ਦੂਜੇ ਦਿਨ ਵੀ ਬੰਦ ਰਿਹਾ ਜੰਮੂ-ਕਸ਼ਮੀਰ ਰਾਜਮਾਰਗ, 3000 ਵਾਹਨ ਫਸੇ

ਏਜੰਸੀ

ਖ਼ਬਰਾਂ, ਪੰਜਾਬ

ਦੂਜੇ ਦਿਨ ਵੀ ਬੰਦ ਰਿਹਾ ਜੰਮੂ-ਕਸ਼ਮੀਰ ਰਾਜਮਾਰਗ, 3000 ਵਾਹਨ ਫਸੇ

image

ਜੰਮੂ, 21 ਅਗੱਸਤ : ਰਾਮਬਨ ਜ਼ਿਲ੍ਹੇ 'ਚ ਭਾਰੀ ਬਾਰਸ਼ ਤੋਂ ਬਾਅਦ ਕਈ ਥਾਂ ਜ਼ਮੀਨ ਖਿਸਕਣ ਕਾਰਨ ਜੰਮੂ-ਕਸ਼ਮੀਰ ਰਾਸ਼ਟਰੀ ਰਾਜਮਾਰਗ ਸ਼ੁਕਰਵਾਰ ਨੂੰ ਵੀ ਬੰਦ ਰਿਹਾ। ਇਸ ਨਾਲ ਰਾਜਮਾਰਗ 'ਤੇ 3000 ਤੋਂ ਵੱਧ ਵਾਹਨ ਫਸ ਗਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਕਿਹਾ ਕਿ ਵੀਰਵਾਰ ਨੂੰ ਤ੍ਰਿਸ਼ੂਰ ਮੋੜ, ਬੈਟਰੀ ਚਸ਼ਮਾ ਅਤੇ ਪੰਟਿਆਲ ਇਲਾਕਿਆਂ 'ਚ ਜ਼ਮੀਨ ਖਿਸਕਣ ਕਾਰਨ ਰਾਜਮਾਰਗ ਬੰਦ ਹੋ ਗਿਆ ਹੈ। ਪੁਲਿਸ ਡਿਪਟੀ ਕਮਿਸ਼ਨਰ ਅਜੇ ਆਨੰਦ ਨੇ ਕਿਹਾ ਕਿ ਬਨਿਹਾਲ ਤੋਂ ਰਾਮਬਨ ਦਰਮਿਆਨ ਮਾਰਗ ਜ਼ਮੀਨ ਖਿਸਕਣ ਕਾਰਨ ਬਹੁਤ ਪ੍ਰਭਾਵਿਤ ਹੋਇਆ ਹੈ ਅਤੇ ਸ਼ੇਰਬੀਬੀ, ਮੂਨ ਪਾਸੀ, ਰਾਮਸੂ, ਪੰਟਿਆਲ, ਡਿਗਡੋਲ, ਬੈਟਰੀ ਚਸ਼ਮਾ, ਮੰਕੀ ਮੋੜ, ਕੇਲਾਮੂਰ, ਮਾਰੂਗ, ਤ੍ਰਿਸ਼ੂਲ ਮੋੜ ਅਤੇ ਚੰਦਰਕੋਟ ਖੇਤਰ ਸਮੇਤ ਇਕ ਦਰਜਨ ਤੋਂ ਵੱਧ ਸਥਾਨਾਂ 'ਤੇ ਪੱਥਰ ਡਿਗਣ ਕਾਰਨ ਮਾਰਗ ਬੰਦ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਲਗਭਗ 150 ਫਸੇ ਵਾਹਨਾਂ ਨੂੰ ਵੀਰਵਾਰ ਨੂੰ ਜਾਣ ਦੀ ਮਨਜ਼ੂਰੀ ਦਿਤੀ ਗਈ ਸੀ ਪਰ ਤਾਜ਼ਾ ਜ਼ਮੀਨ ਖਿਸਕਣ ਤੋਂ ਬਾਅਦ

ਸੜਕ ਫਿਰ ਤੋਂ ਰੁਕ ਗਈ। ਉਨ੍ਹਾਂ ਕਿਹਾ ਕਿ ਪੱਥਰ ਡਿਗਣ ਕਾਰਨ ਜ਼ਮੀਨ ਖਿਸਕਣ ਕਾਰਨ ਪਹਿਲੇ ਤੋਂ ਜਮ੍ਹਾ ਮਲਬੇ ਨੂੰ ਹਟਾਉਣ ਦੇ ਕੰਮ 'ਚ ਰੁਕਾਵਟ ਆ ਰਹੀ ਹੈ ਅਤੇ ਸੜਕਾਂ ਨੂੰ ਸਾਫ਼ ਕਰਨ 'ਚ ਘੱਟੋ-ਘੱਟ ਇਕ ਦਿਨ ਲਗੇਗਾ। ਅਧਿਕਾਰੀਆਂ ਨੇ ਕਿਹਾ ਕਿ ਆਵਾਜਾਈ ਬਹਾਲ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਰਾਜਮਾਰਗ ਦੇ ਦੋਹਾਂ ਪਾਸੇ 3000 ਤੋਂ ਵੱਧ ਵਾਹਨ ਫਸੇ ਹੋਏ ਹਨ ਅਤੇ ਰਾਜਮਾਰਗ ਰੁਕਣ ਦੇ ਤੁਰੰਤ ਬਾਅਦ ਕਾਜੀਗੁੰਡ ਅਤੇ ਊਧਮਪੁਰ ਚੰਦੇਰਕੋਟ 'ਚ ਆਵਾਜਾਈ ਰੋਕ ਦਿਤੀ ਗਈ। ਰਾਮਬਨ ਜ਼ਿਲ੍ਹੇ 'ਚ ਭਾਰੀ ਬਾਰਸ਼ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਰਾਜਮਾਰਗ ਪਿਛਲੇ ਹਫ਼ਤੇ 2 ਦਿਨ ਬੰਦ ਰਿਹਾ ਸੀ।
(ਪੀਟੀਆਈ)