ਅਜਨਾਲਾ 'ਚ ਡਿੱਗੀ ਅਸਮਾਨੀ ਬਿਜਲੀ, ਘਰ ਦਾ ਕੀਮਤੀ ਸਾਮਾਨ ਸੜ ਕੇ ਹੋਇਆ ਸੁਆਹ
ਜਾਨੀ ਨੁਕਸਾਨ ਹੋਣ ਤੋਂ ਰਿਹਾ ਬਚਾਅ
ਅਜਨਾਲਾ : ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਕਰਕੇ ਕਈ ਤਰ੍ਹਾਂ ਦੇ ਹਾਦਸੇ ਵਾਪਰ ਰਹੇ ਹਨ। ਇਸ ਦੌਰਾਨ ਅਜਨਾਲਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਆਉਂਦੇ ਪਿੰਡ ਮੋਹਣ ਭੰਡਾਰੀਆਂ ਵਿਖੇ ਅੱਜ ਸਵੇਰੇ 3 ਕੁ ਵਜੇ ਦੇ ਕਰੀਬ ਇਕ ਘਰ ’ਤੇ ਅਸਮਾਨੀ ਬਿਜਲੀ ਡਿੱਗ ਗਈ। ਅਸਮਾਨੀ ਬਿਜਲੀ ਡਿੱਗਣ ਕਾਰਨ ਘਰ ਵਿਚ ਪਿਆ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਰਾਹਤ ਦੀ ਗੱਲ ਰਹੀ ਹੈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਪੁੱਤਰ ਦਲਬੀਰ ਸਿੰਘ ਪਿੰਡ ਮੋਹਨ ਭੰਡਾਰੀਆਂ ਦੇ ਘਰ ’ਤੇ ਅਚਾਨਕ ਅੱਜ ਅਸਮਾਨੀ ਬਿਜਲੀ ਡਿੱਗ ਪਈ, ਜਿਸ ਨਾਲ ਘਰ ’ਤੇ ਸੀਮਿੰਟ ਨਾਲ ਬਣੀ ਹੋਈ ਪਾਣੀ ਵਾਲੀ ਟੈਂਕੀ ਟੁੱਟ ਗਈ।
ਅਸਮਾਨੀ ਬਿਜਲੀ ਏਨੀ ਜ਼ਬਰਦਸਤ ਸੀ ਕਿ ਉਪਰਲੀ ਮੰਜ਼ਿਲ ਦੇ ਲੈਂਟਰ ਨੂੰ ਪਾੜਦੀ ਹੋਈ ਹੇਠਾਂ ਕੰਧਾਂ ਵਿੱਚ ਪਈ ਵਾਇਰਿੰਗ ਨੂੰ ਅੱਗ ਲੱਗ ਗਈ, ਜਿਸ ਨਾਲ ਘਰ ਵਿਚ ਪਈ ਫਰਿੱਜ, ਵਾਸ਼ਿੰਗ ਮਸ਼ੀਨ, ਐਲਈਡੀ, ਪੱਖੇ, ਕੂਲਰ, ਇਨਵਰਟਰ ਬੈਟਰਾ ਤੇ ਹੋਰ ਇਲੈਕਟ੍ਰਾਨਿਕ ਸਾਮਾਨ ਬੁਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਿਆ।