਜਮਾਨਤ ਕਰ ਕੇ ਉਨਾਂ ਦੀ ਗਿ੍ਰਫ਼ਤਾਰੀ ਨੂੰ ਗ਼ੈਰ ਕਾਨੂੰਨੀ ਕਰਾਰ ਦੇ ਦਿਤਾ ਸੀ।

ਐਸਆਈਟੀ ਦੇ ਸੂਤਰਾਂ ਮੁਤਾਬਿਕ ਰਣਦੀਪ ਸਿੰਘ ਨੀਲਾ ਦੇ ਵਕੀਲ ਨੇ ਡੇਰਾ ਪੇ੍ਰਮੀਆਂ ਦੀ ਗਿ੍ਰਫ਼ਤਾਰੀ ਦਾ ਵਿਰੋਧ ਕਰਦਿਆਂ ਦੋਸ਼ ਲਾਇਆ ਸੀ ਕਿ ਜਿਸ ਮਾਮਲੇ ਦੀ ਪੜਤਾਲ ਸੀਬੀਆਈ ਵਲੋਂ ਕੀਤੀ ਜਾ ਰਹੀ ਹੈ, ਉਸ ਮਾਮਲੇ ’ਚ ਐਸਆਈਟੀ ਨੂੰ ਡੇਰਾ ਪੇ੍ਰਮੀਆਂ ਦੀ ਗਿ੍ਰਫ਼ਤਾਰੀ ਕਰਨ ਦਾ ਕੋਈ ਅਧਿਕਾਰ ਨਹੀਂ। ਐਸਆਈਟੀ ਵਲੋਂ ਉਕਤ ਮਾਮਲੇ ਦੇ ਜਵਾਬ ’ਚ ਦਿਤੀ ਅਰਜ਼ੀ ’ਚ ਜ਼ਿਲ੍ਹਾ ਅਟਾਰਨੀ ਰਜਨੀਸ਼ ਕੁਮਾਰ ਗੋਇਲ ਅਤੇ ਏਡੀਏ ਸਤਨਾਮ ਸਿੰਘ ਗਿੱਲ ਨੇ ਦਸਿਆ ਕਿ ਸੀਬੀਆਈ ਦੀਆਂ ਦੁਬਾਰਾ ਜਾਂਚ ਕਰਨ ਲਈ ਹਾਈ ਕੋਰਟ ਅਤੇ ਸੁਪਰੀਮ ਕੋਰਟ ’ਚ ਦਿਤੀਆਂ ਅਰਜ਼ੀਆਂ ਰੱਦ ਹੋ ਚੁੱਕੀਆਂ ਹਨ ਅਤੇ ਪੰਜਾਬ ਵਿਧਾਨ ਸਭਾ ’ਚ ਬਕਾਇਦਾ ਪਾਸ ਹੋਏ ਮਤੇ ਦੇ ਆਧਾਰ ’ਤੇ ਹੀ ਐਸਆਈਟੀ ਵਲੋਂ ਜਾਂਚ ਕੀਤੀ ਜਾ ਰਹੀ ਹੈ। ਅੱਜ ਡੇਰਾ ਪੇ੍ਰਮੀਆਂ ਦੀ ਪੇਸ਼ੀ ਮੌਕੇ ਅਦਾਲਤ ’ਚ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।