ਪੰਜਾਬ ਦੇ ਪਾਣੀ 'ਤੇ ਕਿਸੇ ਵੀ ਹੋਰ ਸੂਬੇ ਦਾ ਕੋਈ ਅਧਿਕਾਰ ਨਹੀਂ : ਢੀਂਡਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਸ਼੍ਰੋ. ਕਮੇਟੀ ਮੈਂਬਰ ਨੇ ਬਾਦਲਾਂ ਨੂੰ ਆਖੀ ਅਲਵਿਦਾ

ਇੰਦਰਜੀਤ ਖ਼ਾਲਸਾ ਨਾਲ ਬੰਦ ਕਮਰਾ ਮੀਟਿੰਗ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਦੇ ਪ੍ਰਵਾਰ ਦੀਆਂ ਢੀਂਡਸਾ ਨਾਲ ਤਸਵੀਰਾਂ। (ਗੋਲਡਨ)

ਕੋਟਕਪੂਰਾ, 21 ਅਗੱਸਤ (ਗੁਰਿੰਦਰ ਸਿੰਘ) : ਅੱਜ ਬਾਗ਼ੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਦੀ ਫ਼ਰੀਦਕੋਟ ਫੇਰੀ ਨੇ ਅਕਾਲੀ ਦਲ ਬਾਦਲ ਦੇ ਆਗੂਆਂ ਤੇ ਵਰਕਰਾਂ 'ਚ ਭਾਜੜਾਂ ਪਾਈ ਰੱਖੀਆਂ। ਕਿਉਂਕਿ ਬਾਦਲ ਦਲ ਵਲੋਂ ਢੀਂਡਸਾ ਦੀ ਆਮਦ ਦੀਆਂ ਕਨਸੋਆਂ ਲੈਣੀਆਂ ਜਾਰੀ ਰਖੀਆਂ।


ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਦੇ ਮਾਮੇ ਐਡਵੋਕੇਟ ਇੰਦਰਜੀਤ ਸਿੰਘ ਖ਼ਾਲਸਾ ਨਾਲ ਸੁਖਦੇਵ ਸਿੰਘ ਢੀਂਡਸਾ ਦੀ ਬੰਦ ਕਮਰਾ ਮੀਟਿੰਗ ਨੇ ਰਾਜਨੀਤਿਕ ਹਲਕਿਆਂ 'ਚ ਹਲਚਲ ਮਚਾ ਦਿਤੀ। ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਜਗਜੀਤ ਸਿੰਘ ਬਰਾੜ ਨੇ ਅਪਣੇ ਪਰਵਾਰ ਸਮੇਤ ਬਾਦਲ ਦਲ ਨੂੰ ਅਲਵਿਦਾ ਆਖਦਿਆਂ ਢੀਂਡਸਾ ਦਾ ਪੱਲਾ ਫੜ ਲਿਆ। ਢੀਂਡਸਾ ਦੀ ਆਮਦ ਦੇ ਉਕਤ ਮਾਮਲੇ ਦਾ ਦਿਲਚਸਪ ਪਹਿਲੂ ਇਹ ਵੀ ਹੈ ਕਿ ਸ. ਢੀਂਡਸਾ ਅਕਾਲੀ ਦਲ ਬਾਦਲ ਦੇ ਮੂਹਰਲੀ ਕਤਾਰ ਦੇ ਆਗੂਆਂ ਨੂੰ ਵੀ ਬਹਾਨੇ ਨਾਲ ਮਿਲੇ।

ਇੰਦਰਜੀਤ ਖ਼ਾਲਸਾ ਨਾਲ ਬੰਦ ਕਮਰਾ ਮੀਟਿੰਗ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਦੇ ਪ੍ਰਵਾਰ ਦੀਆਂ ਢੀਂਡਸਾ ਨਾਲ ਤਸਵੀਰਾਂ।  (ਗੋਲਡਨ)


ਇੰਦਰਜੀਤ ਸਿੰਘ ਖ਼ਾਲਸਾ ਨਾਲ ਬੰਦ ਕਮਰਾ ਮੀਟਿੰਗ ਮੌਕੇ ਸ. ਢੀਂਡਸਾ ਦੇ ਨਾਲ ਸਿਰਫ ਸਾਬਕਾ ਐਮ.ਪੀ. ਬੀਬੀ ਪਰਮਜੀਤ ਕੌਰ ਗੁਲਸ਼ਨ, ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ, ਸਾਬਕਾ ਸੂਚਨਾ ਕਮਿਸ਼ਨ ਨਿਧੜਕ ਸਿੰਘ ਬਰਾੜ ਅਤੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਔਲਖ (ਦਬੜੀਖਾਨਾ) ਵੀ ਹਾਜ਼ਰ ਸਨ।
ਸੁਖਦੇਵ ਸਿੰਘ ਢੀਂਡਸਾ ਨੇ ਸ਼ਪੱਸ਼ਟ ਕੀਤਾ ਕਿ ਐਸਆਈਐੱਲ ਨਹਿਰ ਦੇ ਮੁੱਦੇ 'ਤੇ ਉਨਾਂ ਦੀ ਪਾਰਟੀ ਦਾ ਸਟੈਂਡ ਬਿਲਕੁੱਲ ਸਪੱਸ਼ਟ ਹੈ ਕਿ ਪੰਜਾਬ ਦੇ ਪਾਣੀ 'ਤੇ ਕਿਸੇ ਵੀ ਹੋਰ ਸੂਬੇ ਦਾ ਕੋਈ ਅਧਿਕਾਰ ਨਹੀਂ, ਪਾਣੀਆਂ ਦੇ ਮਾਮਲੇ 'ਚ ਪਹਿਲਾਂ ਜੋ ਵੀ ਸਮਝੌਤੇ ਕੀਤੇ ਗਏ, ਉਹ ਗ਼ਲਤ ਹਨ। ਬੇਅਦਬੀ ਕਾਂਡ ਦੇ ਮਾਮਲੇ 'ਚ ਪੁੱਛੇ ਸਵਾਲ ਦੇ ਜਵਾਬ 'ਚ ਉਨਾਂ ਦਸਿਆ ਕਿ ਪਹਿਲਾਂ ਬਾਦਲ ਸਰਕਾਰ ਨੇ ਨਾ ਤਾਂ ਪੀੜਤ ਪਰਵਾਰਾਂ ਨੂੰ ਇਨਸਾਫ਼ ਦਿਤਾ ਅਤੇ ਨਾ ਹੀ ਦੋਸ਼ੀਆਂ ਵਿਰੁਧ ਕਾਰਵਾਈ ਕੀਤੀ, ਪਰ ਹੁਣ ਵੋਟਾਂ ਲੈਣ ਤੋਂ ਪਹਿਲਾਂ ਵਾਅਦੇ ਕਰ ਕੇ ਆਈ ਕੈਪਟਨ ਸਰਕਾਰ ਵੀ ਇਸ ਮਾਮਲੇ 'ਚ ਕੋਈ ਸਖ਼ਤ ਕਾਰਵਾਈ ਕਰਨ 'ਚ ਅਸਫ਼ਲ ਹੋਈ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਸ. ਢੀਂਡਸਾ ਨੇ ਆਖਿਆ ਕਿ ਉਨ੍ਹਾਂ ਦੀ ਪਾਰਟੀ ਕਾਂਗਰਸ ਅਤੇ ਬਾਦਲ ਦਲ ਨੂੰ ਛੱਡ ਕੇ ਕਿਸੇ ਵੀ ਸਿਆਸੀ ਪਾਰਟੀ ਨਾਲ ਸਮਝੋਤਾ ਕਰਨ ਲਈ ਤਿਆਰ ਹੈ।