ਸਨਅਤੀ ਖੇਤਰ 5 ਰੁਪਏ ਕਹਿ ਕੇ 9 ਰੁਪਏ ਪ੍ਰਤੀ ਯੂਨਿਟ ’ਚ ਵੀ ਪੂਰੀ ਬਿਜਲੀ ਨਹੀਂ ਦੇ ਰਹੀ ਪੰਜਾਬ ਸਰਕਾਰ

ਏਜੰਸੀ

ਖ਼ਬਰਾਂ, ਪੰਜਾਬ

ਸਨਅਤੀ ਖੇਤਰ 5 ਰੁਪਏ ਕਹਿ ਕੇ 9 ਰੁਪਏ ਪ੍ਰਤੀ ਯੂਨਿਟ ’ਚ ਵੀ ਪੂਰੀ ਬਿਜਲੀ ਨਹੀਂ ਦੇ ਰਹੀ ਪੰਜਾਬ ਸਰਕਾਰ : ਅਮਨ ਅਰੋੜਾ

image

ਚੰਡੀਗੜ੍ਹ, 20 ਜੁਲਾਈ (ਸੁਰਜੀਤ ਸਿੰਘ ਸੱਤੀ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਉਦਯੋਗਾਂ ਅਤੇ ਵਪਾਰਕ ਅਦਾਰਿਆਂ ਨੂੰ ਵਿਸ਼ੇਸ਼ ਵਿੱਤੀ ਛੋਟਾਂ ਅਤੇ ਵਾਅਦੇ ਮੁਤਾਬਕ ਪ੍ਰਤੀ ਯੂਨਿਟ 5 ਰੁਪਏ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਕੀਤੀ ਹੈ। 
ਪਾਰਟੀ ਵਿਧਾਇਕ ਅਮਨ ਅਰੋੜਾ ਅਤੇ ਉਦਯੋਗ ਅਤੇ ਵਪਾਰ ਵਿੰਗ ਦੇ ਸੂਬਾ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੋਸ਼ ਲਗਾਇਆ ਕਿ ਸਨਅਤੀ ਖੇਤਰ ਨੂੰ ਪ੍ਰਤੀ ਯੂਨਿਟ 8 ਰੁਪਏ ਅਤੇ ਆਈਟੀ ਸੈਕਟਰ ਨੂੰ 9 ਰੁਪਏ (ਪ੍ਰਤੀ ਯੂਨਿਟ) ’ਚ ਨਿਰਵਿਘਨ ਬਿਜਲੀ ਸਪਲਾਈ ਦੇਣ ’ਚ ਸਰਕਾਰ ਬੁਰੀ ਤਰ੍ਹਾਂ ਫੇਲ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਤੀ ਯੂਨਿਟ 5 ਰੁਪਏ ਬਾਰੇ ਕੂੜ-ਪ੍ਰਚਾਰ ਲਈ ਵੱਡੇ-ਵੱਡੇ ਹੋਰਡਿੰਗਜ਼-ਬਿੱਲ ਬੋਰਡਾਂ (ਮਸ਼ਹੂਰੀ ਬੋਰਡ) ‘ਤੇ ਸਰਕਾਰੀ ਖ਼ਜ਼ਾਨੇ ‘ਚੋਂ ਕਰੋੜਾਂ ਰੁਪਏ ਖ਼ਰਚੇ ਜਾ ਰਹੇ ਹਨ। ਸੂਬੇ ਦਾ ਇਕ ਵੀ ਉਦਯੋਗ ਅਜਿਹਾ ਨਹੀਂ ਜਿਸ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲ ਰਹੀ ਹੋਵੇ। ਫਿਕਸਡ ਚਾਰਜ, ਬਿਜਲੀ ਡਿਊਟੀ ਅਤੇ ਹੋਰ ਸਰਚਾਰਜਾਂ ਨਾਲ ਉਦਯੋਗਾਂ ਨੂੰ 8 ਅਤੇ ਆਈਟੀ ਸੈਕਟਰ ਤੇ ਵਪਾਰਕ ਅਦਾਰਿਆਂ ਨੂੰ 9 ਰੁਪਏ ਪ੍ਰਤੀ ਯੂਨਿਟ ਔਸਤ ਕੀਮਤ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਲਾਕਡਾਊਨ ਦੌਰਾਨ ਸਮੇਂ ਸਿਰ ਮੈਨੂਅਲ ਮੀਟਰ ਰੀਡਿੰਗ ਨਾ ਲਏ ਜਾਣ ਕਾਰਨ ਸਲੈਬ ਦਰਾਂ ਤਬਦੀਲ ਹੋ ਗਈਆਂ, ਜਿਸ ਨਾਲ ਉਦਯੋਗਿਕ ਅਤੇ ਵਪਾਰਕ ਖੇਤਰਾਂ ਨੂੰ ਹੋਰ ਵੀ ਵਿੱਤੀ ਰਗੜਾ ਲੱਗਿਆ ਹੈ। 

ਉਨ੍ਹਾਂ ਕਿਹਾ ਕਿ ਸਰਕਾਰ ਦੀ ਉਦਯੋਗ ਅਤੇ ਵਪਾਰ ਮਾਰੂ ਨੀਤੀ ਅਤੇ ਨੀਅਤ ਕਾਰਨ ਪੰਜਾਬ ਦੇ ਉਦਯੋਗਪਤੀ ਅਪਣੇ ਉਦਯੋਗਾਂ ਦੀ ਹਿਜਰਤ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੂੰ ਮਿਲਣ ਲਈ ਮਜਬੂਰ ਹੋ ਗਏ, ਜੋ ਪੰਜਾਬ ਸਰਕਾਰ ਲਈ ਸ਼ਰਮ ਦੀ ਗੱਲ ਹੈ, ਕਿਉਂਕਿ ਉਦਯੋਗਪਤੀ ਉੱਤਰ ਪ੍ਰਦੇਸ਼ ਦੀ ਉੱਚੀ ਅਪਰਾਧ ਦਰ ਤੋਂ ਨਹੀਂ ਸਗੋਂ ਪੰਜਾਬ ਦੇ ਮਾਫ਼ੀਆ ਦੇ ਜ਼ਿਆਦਾ ਸਤਾਏ ਹੋਏ ਹਨ। ਉਨ੍ਹਾਂ ਉਦਯੋਗ ਅਤੇ ਵਪਾਰ ਵਿੰਗ ਵਲੋਂ ਮੰਗ ਕੀਤੀ ਕਿ ਪੰਜਾਬ ਦੇ ਉਦਯੋਗ ਨੂੰ ਬਚਾਉਣ ਅਤੇ ਵਧਾਉਣ ਲਈ ਜਿੱਥੇ ਵਿਸ਼ੇਸ਼ ਵਿੱਤੀ ਪੈਕੇਜ, ਦਲਾਲੀ ਮੁਕਤ ਸਹੂਲਤਾਂ ਅਤੇ ਵਿਸ਼ੇਸ਼ ਵਿੱਤੀ ਛੋਟਾਂ ਦਿਤੀਆਂ ਜਾਣ।