ਹੜ੍ਹ ਵੱਲੋਂ ਮਚਾਈ ਤਬਾਹੀ ਕਾਰਨ ਫਿਰੋਜ਼ਪੁਰ ਦੇ ਸੱਠ ਪਿੰਡ ਪਾਣੀ ਦੀ ਮਾਰ ਹੇਠ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਹਤ ਕਾਰਜ ਮੱਠੇ ਨਹੀ ਮਿਲ ਰਿਹਾ ਖਾਣ ਨੂੰ ਭੋਜਨ ਤੇ ਪਸ਼ੂਆ ਲਈ ਚਾਰਾ

ਹੜ੍ਹ ਨੇ ਮਚਾਈ ਤਬਾਹੀ ਕਾਰਨ ਫਿਰੋਜ਼ਪੁਰ ਦੇ ਸੱਠ ਪਿੰਡ ਪਾਣੀ ਦੀ ਮਾਰ ਹੇਠ

ਫਿਰੋਜ਼ਪੁਰ (ਬਲਬੀਰ ਸਿੰਘ ਜੋਸ਼ਨ )-: ਹਿੰਦ ਪਾਕਿ ਸਰਹੱਦ ਨਾਲ ਲੱਗਦੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਸਤਲੁਜ ਦਰਿਆ ਵਿਚ ਹੜ੍ਹ ਨੇ ਮਚਾਈ ਤਬਾਹੀ ਕਾਰਨ ਕੰਢੀ ਏਰੀਏ ਦੇ ਕਿਸਾਨਾਂ ਦੀ ਹਾਲਤ ਕਾਫੀ ਤਰਸਯੋਗ ਬਣ ਗਈ ਹੈ । ਠਾਠਾ ਮਾਰਦੇ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਕਰੀਬ ਸੱਠ ਪਿੰਡਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਬਰਬਾਦ ਹੋ ਗਈ ਹੈ। ਮਾਲਵਾ ਮਾਝਾ ਦੀ ਹੱਦ ਤੇ ਵਗਦੇ ਸਤਲੁਜ ਦਰਿਆ ਵਿੱਚ ਪਾਣੀ ਦਾ ਸਤਰ ਵਧਣ ਕਾਰਨ ਹੜ੍ਹ ਦੀ ਮਾਰ ਵਿਚ ਆਏ ਲੋਕ ਘਰੋਂ ਬੇਘਰ ਹੋ ਗਏ ਹਨ।

ਕਈਆਂ ਨੂੰ ਆਪਣੇ ਘਰ ਛੱਡਣੇ ਪੈ ਗਏ ਹਨ ਆਪਨੇ ਬੱਚੇ ਵੀ ਉਨ੍ਹਾਂ ਵੱਲੋਂ ਸੁਰੱਖਿਅਤ ਜਗ੍ਹਾ ਤੇ ਭੇਜੇ ਗਏ ਹਨ ,ਪਰ ਹਾਲੇ ਵੀ ਕਈ ਲੋਕ ਆਪਣੇ ਘਰਾਂ ਦੇ ਵਿਚ ਹੀ ਬੈਠੇ ਹਨ ਕਿਉਂਕਿ ਆਪਣੇ ਮਾਲ ਡੰਗਰ ਨੂੰ ਛੱਡ ਕੇ ਕਿੱਥੇ ਜਾਣ ਅਤੇ ਘਰ ਦੇ ਵਿਚ ਪਿਆ ਸਮਾਨ ਵੀ ਚੋਰੀ ਹੋਣ ਦਾ ਡਰ ਸਤਾਉਣ ਲੱਗ ਪਿਆ ਹੈ। ਉਧਰੋਂ ਕਿਸਾਨਾ ਦੀ ਹਜਾਰਾਂ ਏਕੜ ਫਸਲ ਖਰਾਬ ਹੋਣ ਦੇ ਡਰ ਤੋਂ ਸ਼ਾਹੂਕਾਰਾਂ ਨੇ ਵੀ ਪ੍ਰਭਾਵਿਤ ਕਿਸਾਨਾਂ ਤੋਂ ਮਤਲਬ ਦੇਣ ਤੋਂ ਹੱਥ ਪਿੱਛੇ ਖਿੱਚ ਲਿਆ ਹੈ। ਜਿਸ ਕਾਰਨ ਪ੍ਰਭਾਵਿਤ ਇਲਾਕੇ ਦੇ ਕਿਸਾਨਾਂ ਨੂੰ ਆਪਣਾ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਗਿਆ ਹੈ।

ਕੰਢੀ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੋ ਗਈ ਹੈ ਨਾ ਖਾਣ ਲਈ ਭੋਜਨ ਅਤੇ ਨਾ ਪਸ਼ੂਆਂ ਲਈ ਤੂੜੀ ਤੇ ਚਾਰਾ ਮਿਲ ਰਿਹਾ ਹੈ। ਉਪਰੋ ਹਲਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਵੱਲੋ ਪਿੰਡ ਨਿਹਾਲਾ ਲਵੇਰਾ ਚ ਹੜ ਪ੍ਰਭਾਵਤਾਂ ਕੋਲ ਖਾਲੀ ਹੱਥ ਆਏ ਤੇ ਖਾਲੀ ਚਲੇ ਗਏ, ਜਾਦੇ ਜਾਦੇ ਹੜ ਪ੍ਰਭਾਵਿਤ ਇਲਾਕੇ ਦੀ 24 ਘੰਟੇ ਬਿਜਲੀ ਪੱਕੇ ਤੌਰ ਤੇ ਕੱਟਣ ਦੇ ਹੁਕਮ ਦੇ ਗਏ ਜਿਸ ਕਾਰਨ ਹੜ੍ਹ ਪ੍ਰਭਾਵਤ ਲੋਕ ਹਨੇਰੇ 'ਚ ਰਾਤ ਕੱਟਣ ਲਈ ਮਜਬੂਰ ਹੋ ਗਏ ਹਨ।

ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਜਿਥੇ ਤਰਕੀਬਨ ਹਰੀਕੇ ਹੈੱਡ ਤੋਂ ਲੈ ਕੇ ਬਾਰਡਰ ਲਾਈਨ ਤੱਕ ਜ਼ੀਰਾ ਅਤੇ ਫਿਰੋਜ਼ਪੁਰ ਅਧੀਨ ਆਉਂਦੇ 60 ਪਿੰਡ ਖਾਲੀ ਕਰਕੇ ਆਪਣੇ ਪਸ਼ੂ ਅਤੇ ਪਰਿਵਾਰ ਸੁਰੱਖਿਅਤ ਥਾਵਾਂ ਤੇ ਚਲੇ ਜਾਣ ਦੇ ਹੁਕਮ ਤਾਂ ਦੇ ਦਿੱਤੇ ਉਥੇ ਪ੍ਰਸਾਸਨ ਵੱਲੋ ਪਰਿਵਾਰਾਂ ਲਈ ਖਾਣ ਤੇ ਉਨ੍ਹਾਂ ਦੇ ਪਸ਼ੂਆਂ ਲਈ ਕਿਸੇ ਤਰ੍ਹਾਂ ਦੇ ਤੰਬੂ ਅਤੇ ਚਾਰੇ ਦਾ ਪ੍ਰਬੰਧ ਤੱਕ ਨਹੀਂ ਕੀਤਾ। ਸਥਾਨਕ ਇਲਾਕੇ ਨਾਲ ਲੱਗਦੇ ਪਿੰਡ ਹਰੀਕੇ ਸਭਰਾਂ ਤੋਂ ਲੈ ਕੇ ਪੱਲਾ ਮੇਘਾ ਬਾਰਡਰ ਲਾਈਨ ਤੱਕ ਤਕਰੀਬਨ ਤੀਹ ਪਿੰਡਾਂ ਦੇ ਲੋਕ ਅਜੇ ਵੀ ਘਰਾਂ ਵਿੱਚ ਬੈਠੇ ਹਨ।

ਲੋਕਾਂ ਦਾ ਕਹਿਣਾ ਹੈ ਕਿ ਤੰਗੀ ਦਾ ਜੀਵਨ ਗੁਜ਼ਾਰ ਕੇ ਬਣਾਇਆ ਘਰ ਕਿਵੇ ਛੱਡ 'ਜਾਈਏ ਤਾਂ ਕਿਥੇ''। ਜਦੋ ਰੋਜਾਨਾ ਸਪੋਕਸਮੈਨ ਦੀ ਟੀਮ ਵੱਲੋ ਹੜ੍ਹ ਨਾਲ ਪ੍ਰਭਾਵਿਤ ਹੋਏ ਇਲਾਕੇ ਦਾ ਜਾਇਜ਼ਾ ਲਿਆ ਤਾਂ ਲੋਕਾਂ ਨੇ ਆਪਣੀ ਵਿੱਥਿਆ ਦੱਸਦਿਆਂ ਕਿਹਾ ਕਿ ਤਕਰੀਬਨ ਸਾਰੀ ਫਸਲ ਡੁੱਬ ਚੁੱਕੀ ਹੈ ਅਤੇ ਕੜਾਕੇ ਦੀ ਧੁੱਪ ਹੜ੍ਹ ਦੇ ਪਾਣੀ ਵਿਚ ਫਸਲ ਗਲਣ ਨਾਲ ਪੂਰੀ ਤਰ੍ਹਾਂ ਖਰਾਬ ਹੋ ਚੁਕੀ ਹੈ। ਫਿਰੋਜ਼ਪੁਰ ਹਲਕੇ ਅਧੀਨ ਆਉਂਦੇ ਤਕਰੀਬਨ ਪੰਦਰਾਂ ਕਿਲੋਮੀਟਰ ਇਲਾਕੇ ਵਿਚ ਸਿਰਫ਼ ਪਿੰਡ ਨਿਹਾਲਾ ਲਵੇਰਾ ਘਾਟ 'ਤੇ ਹੀ ਆਰਮੀ ਅਤੇ ਬਠਿੰਡਾ ਐਨ ਡੀ ਆਰ ਐਫ ਦੀ ਟੀਮ ਨੇ ਮੈਡੀਕਲ ਕੈਂਪ ਅਤੇ ਹੜ੍ਹ ਪੀੜਤਾਂ ਨੂੰ ਪਾਣੀ ਵਿਚੋਂ ਬਾਹਰ ਕੱਢਣ ਤੇ ਬਾਹਰੋਂ ਆਏ ਲੋਕਾਂ ਨੂੰ ਬੇੜੀ ਅਤੇ ਮੋਟਰ ਬੋਟ ਰਾਹੀਂ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਲਈ ਮਦਦਗਾਰ ਸਾਬਤ ਹੋ ਰਹੇ ਹਨ

ਪਰ ਜਿਲਾ ਪ੍ਰਸ਼ਾਸ਼ਨ ਵੱਲੋ ਹੜ੍ਹ ਪ੍ਰਭਾਵਤ ਲੋਕਾ ਲਈ ਨਾ ਤਾਂ ਕੋਈ ਲੰਗਰ ਅਤੇ ਨਾ ਕੋਈ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਕੀਤਾ ਹੈ। ਹੜ੍ਹ ਦੀ ਮਾਰ ਹੇਠ ਆਏ ਪਿੰਡ ਕਾਮਲ ਵਾਲਾ 324 ਅਤੇ ਧੀਰਾ ਘਾਰਾ, ਨਿਹਾਲਾ ਲਵੇਰਾ, ਬੱਗੇ ਵਾਲਾ, ਬੰਡਾਲਾ, ਕਾਲੇ ਕੇ ਉਤਾੜ,ਅਤੇ ਕੁਤਬਦੀਨ, ਬਸਤੀ ਮੋਹਨ ਪੁਰੀਆਂ ਦੇ ਲੋਕਾਂ ਨੇ ਦੱਸਿਆ ਕਿ ਫਿਰੋਜ਼ਪੁਰ ਜਿਲ੍ਹੇ ਦੇ ਡੀਸੀ ਚੰਦਰ ਗੈਂਦ ਅਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਹੜ ਦਾ ਜਾਇਜ਼ਾ ਲੈਣ ਆਏ ਸਨ ਪਰ ਬੇੜੀ ਤੇ ਝੂੜਾ ਲੈ ਕੇ ਵਾਪਸ ਚਲੇ ਗਏ। ਹੜ੍ਹ ਨਾਲ ਪ੍ਰਭਾਵਿਤ ਲੋਕਾਂ ਲਈ ਤੰਬੂ ਰਾਸਨ,ਦਵਾਈਆ ਜਾਂ ਪਸ਼ੂਆਂ ਲਈ ਚਾਰਾ ਤੂੜੀ ਦੇ ਕੋਈ ਪ੍ਰਬੰਧ ਨਹੀਂ ਕੀਤੇ ਗਏ।

ਦੂਜੇ ਪਾਸੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਡਿਪਟੀ ਕਮਿਸ਼ਨਰ ਚੰਦਰ ਗੈਂਦ ਐਸਐਸਪੀ ਦਾ ਕਹਿਣਾ ਹੈ ਕਿ ਪਿੰਡ ਨਿਹਾਲੇ ਲਵੇਰਾ ਵਿਚ ਬਚਾਅ ਕਾਰਜ ਅਭਿਆਨ ਚਲਾਇਆ ਹੈ ਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਭੇਜਿਆ ਗਿਆ ਉਨ੍ਹਾਂ ਨੂੰ ਖਾਣਾ, ਇਲਾਜ ਅਤੇ ਹੋਰ ਸਹੂਲਤਾਂ ਮੁਹੱਈਆ ਗਈਆਂ ਹਨ। ਹੜ ਪ੍ਰਭਾਵਿਤ ਇਲਾਕੇ ਦੇ ਲੋਕਾਂ ਨੂੰ ਪੁੱਛਿਆ ਗਿਆ ਤਾਂ ਪ੍ਰਭਾਵਿਤ ਲੋਕਾਂ ਨੇ ਕਿਹਾ ਕਿ ਵਿਖਾਓ ਕਿੱਥੇ ਹੈ ਰਾਹਤ ਕੈਂਪ ਲੋਕ ਆਪਣੇ ਖਾਣ ਦਾ ਪ੍ਰਬੰਧ ਖੁਦ ਕਰ ਰਹੇ ਹਨ। ਪੀੜਤਾਂ ਨੇ ਕਿਹਾ ਕਿ ਸਿਰਫ਼ ਨਿਹਾਲਾ ਲਵੇਰਾ ਘਾਟ ਤੇ ਫੌਜ ਅਤੇ ਐਨਡੀਆਰਐਫ ਦੇ ਜਵਾਨ ਮੋਟਰ ਬੋਰਡ ਤੇ ਕੁਝ ਦਵਾਈਆਂ ਲੈ ਕੇ ਪਹੁੰਚੇ ਹਨ।

ਪ੍ਰੰਤੂ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਅਜੇ ਤੱਕ ਰਾਹਤ ਨਾਂ ਦੀ ਕੋਈ ਵੀ ਚੀਜ਼ ਸਾਡੇ ਤੱਕ ਨਹੀਂ ਪਹੁੰਚੀ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਦੇ ਹੜ੍ਹ ਮੌਕੇ ਤਬਾਹ ਹੋਈ ਫ਼ਸਲ ਦਾ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ। ਆਪਣੇ ਘਰ ਵੱਲ ਨੂੰ ਜਾ ਰਹੇ ਕਿਸਾਨ ਨੇ ਕਿਹਾ ਕਿ ਰਾਹਤ ਕੈਂਪ ਤਾਂ ਦੂਰ ਦੀ ਗੱਲ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਪੰਜ ਲੀਟਰ ਦੀ ਖਾਲੀ ਪੀਪੀ ਵੀ ਨਹੀਂ ਮਿਲੀ। ਜਿਸ ਸਹਾਰੇ ਘਰ ਤੱਕ ਜਾਇਆ ਜਾ ਸਕੇ। ਦਸ ਕਿਲੋਮੀਟਰ ਏਰੀਏ ਵਿਚ ਸਿਰਫ਼ ਇੱਕ ਜਗ੍ਹਾਂ ਤੇ ਫੌਜ ਦੇ ਜਵਾਨ ਮੋਟਰ ਬੋਟ ਅਤੇ ਕੁਝ ਦਵਾਈਆਂ ਲਿਆਏ ਹਨ ਜੇਕਰ ਕਿਤੇ ਕੋਈ ਸਰਕਾਰ ਵੱਲੋਂ ਰਾਹਤ ਵਾਲੀ ਚੀਜ ਦਿੱਸਦੀ ਹੈ ਤਾਂ ਵਿਖਾਓ।

ਪਿੰਡ ਨਿਹਾਲਾ ਲਵੇਰਾ ਦੇ ਸਾਬਕਾ ਸਰਪੰਚ ਨੇ ਦੱਸਿਆ ਕਿ ਹਲਕਾ ਵਿਧਾਇਕ ਤਾਂ ਜਿਵੇਂ ਬੇੜੀ ਤੇ ਆਨੰਦ ਲੈਣ ਆਏ ਸੀ ਕੋਈ ਰਾਹਤ ਟੀਮ ਜਾਂ ਸਾਡੇ ਪਰਿਵਾਰਕ ਮੈਂਬਰਾਂ ਲਈ ਖਾਣਾ ਜਾਂ ਪਸ਼ੂਆਂ ਲਈ ਚਾਰਾ ਬਾਰੇ ਨਹੀਂ ਕਹਿ ਕੇ ਗਏ ਕਿ ਕਿੱਥੋਂ ਮਿਲੇਗਾ । ਇਸ ਏਰੀਏ ਨਾਲ ਲੱਗਦਾ ਧੁਸੀਂ ਬੰਨ੍ਹ ਹੀ ਹੜ੍ਹ ਵਿਚੋਂ ਨਿਕਲਣ ਵਾਲੇ ਲੋਕਾਂ ਦਾ ਬੈਠਣ ਦੀ ਜਗਾ ਹੁੰਦੀ ਹੈ। ਉੱਥੇ ਵੀ ਕਿਸੇ ਇੱਕ ਜਗ੍ਹਾ 'ਤੇ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਰੁਕਣ ਲਈ ਰਾਹਤ ਕੈਂਪ ਨਹੀਂ ਬਣਾਇਆ ਗਿਆ। ਸੂਬਾ ਸਿੰਘ ਬੱਗੇ ਵਾਲਾ ਦੇ ਕਿਸਾਨ ਨੇ ਕਿਹਾ ਕਿ ਫ਼ਸਲ ਤੇ ਸਾਰਾ ਖਰਚ ਲੱਗ ਚੁੱਕਿਆ ਸੀ ਹੁਣ ਤਾਂ ਘਰ ਨੂੰ ਕੁਝ ਆਉਣਾ ਹੀ ਸੀ।

ਸੋਚਦੇ ਹਾਂ ਸਾਰਾ ਸਮਾਂ ਗੁਜ਼ਾਰਾ ਕਿਵੇਂ ਹੋਵੇਗਾ ਅਗਲੀ ਫ਼ਸਲ ਬੀਜਣ ਲਈ ਸਾਰੇ ਪ੍ਰਬੰਧ ਕਿਵੇਂ ਕਰਾਂਗੇ ਕਿਉਂਕਿ ਫ਼ਸਲ ਮਾਰੇ ਜਾਣ ਕਰਕੇ ਹੁਣ ਤਾਂ ਸ਼ਾਹੂਕਾਰ ਵੀ ਬਾਂਹ ਨਹੀਂ ਫੜ ਰਿਹਾ ਸੋਚਣ ਵਾਲੀ ਗੱਲ ਇਹ ਹੈ ਕਿ ਸਰਕਾਰ ਦੇ ਹਵਾਈ ਝੂਟੇ ਜਾਂ ਵਿਧਾਇਕਾਂ ਤੇ ਪ੍ਰਸ਼ਾਸਨ ਦਾ ਬੇੜੀਆਂ ਅਤੇ ਵੋਟਾਂ ਦਾ ਸਫਰ ਕਿ ਪੀੜਤਾਂ ਨੂੰ ਕੋਈ ਹੌਸਲਾ ਦੇ ਸਕੇਗਾ ਜਾਂ ਫਿਰ ਪਹਿਲੇ ਹੜ੍ਹਾਂ ਦੀ ਮਾਰ ਵਾਂਗੂੰ ਰਾਹਤ ਕਾਰਜ ਅਤੇ ਮੁਆਵਜ਼ਾ ਫਾਈਲਾਂ ਦਾ ਸ਼ਿੰਗਾਰ ਬਣ ਕੇ ਰਹਿ ਜਾਵੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ