ਮਾਨਸ਼ਾਹੀਆ, ਸੰਦੋਆ, ਕਮਾਲੂ ਤੇ ਪਿਰਮਲ ਹੋਏ ਪੇਸ਼ 

ਏਜੰਸੀ

ਖ਼ਬਰਾਂ, ਪੰਜਾਬ

ਮਾਨਸ਼ਾਹੀਆ, ਸੰਦੋਆ, ਕਮਾਲੂ ਤੇ ਪਿਰਮਲ ਹੋਏ ਪੇਸ਼ 

image


ਚੰਡੀਗੜ੍ਹ, 20 ਜੁਲਾਈ (ਜੀ.ਸੀ. ਭਾਰਦਵਾਜ) : ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ 'ਆਪ' ਦੇ ਕੁਲ 19 ਵਿਧਾਇਕਾਂ 'ਚੋਂ 6 ਵਿਰੁਧ ਪਾਰਟੀ ਬਦਲਣ ਯਾਨੀ ''ਐਂਟੀ ਡਿਫੈਕਸ਼ਨ'' ਐਕਟ ਤਹਿਤ ਸਪੀਕਰ ਰਾਣਾ ਕੇ.ਪੀ. ਸਿੰਘ ਕੋਲ ਇਨ੍ਹਾਂ ਮੈਂਬਰਾਂ ਨੂੰ  'ਅਯੋਗ' ਕਰਾਰ ਦੇਣ ਸਬੰਧੀ ਗੰਭੀਰ ਮਾਮਲਾ ਚਲ ਰਿਹਾ ਹੈ | ਅੱਜ ਸੁਣਵਾਈ ਦੀ ਤਰੀਕ ਸਮੇਂ ਸੁਖਪਾਲ ਖਹਿਰਾ ਤੇ ਬਲਦੇਵ ਜੈਤੋ ਪੇਸ਼ ਨਹੀਂ ਹੋਏ ਜਦਕਿ ਅਮਰਜੀਤ ਸੰਦੋਆ, ਨਾਜਰ ਸਿੰਘ ਮਾਨਸ਼ਾਹੀਆ, ਜਗਦੇਵ ਕਮਾਲੂ ਤੇ ਪਿਰਮਲ ਸਿੰਘ ਖ਼ਾਲਸਾ ਨੇ ਆਪੋ-ਅਪਣਾ ਪੱਖ ਰਖਿਆ |
ਵਿਧਾਨ ਸਭਾ ਸਕੱਤਰੇਤ ਦੇ ਸੂਤਰਾਂ ਤੋਂ ਰੋਜ਼ਾਨਾ ਸਪੋਕਸਮੈਨ ਨੂੰ  ਪਤਾ ਲੱਗਾ ਹੈ ਕਿ ਬਲਦੇਵ ਜੈਤੋ ਨੇ ਫ਼ਰੀਦਕੋਟ ਹਸਪਤਾਲ 'ਚ ਜ਼ੇਰੇ ਇਨਾਜ ਦਾ ਬਹਾਨਾ ਦੱਸ ਕੇ ਦੋ ਮਹੀਨੇ ਹੋਰ ਦੀ ਬੇਨਤੀ ਕੀਤੀ ਹੈ ਜਦਕਿ ਸੁਖਪਾਲ ਖਹਿਰਾ ਵਿਰੁਧ ਐਡਵੋਕੇਟ ਸਿਮਰਨ ਦੀ ਪਟੀਸ਼ਨ ਇਸੇ ਸਬੰਧ 'ਚ ਦਾਖ਼ਲ ਹੈ | ਇਸ ਪਟੀਸ਼ਨ 'ਚ ਸਪੀਕਰ ਵਿਰੁਧ ਲੋੜ ਤੋਂ ਵਧ ਵਕਤ ਦੇਣ ਦਾ ਨੁਕਤਾ ਉਠਾਇਆ ਜਾਣ ਕਰ ਕੇ ਕੇਸ ਪੇਚੀਦਾ ਬਣ ਗਿਆ ਹੈ |
ਜ਼ਿਕਰਯੋਗ ਹੈ ਕਿ ਖਹਿਰਾ ਤੇ ਬਲਦੇਵ ਜੈਤੋ ਨੇ ਜਨਵਰੀ 2019 'ਚ 'ਪੰਜਾਬ ਏਕਤਾ ਪਾਰਟੀ' ਬਣਾਈ, ਮਈ ਮਹੀਨੇ ਲੋਕ ਸਭਾ ਚੋਣ ਬਠਿੰਡਾ ਤੇ ਫ਼ਰੀਦਕੋਟ ਸੀਟਾਂ ਤੋਂ ਲੜੀ ਦੋਨੋ ਹਾਰ ਗਏ ਪਰ 31 ਮਹੀਨਿਆਂ ਤੋਂ 'ਆਪ' ਦੇ ਨਾਮ 'ਤੇ ਵਿਧਾਇਕੀ ਸਹੂਲਤਾਂ-ਤਨਖ਼ਾਹ, ਡੀ.ਏ., ਹੋਰ ਭੱਤੇ, ਲੱਖਾਂ 'ਚ ਲੈ ਰਹੇ ਹਨ | ਇਸੇ ਤਰ੍ਹਾਂ ਰੋਪੜ ਤੋਂ 'ਆਪ' ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਮਾਨਸਾ ਤੋਂ ਨਾਜਰ ਸਿੰਘ ਮਾਨਸ਼ਾਹੀਆ ਦੋਵਾਂ ਨੇ ਅਪ੍ਰੈਲ 2019 'ਚ ਕਾਂਗਰਸ 'ਚ ਸ਼ਮੂਲੀਅਤ ਕੀਤੀ, ਲੋਕ ਸਭਾ ਚੋਣਾਂ 'ਚ ਉਸ ਦੀ ਮਦਦ ਕੀਤੀ ਪਰ ਅਜੇ ਤਕ 28 ਮਹੀਨਿਆਂ ਤੋਂ ਬਤੌਰ 'ਆਪ' ਵਿਧਾਇਕ ਅਨੰਦ ਮਾਣ ਰਹੇ ਹਨ ਭਾਵੇਂ ਇਨ੍ਹਾਂ ਵਿਰੁਧ ਦਰਜ ਕੇਸ 'ਚ ਇਨ੍ਹਾਂ ਨੂੰ  'ਅਯੋਗ' ਕਰਾਰ ਦੇਣ ਦਾ ਗੰਭੀਰ ਮਸਲਾ ਹੈ |
ਪਿਛਲੇ ਮਹੀਨੇ 3 ਜੂਨ ਨੂੰ  ਮੌੜ ਹਲਕੇ ਤੋਂ ਜਗਦੇਵ ਕਮਾਲੂ, ਭਦੌੜ ਤੋਂ ਪਿਰਮਲ ਸਿੰਘ ਖ਼ਾਲਸਾ ਅਤੇ ਭੁਲੱਥ ਤੋਂ ਸੁਖਪਾਲ ਖਹਿਰਾ ਤਿੰਨੋ ਵਿਧਾਇਕਾਂ ਨੇ ਮੁੱਖ ਮੰਤਰੀ ਕੋਲ ਹੈਲੀਪੈਡ 'ਤੇ ਸੱਤਾਧਾਰੀ ਕਾਂਗਰਸ 'ਚ ਸ਼ਮੂਲੀਅਤ ਕੀਤੀ | ਅਸਤੀਫ਼ੇ ਵੀ ਇਕ ਦਿਨ ਪਹਿਲਾਂ ਦੀ ਤਰੀਕ 'ਚ ਦਿਤੇ ਪਰ ਕੇਸ ਦਾ ਫ਼ੈਸਲਾ ਅਜੇ ਵੀ ਲਟਕਿਆ ਹੈ | 
ਵਿਧਾਨ ਸਭਾ ਸੂਤਰਾਂ ਨੇ ਦਸਿਆ ਕਿ ਸਪੀਕਰ ਰਾਣਾ ਕੇ.ਪੀ. ਸਿੰਘ ਇਨ੍ਹਾਂ ਵਿਧਾਇਕਾਂ ਨੂੰ  ਪੇਸ਼ੀ ਵੇਲੇ ਦਸਿਆ ਕਿ ਅਸਤੀਫ਼ੇ ਵਾਲੀਆਂ ਚਿੱਠੀਆਂ 'ਚ ਸਾਫ਼ ਸਪਸ਼ਟ ਨਹੀਂ ਹੈ ਕਿ 'ਆਪ' ਪਾਰਟੀ ਤੋਂ ਅਸਤੀਫ਼ੇ ਦਿਤੇ ਹਨ ਜਾਂ ਵਿਧਾਇਕ ਦੇ ਅਹੁਦੇ ਤੋਂ ਦਿਤੇ ਹਨ | ਰੋਜ਼ਾਨਾ ਸਪੋਕਸਮੈਨ ਨੂੰ  ਰਾਣਾ ਕੇ.ਪੀ. ਸਿੰਘ ਨੇ ਦਸਿਆ ਕਿ ਅਸਤੀਫ਼ੇ ਦੀ ਭਾਸ਼ਾ ਸਹੀ ਸਪਸ਼ਟ ਤੇ ਠੀਕ ਫਾਰਮੈਟ 'ਚ ਹੋਣੀ ਜ਼ਰੂਰੀ ਹੈ | ਇਨ੍ਹਾਂ 6 ਵਿਧਾਇਕਾਂ ਨੂੰ  ਅਪਣਾ ਪੱਖ ਸਹੀ ਤੌਰ 'ਤੇ ਪੇਸ਼ ਕਰਨ ਲਈ ਅਗਲੇ ਮਹੀਨੇ 17 ਅਗੱਸਤ ਮੰਗਲਵਾਂਰ ਨੂੰ  ਸਵੇਰੇ 11 ਵਜੇ ਤੋਂ ਸਪੀਕਰ ਨੇ ਅਪਣੇ ਚੈਂਬਰ 'ਚ ਪੇਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਪੱਕੀ ਤਾਰੀਕ ਦਾ ਪਤਾ ਇਕ-ਦੋ ਦਿਨ 'ਚ ਲੱਗੇਗਾ |
ਫ਼ੋਟੋ : ਸੁਖਪਾਲ ਖਹਿਰਾ, ਅਮਰਜੀਤ ਸੰਦੋਆ, ਬਲਦੇਵ ਜੈਤੋ, ਨਾਜਰ ਸਿੰਘ ਮਾਨਸ਼ਾਹੀਆ, ਜਗਦੇਵ ਕਮਾਲੂ, ਪਿਰਮਲ ਸਿੰਘ ਖ਼ਾਲਸਾ