ਕੈਪਟਨ ਤੇ ਸਿੱਧੂ ਨੇ ਮਿਲ ਕੇ ਬਣਾਈ 10 ਮੈਂਬਰੀ ਕਮੇਟੀ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਤੇ ਸਿੱਧੂ ਨੇ ਮਿਲ ਕੇ ਬਣਾਈ 10 ਮੈਂਬਰੀ ਕਮੇਟੀ

image


ਮੁੱਖ ਮੰਤਰੀ ਕਰਨਗੇ ਅਗਵਾਈ, ਤਿੰਨ ਕੈਬਨਿਟ ਮੰਤਰੀਆਂ, ਚਾਰੇ ਕਾਰਜਕਾਰੀ ਪ੍ਰਧਾਨਾਂ ਨਾਲ ਜਨਰਲ ਸਕੱਤਰ ਪ੍ਰਗਟ ਸਿੰਘ ਕੀਤੇ ਕਮੇਟੀ 'ਚ ਸ਼ਾਮਲ

ਚੰਡੀਗੜ੍ਹ, 20 ਅਗੱਸਤ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਰਮਿਆਨ ਸਬੰਧ ਹੁਣ ਸੁਖਾਵੇਂ ਹੁੰਦੇ ਦਿਖਾਈ ਦੇ ਰਹੇ ਹਨ | ਅੱਜ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਹਿਲੀ ਵਾਰ ਕੈਪਟਨ ਦੇ ਸਿਸਵਾਂ ਹਾਊਸ ਵਿਚ ਜਾ ਕੇ ਮੀਟਿੰਗ ਕੀਤੀ ਹੈ ਅਤੇ ਉਨ੍ਹਾਂ ਨਾਲ ਪਾਰਟੀ ਦੇ ਨਵਨਿਯੁਕਤ ਜਨਰਲ ਸਕੱਤਰ (ਸੰਗਠਨ) ਤੇ ਵਿਧਾਇਕ ਪ੍ਰਗਟ ਸਿੰਘ ਅਤੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਵੀ ਸਨ |
ਇਸ ਤੋਂ ਪਹਿਲਾਂ ਸਿੱਧੂ ਨੇ ਕੈਪਟਨ ਨਾਲ ਅਹੁਦਾ ਸੰਭਾਲਣ ਬਾਅਦ ਪੰਜਾਬ ਸਕੱਤਰੇਤ ਵਿਚ ਮੀਟਿੰਗ ਕੀਤੀ ਸੀ | ਅੱਜ ਦੀ ਮੀਟਿੰਗ ਬੜੇ ਹੀ ਸੁਖਾਵੇਂ ਮਾਹੌਲ ਵਿਚ ਹੋਈ ਦਸੀ ਜਾਂਦੀ ਹੈ ਅਤੇ ਕੈਪਟਨ ਤੇ ਸਿੱਧੂ ਨੇ ਆਪਸੀ ਸਹਿਮਤੀ ਨਾਲ ਸਰਕਾਰ ਤੇ ਪਾਰਟੀ ਵਿਚ ਵਧੀਆ ਤਾਲਮੇਲ ਲਈ 10 ਮੈਂਬਰੀ ਉੱਚ ਤਾਕਤੀ ਕਮੇਟੀ ਗਠਤ ਕੀਤੀ ਹੈ | ਇਸ ਵਿਚ ਤਿੰਨ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਮਨਪ੍ਰੀਤ ਬਾਦਲ ਅਤੇ ਅਰੁਨਾ ਚੌਧਰੀ ਦੇ ਨਾਲ ਕਾਂਗਰਸ ਦੇ ਚਾਰੇ ਕਾਰਜਕਾਰੀ ਪ੍ਰਧਾਨਾਂ ਕੁਲਜੀਤ ਨਾਗਰਾ, ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਡੈਨੀ ਤੋਂ ਇਲਾਵਾ ਪ੍ਰਗਟ ਸਿੰਘ ਨੂੰ  ਵੀ ਸ਼ਾਮਲ ਕੀਤਾ ਗਿਆ ਹੈ | ਮੁੱਖ ਮੰਤਰੀ ਇਸ ਕਮੇਟੀ ਦੀ ਅਗਵਾਈ ਕਰਨਗੇ | 

ਮਿਲ ਜਾਣਕਾਰੀ ਅਨੁਸਾਰ ਅੱਜ ਦੀ ਮੀਟਿੰਗ ਮੁੱਖ ਤੌਰ 'ਤੇ ਹਾਈਕਮਾਨ ਵਲੋਂ ਤੈਅ 18 ਨੁਕਾਤੀ ਏਜੰਡੇ 'ਤੇ ਹੀ ਕੇਂਦਰਤ ਰਹੀ | ਮੁੱਖ ਮੰਤਰੀ ਨੇ ਇਕੱਲੇ ਇਕੱਲੇ ਨੁਕਤੇ ਦੀ ਪ੍ਰਗਤੀ ਬਾਰੇ ਵਿਸਥਾਰ ਵਿਚ ਜਾਣਕਾਰੀ ਦਿਤੀ | ਇਸ ਏਜੰਡੇ ਦੇ 5 ਮੁੱਖ ਨੁਕਤਿਆਂ ਬਾਰੇ ਤਾਂ ਇਸ ਤੋਂ ਪਹਿਲੀ ਮੀਟਿੰਗ ਵਿਚ ਹੀ ਵਿਸਥਾਰ ਵਿਚ ਚਰਚਾ ਹੋ ਗਈ ਸੀ | ਅੱਜ ਦੀ ਮੀਟਿੰਗ ਬਾਅਦ ਨਵਜੋਤ ਸਿੱਧੂ ਨੇ ਵੀ ਇਸ ਨੂੰ  ਵਧੀਆ ਮਾਹੌਲ ਵਿਚ ਹੋਈ ਮੀਟਿੰਗ ਦਸਿਆ ਹੈ | ਗਠਤ ਕਮੇਟੀ ਵਲੋਂ ਹੋਰ ਮੰਤਰੀਆਂ ਅਤੇ ਮਾਹਰਾਂ ਦੇ ਲੋੜ ਅਨੁਸਾਰ ਸਲਾਹ ਮਸ਼ਵਰੇ ਨਾਲ ਹਫ਼ਤਾਵਾਰੀ ਮੀਟਿੰਗਾਂ ਕੀਤੀਆਂ ਜਾਣਗੀਆਂ | ਇਨ੍ਹਾਂ ਮੀਟਿੰਗਾਂ ਵਿਚ ਸੂਬਾ ਸਰਕਾਰ ਵਲੋਂ ਪਹਿਲਾਂ ਹੀ ਲਾਗੂ ਕੀਤੀਆਂ ਜਾ ਰਹੀਆਂ ਵੱਖੋ-ਵੱਖ ਪਹਿਲਕਦਮੀਆਂ ਬਾਰੇ ਵਿਚਾਰ ਚਰਚਾ ਅਤੇ ਸਮੀਖਿਆ ਹੋਵੇਗੀ ਅਤੇ ਇਸ ਤੋਂ ਇਲਾਵਾ ਇਨ੍ਹਾਂ ਵਿਚ ਤੇਜ਼ੀ ਲਿਆਉਣ ਸਬੰਧੀ ਸੁਝਾਅ ਵੀ ਦਿਤੇ ਜਾਣਗੇ | ਇਕ ਹੋਰ ਫ਼ੈਸਲੇ ਤਹਿਤ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਕੈਬਨਿਟ ਦੇ ਸਹਿਯੋਗੀਆਂ ਨੂੰ  ਪ੍ਰਤੀ ਦਿਨ ਪੰਜਾਬ ਕਾਂਗਰਸ ਭਵਨ ਵਿਚ ਵਾਰੋ-ਵਾਰ ਮੌਜੂਦ ਰਹਿਣ ਲਈ ਕਿਹਾ ਹੈ ਤਾਂ ਜੋ ਵਿਧਾਇਕਾਂ ਅਤੇ ਪਾਰਟੀ ਦੇ ਹੋਰ ਅਹੁਦੇਦਾਰਾਂ ਨਾਲ ਉਨ੍ਹਾਂ ਦੇ ਹਲਕਿਆਂ/ਇਲਾਕਿਆਂ ਨਾਲ ਸਬੰਧਤ ਮੁੱਦਿਆਂ ਬਾਰੇ ਵਿਚਾਰ-ਚਰਚਾ ਕਰ ਕੇ ਕਿਸੇ ਵੀ ਸ਼ਿਕਾਇਤ ਨੂੰ  ਦੂਰ ਕੀਤਾ ਜਾ ਸਕੇ |