ਅਸੀਂ ਇਕ ਵੀ ਗੈਂਗਸਟਰ ਨੂੰ ਬਖ਼ਸ਼ਾਂਗੇ ਨਹੀਂ- CM ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

CM ਮਾਨ ਨੇ DGP ਪੰਜਾਬ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਸਮੇਤ ਸੀਨੀਅਰ ਅਫ਼ਸਰਾਂ ਨਾਲ ਕੀਤੀ ਅਹਿਮ ਮੀਟਿੰਗ

CM Bhagwant Mann

 

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਡੀਜੀਪੀ ਪੰਜਾਬ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਸਮੇਤ ਸੀਨੀਅਰ ਅਫ਼ਸਰਾਂ ਨਾਲ ਅਹਿਮ ਮੀਟਿੰਗ ਕੀਤੀ। ਇਸ ਮੌਕੇ ਉਹਨਾਂ ਨੂੰ ਪੰਜਾਬ ‘ਚੋਂ ਗੈਂਗਸਟਰ ਕਲਚਰ ਦੇ ਖ਼ਾਤਮੇ ਅਤੇ ਪੰਜਾਬੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ।

CM Bhagwant Mann Meeting With Senior Police Officials

ਇਸ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਇਕ ਵੀ ਗੈਂਗਸਟਰ ਨੂੰ ਬਖ਼ਸ਼ਾਂਗੇ ਨਹੀਂ। ਉਹਨਾਂ ਕਿਹਾ, “ਪੰਜਾਬੀਆਂ ਨੇ ਮੇਰੇ ’ਤੇ ਯਕੀਨ ਕੀਤਾ, ਤੁਸੀਂ ਇਹੀ ਯਕੀਨ ਕਾਇਮ ਰੱਖਿਓ। ਮੈਂ ਇਸ ਧਰਤੀ ਨੂੰ ਫਿਰ ਤੋਂ ਰੰਗਲੀ ਧਰਤੀ ਬਣਾਉਣਾ ਚਾਹੁੰਦਾ ਹਾਂ। ਪੰਜਾਬ ਦੇ ਲੋਕਾਂ ਦੀ ਸੁਰੱਖਿਆ, ਸ਼ਾਂਤੀ ਅਤੇ ਭਾਈਚਾਰਾ ਮੇਰੀ ਜ਼ਿੰਮੇਵਾਰੀ ਹੈ। ਕਈ ਚੀਜ਼ਾਂ ਨੂੰ ਸਮਾਂ ਜ਼ਰੂਰ ਲੱਗਦਾ ਪਰ ਅਸੀਂ ਕੱਚੇ ਪੈਰੀਂ ਕੰਮ ਨਹੀਂ ਕਰਦੇ”।

CM Bhagwant Mann Meeting With Senior Police Officials

ਇਸ ਦੇ ਨਾਲ ਹੀ ਉਹਨਾਂ ਨੇ ਸ਼ੂਟਰਾਂ ਦਾ ਐਨਕਾਊਂਟਰ ਕਰਨ ਵਾਲੀ ਟੀਮ ਨੂੰ ਵਧਾਈ ਦਿੱਤੀ। ਸੀਐਮ ਮਾਨ ਨੇ ਕਿਹਾ ਕਿ“ਮੇਰੇ ਛੋਟੇ ਭਰਾ ਸਿੱਧੂ ਮੂਸੇਵਾਲਾ ਨੂੰ ਸਭ ਤੋਂ ਪਹਿਲਾਂ ਗੋਲੀਆਂ ਮਾਰਨ ਵਾਲੇ 2 ਸ਼ੂਟਰ ਪੁਲਿਸ ਮੁਕਾਬਲੇ ’ਚ ਮਾਰੇ ਗਏ। ਮੈਂ ਟੀਮ ਨੂੰ ਵਧਾਈ ਦਿੰਦਾ ਹਾਂ, ਜਿਸ ਨੇ ਬਹਾਦਰੀ ਨਾਲ ਆਪਣੀਆਂ ਜਾਨਾਂ ਖਤਰੇ ਵਿਚ ਪਾ ਕੇ, ਕਿੰਨੇ ਘਰਾਂ ਦੇ ਚੁੱਲ੍ਹੇ ਬੁਝਣੋਂ ਬਚਾਏ”।