ਮੂਸੇਵਾਲਾ ਮਾਮਲਾ: ਐਨਕਾਊਂਟਰ ਕੀਤੇ ਸ਼ੂਟਰਾਂ ਦਾ ਹੋਇਆ ਪੋਸਟਮਾਰਟਮ, AK47 ਫੋਰੈਂਸਿਕ ਟੀਮ ਕੋਲ ਭੇਜੀ 

ਏਜੰਸੀ

ਖ਼ਬਰਾਂ, ਪੰਜਾਬ

ਸ਼ੂਟਰਾਂ ਦੇ ਐਂਨਕਾਊਂਟਰ ਵਾਲੀ ਜਗ੍ਹਾ ਅੱਜ ਸਿੱਧੂ ਦੇ ਪਿਤਾ ਬਲਕੌਰ ਸਿੰਘ ਵੀ ਪਹੁੰਚੇ

Musewala case: Postmortem of the encounter shooters

 

ਮਾਨਸਾ - ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ 53ਵਾਂ ਦਿਨ ਹੈ। ਬੀਤੇ ਦਿਨੀਂ ਮੂਸੇਵਾਲਾ ਦੇ ਕਾਤਲ 2 ਸ਼ੂਟਰਾਂ ਦਾ ਐਨਕਾਊਂਟਰ ਕੀਤਾ ਗਿਆ ਸੀ ਜਿਨ੍ਹਾਂ ਦਾ ਅੱਜ ਪੋਸਟਮਾਰਟਮ ਕੀਤਾ ਗਿਆ ਤੇ ਪੋਸਟਰਮਾਰਟਮ ਦੌਰਾਨ ਉਹਨਾਂ ਤੋਂ ਵੱਡੀ ਬਰਾਮਦੀ ਵੀ ਹੋਈ। ਸ਼ੂਟਰਾਂ ਦੀ ਜੇਬ੍ਹ ਵਿਚੋਂ ਕਰੀਬ 25 ਗੋਲੀਆਂ ਬਰਾਮਦ ਹੋਈਆਂ ਤੇ ਪੋਸਟਮਾਰਟਮ ਦੌਰਾਨ ਪਤਾ ਲੱਗਾ ਕਿ ਜਗਰੂਪ ਰੂਪਾ ਦੇ ਕਰੀਬ 7 ਗੋਲੀਆਂ ਲੱਗੀਆਂ ਤੇ ਮੰਨੂ ਕੁੱਸਾ ਦੇ 3 ਗੋਲੀਆਂ ਲੱਗੀਆਂ। ਮੰਨੂ ਦੇ ਇਕ ਗੋਲੀ ਅੱਖ 'ਤੇ ਵੀ ਲੱਗੀ ਸੀ। 

ਇਸ ਦੌਰਾਨ ਮੁੱਖਵਿੰਦਰ ਸਿੰਘ ਡੀਸੀਪੀ ਅੰਮ੍ਰਿਤਸਰ ਨੇ ਕਿਹਾ ਕਿ ਉਹਨਾਂ ਨੂੰ ਇਸ ਦੌਰਾਨ ਕੁੱਝ ਅਜਿਹੀਆਂ ਚੀਜ਼ਾਂ ਮਿਲੀਆਂ ਹਨ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਕ ਟੁੱਟਿਆ ਹੋਇਆ ਮੋਬਾਇਲ ਵੀ ਬਰਾਮਦ ਹੋਇਆ ਹੈ ਜਿਸ ਦੀ ਕਿ ਫੋਰੈਂਸਿਕ ਟੀਮ ਜਾਂਚ ਕਰੇਗੀ। ਉਹਨਾਂ ਕਿਹਾ ਏਕੇ47 ਦੇ ਨਾਲ ਉਹਨਾਂ ਨੂੰ 31 ਰੌਂਦ ਵੀ ਮਿਲੇ ਹਨ ਜੋ ਕਿ ਜਾਂਚ ਕੀਤੀ ਜਾ ਰਹੀ ਹੈ। 

ਦੱਸ ਦਈਏ ਕਿ ਪੋਸਟਮਾਰਟਮ ਤੋਂ ਬਾਅਦ ਜਗਰੂਪ ਰੂਪਾ ਦੀ ਦੇਹ ਉਸ ਦੇ ਰਿਸ਼ਤੇਦਾਰ ਲੈ ਗਏ ਹਨ ਤੇ ਮੰਨੂ ਕੁੱਸਾ ਦੀ ਲਾਸ਼ ਲੈਣ ਉਸ ਦੇ ਪਰਿਵਾਰਕ ਮੈਂਬਰ ਵੀ ਪਹੁੰਚ ਸਕਦੇ ਹਨ। ਜਗਰੂਪ ਰੂਪਾ ਦੇ ਰਿਸ਼ਤੇਦਾਰ ਨੇ ਕਿਹਾ ਹੈ ਕਿ ਉਹ ਮ੍ਰਿਤਕ ਦੇਹ ਲੈ ਕੇ ਜਾਣਗੇ। ਜਗਰੂਪ ਦੇ ਰਿਸ਼ਤੇਦਾਰ ਦੇ ਪਹਿਲਾਂ ਰਾਮਬਾਗ ਥਾਣੇ ਵਿਚ ਬਿਆਨ ਦਰਜ ਕੀਤੇ ਗਏ ਅਤੇ ਪੋਸਟਮ ਮਾਰਟਮ ਉਪਰੰਤ ਮ੍ਰਿਤਕ ਦੇਹ ਸਪੁਰਦ ਕੀਤੀ ਗਈ। 

ਅਪਡੇਟ ਇਹ ਵੀ ਸਾਹਮਣੇ ਆਈ ਹੈ ਕਿ ਪੁਲਿਸ ਦੋਵੇਂ ਗੈਂਗਸਟਰਾਂ ਦੇ ਫਿੰਗਰ ਪ੍ਰਿੰਟ ਲਵੇਗੀ ਅਤੇ ਇੰਟੀਗ੍ਰੇਟਿਡ ਸਿਸਟਮ ਫਿੰਗਰਪ੍ਰਿੰਟ ਰਾਹੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਜਗਰੂਪ ਰੂਪਾ ਅਤੇ ਮੰਨੂ ਕੁੱਸਾ ਨੇ ਦੇਸ਼ ਵਿਚ ਹੋਰ ਕਿਥੇ-ਕਿਥੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗੇਗਾ ਕਿ ਇਨ੍ਹਾਂ ਵਿਰੁੱਧ ਕਿੰਨੇ ਮੁਕੱਦਮੇ ਦਰਜ ਹਨ।

ਸ਼ੂਟਰਾਂ ਦੇ ਐਂਨਕਾਊਂਟਰ ਵਾਲੀ ਜਗ੍ਹਾ ਅੱਜ ਸਿੱਧੂ ਦੇ ਪਿਤਾ ਬਲਕੌਰ ਸਿੰਘ ਵੀ ਪਹੁੰਚੇ। ਪਹਿਲਾ ਉਹ ਐਂਨਕਾਊਂਟਰ ਵਾਲੀ ਜਗ੍ਹਾ ਪਹੁੰਚੇ ਤੇ ਫਿਰ ਘਰਿੰਡਾ ਦੇ ਥਾਣੇ ਪਹੁੰਚੇ। ਇਸ ਦੌਰਾਨ ਸਿੱਧੂ ਦੇ ਪਿਤਾ ਨੇ ਪੁਲਿਸ ਦੀ ਤਾਰੀਫ਼ ਵੀ ਕੀਤੀ ਤੇ ਕਿਹਾ ਕਿ ਇਹ ਜਿੰਨੀ ਵੀ ਸਫ਼ਲਤਾ ਮਿਲੀ ਹੈ ਟੀਕ ਹੈ ਪਰ ਲੜਾਈ ਬਹੁਤ ਲੰਬੀ ਹੈ ਸਿਰਫ਼ 2 ਸ਼ੂਟਰ ਮਾਰਨ ਨਾਲ ਮੇਰਾ ਪੁੱਤ ਵਾਪਸ ਨਹੀਂ ਆਵੇਗਾ।