ਦਾਜ ਦੇ ਲੋਭੀਆਂ ਨੇ ਲਈ ਨਵ-ਵਿਆਹੁਤਾ ਦੀ ਜਾਨ, 7 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰੀ ਸਕੂਲ ‘ਚ ਅਧਿਆਪਕਾ ਸੀ ਮ੍ਰਿਤਕ ਕੁੜੀ

Greedy people kill the newlyweds

ਨਾਭਾ (ਐਸ ਕੇ ਸ਼ਰਮਾ) ਬੇਸ਼ਕ ਅਸੀਂ 21ਵੀਂ ਸਦੀ ਵਿਚ ਜੀਅ ਰਹੇ ਆ ਪਰ ਫਿਰ ਵੀ ਧੀਆਂ ਨੂੰ ਉਹਨਾਂ ਦਾ ਮਾਣ ਸਤਿਕਾਰ ਨਹੀਂ ਦਿੱਤਾ ਜਾ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਧੀ ਦਾਜ ਦੀ ਬਲੀ ਚੜਦੀ ਹੈ। ਅਜਿਹਾ ਹੀ ਮਾਮਲਾ  ਨਾਭਾ ਬਲਾਕ ਦੇ ਪਿੰਡ ਪਾਲੀਆਂ ਖੁਰਦ ਤੋਂ ਸਾਹਮਣੇ ਆਇਆ ਹੈ। ਜਿੱਥੇ 7 ਮਹੀਨੇ ਪਹਿਲਾਂ ਪਿੰਡ ਈਸੜੂ ਸ਼ਰਨਦੀਪ ਕੌਰ ਦਾ ਵਿਆਹ ਗੁਰਤੇਜ ਸਿੰਘ ਨਾਲ ਹੋਇਆ ਸੀ।

ਸ਼ਰਨਦੀਪ ਸਰਕਾਰੀ ਅਧਿਆਪਕ ਦੀ ਨੌਕਰੀ ਕਰਦੀ ਸੀ ਪਰ ਬੀਤੇ ਦਿਨ ਸ਼ਰਨਦੀਪ ਦੀ ਭੇਦਭਰੇ ਹਾਲਾਤਾਂ ਚ ਮੌਤ ਹੋ ਗਈ। ਸ਼ਰਨਦੀਪ ਦੇ ਗਲ ਤੇ ਗਹਿਰੇ ਨਿਸ਼ਾਨ ਵੀ ਪਾਏ ਗਏ ਹਨ। ਸ਼ਰਨਦੀਪ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਕਿ ਸ਼ਰਨਦੀਪ ਤੇ ਸਹੁਰਾ ਪਰਿਵਾਰ ਅਤੇ ਪਤੀ ਵੱਲੋਂ ਦਾਜ ਦਹੇਜ ਦੇ ਚੱਲਦੇ ਉਸ ਨੂੰ ਦਾਜ ਦੀ ਬਲੀ ਚੜ੍ਹਾਇਆ ਗਿਆ ਹੈ। 

ਮ੍ਰਿਤਕ ਸ਼ਰਨਦੀਪ ਦੇ ਪਿਤਾ ਨਾਰੰਗ ਸਿੰਘ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਅਸੀਂ ਆਪਣੀ ਹੈਸੀਅਤ ਮੁਤਾਬਕ ਸਭ ਕੁੱਝ ਕੀਤਾ ਪਰ ਸਹੁਰੇ ਪਰਿਵਾਰ ਨੇ ਪੈਸਿਆਂ ਦੀ ਮੰਗ ਕੀਤੀ ਗਈ। ਲੜਕੀ ਦੇ ਸਹੁਰੇ ਅਕਸਰ ਤਾਅਨੇ ਮਿਹਣੇ ਮਾਰਦੇ ਰਹਿੰਦੇ ਸਨ ਕਿ ਤੁਸੀਂ ਪੈਲੇਸ ਵਿੱਚ ਵਿਆਹ ਨਹੀਂ ਕੀਤਾ ਅਤੇ ਦਾਜ ਦਹੇਜ ਵਧੀਆ ਨਹੀਂ ਦਿੱਤਾ ਸਾਡੇ ਪਿੰਡ ਵਿਚ ਨੱਕ ਕਟਾ ਦਿੱਤੀ ਹੈ। ਜਿਸ ਕਰਕੇ ਹਰ ਵਕਤ  ਉਹ  ਸਾਡੀ ਲੜਕੀ ਨੂੰ ਤੰਗ ਪਰੇਸ਼ਾਨ ਕਰਦੇ ਰਹਿੰਦੇ ਸਨ ਅਤੇ ਇਨ੍ਹਾਂ ਵੱਲੋਂ ਸਾਡੀ ਲੜਕੀ ਨੂੰ ਮਾਰਿਆ ਗਿਆ ਅਤੇ ਉਸ ਦੇ ਗਲ ਤੇ ਨਿਸ਼ਾਨ ਵੀ ਸਨ।

 

ਇਨ੍ਹਾਂ ਵੱਲੋਂ ਸਾਨੂੰ ਕਿਹਾ ਗਿਆ ਤੁਹਾਡੀ ਲੜਕੀ ਦੀ ਮੌਤ ਹੋ ਚੁੱਕੀ ਹੈ। ਜਦੋਂ ਅਸੀਂ ਸਹੁਰੇ ਘਰ ਪਹੁੰਚੇ ਸਾਡੇ ਨਾਲ ਵੀ ਦੁਰਵਿਹਾਰ ਕੀਤਾ ਗਿਆ। ਅਸੀਂ ਆਪਣੀ ਲੜਕੀ ਨੂੰ ਪੜ੍ਹਾ ਲਿਖਾ ਕੇ ਸਰਕਾਰੀ ਟੀਚਰ ਦੀ ਨੌਕਰੀ ਤੇ ਲਗਾਇਆ ਸੀ ਪਰ ਸਹੁਰੇ ਪਰਿਵਾਰਾਂ ਵੱਲੋਂ ਲਗਾਤਾਰ ਸਾਡੀ ਧੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।

ਜਾਂਚ ਅਧਿਕਾਰੀ ਹਰਭਜਨ ਸਿੰਘ ਨੇ ਕਿਹਾ ਲੜਕੀ ਦੇ ਪਤੀ, ਸੱਸ ਸਹੁਰਾ ਅਤੇ ਉਨ੍ਹਾਂ ਦੇ ਭਰਾਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਗ੍ਰਿਫਤ ਤੋਂ ਬਾਹਰ ਨੇ ਛੇਤੀ ਹੀ ਉਨ੍ਹਾਂ ਨੂੰ ਫੜ ਲਿਆ ਜਾਵੇਗਾ।

ਬਾਪ ਦਾ ਘਰ ਵਿਕਦੈ ਤਾਂ ਧੀ ਦਾ ਘਰ ਵੱਸਦੈ, ਕਿੰਨੀ ਨਾਮੁਰਾਦ ਰਸਮ ਹੈ ਦਾਜ ਪ੍ਰਥਾ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਕ ਪੜ੍ਹੀ ਲਿਖੀ ਅਧਿਆਪਕਾ ਨੂੰ ਸਹੁਰੇ ਪਰਿਵਾਰ ਨੇ ਮੌਤ ਦੇ ਘਾਟ ਕਿਉਂ ਉਤਾਰ ਦਿੱਤਾ ਇਹ ਜਾਂਚ ਦਾ ਵਿਸ਼ਾ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਦਾਜ ਦੇ ਲੋਭੀਆਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ।