ਇਨਸਾਨਾਂ ਦੀ ਪਿੱਠ 'ਤੇ ਤੁਰੇ ਚੀਨੀ ਰਾਜਦੂਤ, ਅਮਰੀਕਾ ਵਲੋਂ ਨਿਖੇਧੀ

ਏਜੰਸੀ

ਖ਼ਬਰਾਂ, ਪੰਜਾਬ

ਇਨਸਾਨਾਂ ਦੀ ਪਿੱਠ 'ਤੇ ਤੁਰੇ ਚੀਨੀ ਰਾਜਦੂਤ, ਅਮਰੀਕਾ ਵਲੋਂ ਨਿਖੇਧੀ

image

ਤਰਾਵਾ, 21 ਅਗੱਸਤ : ਪ੍ਰਸ਼ਾਂਤ ਮਹਾਸਾਗਰ ਦੇ ਛੋਟੇ ਜਿਹੇ ਟਾਪੂ ਕਿਰਬਾਤੀ ਵਿਚ ਚੀਨੀ ਰਾਜਦੂਤ ਦੇ ਲੋਕਾਂ ਦੀ ਪਿੱਠ 'ਤੇ ਤੁਰਨ ਦੀ ਦੁਨੀਆ ਭਰ ਵਿਚ ਨਿਖੇਧੀ ਕੀਤੀ ਜਾ ਰਹੀ ਹੈ। ਚੀਨ ਦੇ ਰਾਜਦੂਤ ਤਾਂਗ ਸੋਨਗੇਨ ਦੇ ਸਵਾਗਤ ਲਈ ਇਨਸਾਨਾਂ ਨੂੰ 'ਰੈੱਡ ਕਾਰਪੇਟ' ਬਣਾਉਣ 'ਤੇ ਵਿਵਾਦ ਖੜਾ ਹੋ ਗਿਆ ਹੈ। ਅਮਰੀਕਾ ਦੇ ਇਕ ਸੀਨੀਅਰ ਰਾਜਦੂਤ ਨੇ ਚੀਨੀ ਰਾਜਦੂਤ ਦੇ ਇਸ ਵਤੀਰੇ 'ਤੇ ਸਵਾਲ ਚੁੱਕੇ ਹਨ ਅਤੇ ਕਿਹਾ ਕਿ ਆਮ ਸਮਾਜ ਵਿਚ ਇਸ ਤਰ੍ਹਾਂ ਦਾ ਵਤੀਰਾ ਨਿੰਦਣਯੋਗ ਹੈ। ਉੱਧਰ ਅਮਰੀਕਾ ਦੀ ਆਲੋਚਨਾ ਤੋਂ ਬਾਅਦ ਚੀਨੀ ਵਿਦੇਸ਼

ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਉਨ੍ਹਾਂ ਦਾ ਰਾਜਦੂਤ ਰਵਾਇਤੀ ਸਵਾਗਤ ਸਮਾਰੋਹ ਵਿਚ ਹਿੱਸਾ ਲੈ ਰਿਹਾ ਸੀ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਨ ਨੇ ਕਿਹਾ ਕਿ ਕਿਰਿਬਾਤੀ ਦੀ ਸਥਾਨਕ ਸਰਕਾਰ ਅਤੇ ਇਥੋਂ ਦੇ ਲੋਕਾਂ ਦੀ ਅਪੀਲ 'ਤੇ ਚੀਨੀ ਰਾਜਦੂਤ ਸਥਾਨਕ ਰਵਾਇਤ ਨਿਭਾਉਣ ਲਈ ਇਨਸਾਨਾਂ ਦੀ ਪਿਠ 'ਤੇ ਤੁਰੇ।  ਝਾਓ ਨੇ ਕਿਹਾ ਕਿ ਕੁਝ ਲੋਕ ਇਸ ਘਟਨਾ ਰਾਹੀਂ ਕਿਰਬਾਤੀ ਅਤੇ ਚੀਨ ਦੇ ਰਿਸ਼ਤਿਆਂ ਨੂੰ ਖ਼ਰਾਬ ਕਰਨਾ ਚਾਹੁੰਦੇ ਹਨ ਪਰ ਉਹ ਸਫ਼ਲ ਨਹੀਂ ਹੋਣਗੇ।  ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਚੀਨੀ ਰਾਜਦੂਤ ਦੇ ਬੱਚਿਆਂ ਅਤੇ ਪੁਰਸ਼ਾਂ ਦੀ ਪਿਠ 'ਤੇ ਤੁਰਨ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਵਿਚ ਨਜ਼ਰ ਆ ਰਿਹਾ ਹੈ ਕਿ ਇਕ ਵਿਅਕਤੀ ਕਰੀਬ 30 ਲੋਕਾਂ ਦੀ ਪਿਠ 'ਤੇ ਤੁਰ ਕੇ ਜਾ ਰਿਹਾ ਹੈ। ਇਹ 30 ਲੋਕ ਗਲੀਚੇ ਵਾਂਗ ਜ਼ਮੀਨ 'ਤੇ ਲੇਟੇ ਹੋਏ ਹਨ।