ਜਾਇਡਸ ਕੇਡਿਲਾ ਦੀ ਤਿੰਨ ਡੋਜ਼ ਵਾਲੀ ਵੈਕਸੀਨ ‘ਜਾਈਕੋਵ-ਡੀ’ ਦੀ ਐਮਰਜੈਂਸੀ ਵਰਤੋਂ ਨੂੰ ਮਿਲੀ ਮਨਜ਼ੂਰੀ

ਏਜੰਸੀ

ਖ਼ਬਰਾਂ, ਪੰਜਾਬ

ਜਾਇਡਸ ਕੇਡਿਲਾ ਦੀ ਤਿੰਨ ਡੋਜ਼ ਵਾਲੀ ਵੈਕਸੀਨ ‘ਜਾਈਕੋਵ-ਡੀ’ ਦੀ ਐਮਰਜੈਂਸੀ ਵਰਤੋਂ ਨੂੰ ਮਿਲੀ ਮਨਜ਼ੂਰੀ

image

ਨਵੀਂ ਦਿੱਲੀ, 20 ਅਗੱਸਤ : ਭਾਰਤ ਦੀ ਕੇਂਦਰੀ ਡਰੱਗ ਰੈਗੂਲੇਟਰੀ ਦੇ ਇਕ ਵਿਸ਼ੇਸ਼ ਪੈਨਲ ਨੇ ਜਾਇਡਸ ਕੇਡਿਲਾ ਦੀਆਂ ਤਿੰਨ ਖ਼ੁਰਾਕਾਂ ਵਾਲੇ ਕੋਵਿਡ 19 ਟੀਕੇ ‘ਜਾਈਕੋਵ-ਡੀ’ ਦੇ ਐਮਰਜੈਂਸੀ ਇਸਤੇਮਾਲ ਨੂੰ ਸ਼ੁਕਰਵਾਰ ਨੂੰ ਡੀਸੀਜੀਆਈ ਨੇ ਮਨਜ਼ੂਰੀ ਦੇ ਦਿਤੀ ਹੈ। ਇਹ ਵੈਕਸੀਨ 12 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਲਗਾਈ ਜਾ ਸਕੇਗੀ। ਕੇਂਦਰੀ ਔਸ਼ਧੀ ਮਿਆਰੀ ਕੰਟਰੋਲ ਸੰਗਠਨ ਦੀ ਕੋਵਿਡ-19 ’ਤੇ ਵਿਸ਼ਾ ਵਿਸ਼ੇਸ਼ ਕਮੇਟੀ ਨੇ ਵੀਰਵਾਰ ਨੂੰ ਜ਼ਾਇਡਸ ਕੈਡਿਲਾ ਵਲੋਂ ਦਿਤੇ ਗਏ ਭਰੋਸੇ ’ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਇਸ ਦੀ ਤਿੰਨ ਡੋਜ਼ ਵਾਲੀ ਕੋਵਿਡ-19 ਰੋਕੂ ਵੈਕਸੀਨ ਲਈ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਦੇਣ ਦੀ ਸਿਫ਼ਾਰਸ਼ ਕੀਤੀ ਸੀ। ਕਮੇਟੀ ਨੇ ਆਪਣੀਆਂ ਸਿਫ਼ਾਰਸ਼ਾਂ ਔਸ਼ਧੀ ਮਹਾਨਿਰਦੇਸ਼ਕ (ਡੀਸੀਜੀਆਈ) ਕੋਲ ਭੇਜ ਦਿਤੀਆਂ ਸਨ।
ਅਹਿਮਦਾਬਾਦ ਸਥਿਤ ਇਸ ਫ਼ਾਰਮਾ ਕੰਪਨੀ ਨੇ ਅਪਣੀ ਇਸ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਡੀਸੀਜੀਆਈ ਕੋਲ ਪਹਿਲੀ ਜੁਲਾਈ ਨੂੰ ਅਪਲਾਈ ਕੀਤਾ ਸੀ। ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਭਾਰਤ ’ਚ ਹੁਣ ਤਕ 50 ਤੋਂ ਜ਼ਿਆਦਾ ਕੇਂਦਰਾਂ ’ਤੇ ਇਸ ਵੈਕਸੀਨ ਦਾ ਕਲੀਨੀਕਲ ਟ੍ਰਾਇਲ ਕੀਤਾ ਹੈ। 
ਜੇਕਰ ਦੇਸ਼ ਦੇ ਔਸ਼ਧੀ ਮਹਾਨਿਰਦੇਸ਼ਕ ਤੋਂ ਇਸ ਵੈਕਸੀਨ ਲਈ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲ ਜਾਂਦੀ ਏ ਤਾਂ ਇਹ ਕੋਰੋਨਾ ਖ਼ਿਲਾਫ਼ ਲੜਾਈ ’ਚ ਇਕ ਵੱਡਾ ਹਥਿਆਰ ਸਾਬਤ ਹੋਵੇਗੀ। ਏਜੰਸੀ ਨੇ ਅਪਣੀ ਰਿਪੋਰਟ ’ਚ ਕਿਹਾ ਹੈ ਕਿ ਜੇਕਰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਕੋਰੋਨਾ ਵਾਇਰਸ ਖ਼ਿਲਾਫ਼ ਦੁਨੀਆ ਦੀ ਪਹਿਲੀ ਡੀਐੱਨਏ ਵੈਕਸੀਨ ਹੋਵੇਗੀ ਜਿਸ ਨੂੰ ਕਿਸੇ ਭਾਰਤੀ ਕੰਪਨੀ ਵਲੋਂ ਵਿਕਸਿਤ ਕੀਤਾ ਗਿਆ ਹੈ। ਇਸ ਤਰ੍ਹਾਂ ਨਾਲ ਦੇਸ਼ ’ਚ ਮਨਜ਼ੂਰੀ ਪ੍ਰਾਪਤ ਕਰਨ ਵਾਲੀ ਇਹ ਛੇਵੀਂ ਵੈਕਸੀਨ ਹੋਵੇਗੀ, ਜਿਸਨੂੰ ਸੀਰਮ ਇੰਸਟੀਚਿਊਟ ਦੀ ਕੋਵਿਸ਼ੀਲਡ, ਭਾਰਤ ਬਾਇਓਟੈੱਕ ਦੀ ਕੋਵੈਕਸੀਨ, ਰੂਸ ਦੇ ਸਪੁਤਨਿਕ-ਵੀ, ਮਾਡਰਨਾ ਅਤੇ ਜਾਨਸਨ ਐਂਡ ਜਾਨਸਨ ਦੀ ਵੈਕਸੀਨ ਤੋਂ ਬਾਅਦ ਮਨਜ਼ੂਰ ਕੀਤਾ ਜਾਵੇਗਾ।    (ਏਜੰਸੀ)