ਕੈਪਟਨ ਵਲੋਂ ਸੂਬੇ 'ਚ ਧਾਰਾ 144 ਲਾਗੂ ਕਰਨ ਦੇ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਵਿਡ 19 ਨੂੰ ਠੱਲ੍ਹਣ ਲਈ ਜ਼ਰੂਰਤ ਪਈ ਤਾਂ 31 ਅਗੱਸਤ ਤੋਂ ਬਾਅਦ ਹੋਰ ਸਖ਼ਤ ਕਦਮ ਚੁੱਕੇ ਜਾਣਗੇ

image

ਰਾਜਸੀ ਪਾਰਟੀਆਂ ਨੂੰ ਇਕੱਠ ਨਾ ਕਰਨ ਦੀ ਅਪੀਲ, ਧਾਰਾ 144 ਦੀ ਉਲੰਘਣਾ ਹੋਣ 'ਤੇ ਪ੍ਰਬੰਧਕ ਹੋਣਗੇ ਗ੍ਰਿਫ਼ਤਾਰ





ਚੰਡੀਗੜ੍ਹ, 21 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ): ਸੂਬੇ ਅੰਦਰ ਅਗਸਤ 31 ਤੱਕ ਨਵੀਆਂ ਲੌਕਡਾਊਨ ਪਾਬੰਦੀਆਂ ਦੇ ਐਲਾਨ ਤੋਂ ਇਕ ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਕਰਵਾਰ ਨੂੰ ਵਿਆਹ ਅਤੇ ਭੋਗ ਸਮਾਗਮਾ ਤੋਂ ਇਲਾਵਾ ਪੰਜ ਤੋਂ ਵਧੇਰੇ ਵਿਅਕਤੀਆਂ ਦੀ ਸ਼ਮੂਲੀਅਤ ਵਾਲੇ ਸਾਰੇ ਇਕੱਠਾਂ 'ਤੇ ਰੋਕ ਲਈ ਧਾਰਾ 144 ਲਾਗੂ ਕਰਨ ਦੇ ਹੁਕਮ ਦਿਤੇ ਗਏ ਹਨ ਅਤੇ ਅਜਿਹੇ ਇਕੱਠ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿਤੀ ਗਈ ਹੈ।
ਮੁੱਖ ਮੰਤਰੀ ਵਲੋਂ ਚਿਤਾਵਨੀ ਦਿਤੀ ਗਈ ਕਿ ਪੰਜਾਬ ਦੇਲੋਕਾਂ ਦੀਆਂ ਜਾਨਾਂ ਬਚਾਉਣ ਅਤੇ ਕੋਵਿਡ ਦੀ ਰੋਕਥਾਮ ਲਈ ਜੇਕਰ ਜ਼ਰੂਰਤ ਪਈ ਤਾਂ 31 ਅਗਸਤ ਤੋਂ ਬਆਦ ਹੋਰ ਸਖ਼ਤ ਕਦਮ ਵੀ ਚੁੱਕੇ ਜਾਣਗੇ।

image


ਉਨ੍ਹਾਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਧਰਨਿਆਂ ਸਮੇਤ ਸਾਰੇ ਇਕੱਠਾਂ ਤੋਂ ਬਚਣ ਲਈ ਅਪੀਲ ਕੀਤੀ। ਅਜਿਹੇ ਮਾਮਲੇ 'ਚ ਮੁਕੰਮਲ ਸਖਤੀ ਦੀ ਚਿਤਾਵਨੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਧਾਰਾ 144 ਦੀ ਕਿਸੇ ਵੀ ਉਲੰਘਣਾਂ ਦੇ ਮਾਮਲੇ 'ਚ ਅਜਿਹੇ ਇਕੱਠ ਦੇ ਪ੍ਰਬੰਧਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ, ਜਿਨ੍ਹਾਂ ਵਲੋਂ ਇਕੱਠ ਕਰਕੇ ਜਾਂ ਮਾਸਕਾਂ ਤੋਂ ਬਿਨ੍ਹਾਂ ਇਕੱਠ ਦੀ ਆਗਿਆ ਦੇ ਕੇ ਲੋਕਾਂ ਦੀਆਂ ਜਾਨਾਂ ਨੂੰ ਜ਼ੋਖਮ 'ਚ ਪਾਇਆ ਜਾ ਰਿਹਾ ਹੈ। ਮੁੱਖ ਮੰਤਰੀ ਵਲੋਂ ਸਾਰੇ ਧਾਰਮਕ ਤੇ ਸਮਾਜਕ ਆਗੂਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਅਪਣੇ ਪੈਰੋਕਾਰਾਂ ਨੂੰ ਧਾਰਾ 144 ਦੀ ਉਲੰਘਣਾ ਨਾ ਕਰਨ ਅਤੇ ਲਾਗੂ ਕੀਤੇ ਗਏ ਸੁਰੱਖਿਆ ਉਪਾਵਾਂ/ਪਾਬੰਦੀਆਂ ਦੀ ਪਾਲਣਾ ਕਰਨ ਲਈ ਆਖਣ।


ਅੱਜ ਅਪਣੇ ਫੇਸਬੁੱਕ ਲਾਈਵ ਪ੍ਰੋਗਰਾਮ 'ਕੈਪਟਨ ਨੂੰ ਸਵਾਲ' ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੰਕੜੇ ਨਿਰਾਸ਼ਾਮਈ ਤਸਵੀਰ ਪੇਸ਼ ਕਰ ਰਹੇ ਹਨ। ਉਨ੍ਹਾਂ ਚਿਤਾਵਨੀ ਦਿਤੀ ਕਿ ਜੇਕਰ ਲੋਕ ਲੋੜੀਂਦੇ ਸੁਰੱਖਿਆ ਉਪਾਵਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਸਥਿਤੀ ਹੋਰ ਬਦਤਰ ਹੋਵੇਗੀ। ਮੁੱਖ  ਮੰਤਰੀ ਨੇ ਕਿਹਾ ਕਿ ਬਦਕਿਸਮਤੀ ਨਾਲ ਲੋਕ ਇਸਨੂੰ ਹਲਕੇ ਵਿੱਚ ਲੈ ਰਹੇ ਹਨ ਜਿਸ ਕਰਕੇ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਪੈ ਰਹੇ ਹਨ ਜਿਨ੍ਹਾਂ ਵਿਚੋਂ ਕੁਝ ਬੀਤੇ ਕੱਲ ਐਲਾਨੇ ਗਏ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਮਾਸਕ ਨਾ ਪਹਿਨਣ ਕਰ ਕੇ ਰੋਜ਼ਾਨਾਂ ਆਧਾਰ 'ਤੇ 3000 ਤੋਂ 6000 ਲੋਕਾਂ ਦੇ ਚਲਾਨ ਕੱਟੇ ਜਾ ਰਹੇ ਹਨ।
ਮੁੱਖ ਮੰਤਰੀ ਨੇਂ ਕੋਵਿਡ ਤੋਂ ਸਿਹਤਯਾਬ ਹੋ ਚੁੱਕੇ ਵਿਅਕਤੀਆਂ ਨੂੰ ਦੂਜਿਆਂ ਦੀਆਂ ਜਾਨਾਂ ਬਚਾਉਣ ਲਈ ਪਲਾਜ਼ਮਾ ਦਾਨ ਕਰਨ ਦੀ ਅਪਣੀ ਅਪੀਲ ਨੂੰ ਦੁਹਰਾਇਆ ਹੈ।



3 ਸਤੰਬਰ ਤਕ 64000 ਅਤੇ 15 ਸਤੰਬਰ ਤਕ ਇਕ ਲੱਖ ਪਾਰ ਹੋ ਸਕਦੇ ਹਨ ਮਾਮਲੇ




ਲੋਕਾਂ ਨੂੰ ਵਾਰ-ਵਾਰ ਕੀਤੀਆਂ ਆਪਣੀਆਂ ਅਪੀਲਾਂ ਵਲ ਧਿਆਨ ਦੇਣ ਦੀ ਅਪੀਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ''ਅਸੀਂ ਕਿਉਂ ਨਹੀਂ ਸਮਝ ਰਹੇ ਕਿ ਸੁਰੱਖਿਆ ਉਪਾਅ ਤੁਹਾਡੀਆਂ ਅਤੇ ਹੋਰ ਪੰਜਾਬੀਆਂ ਦੀਆਂ ਜਾਨਾਂ ਬਚਾਉਣ ਲਈ ਜ਼ਰੂਰੀ  ਹਨ?'' ਇਹ ਦੱਸਦਿਆਂ ਕਿ ਸੂਬਾ ਕੋਵਿਡ ਦੀ ਸਿਖਰ ਵਲ ਵਧ ਰਿਹਾ ਹੈ, ਮੁੱਖ ਮੰਤਰੀ ਨੇ ਕਿਹਾ ਕਿ 3 ਸਤੰਬਰ ਤਕ ਪੰਜਾਬ 'ਚ ਕੇਸਾਂ ਦੇ 64000 ਤਕ ਪੁੱਜਣ ਦੇ ਕਿਆਸ ਹਨ ਅਤੇ 15 ਸਤੰਬਰ ਤਕ ਇਹ ਗਿਣਤੀ ਇਕ ਲੱਖ ਪਾਰ ਕਰ ਜਾਵੇਗੀ। ਇਹ ਆਸ ਕਰਦਿਆਂ ਕਿ ਲੋਕ ਉਨ੍ਹਾਂ ਦੀ ਗੱਲ ਸੁਣਨਗੇ ਅਤੇ ਸੁਰੱਖਿਆ ਉਪਾਵਾਂ ਦਾ ਪਾਲਣ ਕਰਨਗੇ, ਮੁੱਖ ਮੰਤਰੀ ਵਲੋਂ ਚਿਤਾਵਨੀ ਦਿੱਤੀ ਗਈ ਕਿ ਮਾਹਿਰਾਂ ਦੇ 3 ਸਤੰਬਰ ਤੱਕ ਮੌਤਾਂ ਦੀ ਗਿਣਤੀ 1500 ਪੁੱਜਣ ਦੇ ਅੰਦਾਜ਼ੇ ਨੂੰ ਧਿਆਨ 'ਚ ਰੱਖਦਿਆਂ ਮੌਤਾਂ ਦੀ  ਗਿਣਤੀ ਵੀ ਵਧੇਗੀ। ਉਨ੍ਹਾਂ ਕਿਹਾ ਕਿ, ''ਅਸੀਂ ਪੰਜਾਬ ਨੂੰ ਅਮਰੀਕਾ ਵਰਗੇ ਹਾਲਾਤਾਂ ਵਲ ਨਹੀਂ ਜਾਣ ਦੇਵਾਂਗੇ।''


ਹਰ ਕੋਵਿਡ ਮਰੀਜ਼ ਲਈ ਕੇਂਦਰ ਤੋਂ 3 ਲੱਖ ਰੁਪਏ ਮਿਲਣ ਦੀ ਗੱਲ ਅਫ਼ਵਾਹ
ਲੁਧਿਆਣਾ ਦੇ ਇਕ ਵਸਨੀਕ ਵਲੋਂ ਸੂਬਾ ਸਰਕਾਰ ਨੂੰ ਹਰ ਕੋਵਿਡ ਮਰੀਜ਼ ਲਈ ਕੇਂਦਰ ਪਾਸੋਂ 3 ਲੱਖ ਰੁਪਏ ਮਿਲਣ ਸਬੰਧੀ ਉਨ੍ਹਾਂ ਦੇ ਪਿੰਡ ਵਿੱਚ ਫੈਲੀਆਂ ਅਫ਼ਵਾਹਾਂ ਬਾਰੇ ਸਪੱਸ਼ਟ ਕੀਤੇ ਜਾਣ ਲਈ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਵਲੋਂ ਕੇਂਦਰ ਪਾਸੋਂ ਕੋਵਿਡ ਦੀ ਲੜਾਈ ਲਈ ਪੈਸਾ ਮਿਲਣ ਨੂੰ ਵਿਸ਼ੇਸ਼ ਰੂਪ 'ਚ ਰੱਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਗਲਤ ਹੈ ਅਤੇ ਇਕ ਰੁਪਈਆ ਵੀ ਪ੍ਰਾਪਤ ਨਹੀਂ ਹੋਇਆ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਸਲ ਵਿੱਚ ਕੋਵਿਡ ਦੀ ਮਹਾਂਮਾਰੀ ਨਾਲ ਲੜਨ ਲਈ ਕੇਂਦਰ ਨੂੰ ਵਿੱਤੀ ਸਹਾਇਤਾ ਲਈ ਵਾਰ-ਵਾਰ ਲਿਖ ਰਹੀ ਹੈ।