ਅਮੀਰ ਬਣਨ ਲਈ ਵਿਦਿਆਰਥੀ ਬਣਿਆ ਤਸਕਰ, ਖੰਨਾ-ਲੁਧਿਆਣਾ 'ਚ ਸਪਲਾਈ ਕਰਦਾ ਸੀ ਅਫੀਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਦੀ ਪੁਛਗਿੱਛ ਵਿਚ ਹੋਰ ਵੀ ਹੋ ਸਕਦਾ ਹੈ ਖੁਲਾਸਾ

PHOTO

 

ਲੁਧਿਆਣਾ : ਝਾਰਖੰਡ ਤੋਂ ਲੁਧਿਆਣਾ ਅਫੀਮ ਸਪਲਾਈ ਕਰਨ ਲਈ ਆ ਰਹੇ ਇੱਕ 20 ਸਾਲਾ ਤਸਕਰ ਨੂੰ ਖੰਨਾ ਪੁਲਿਸ ਨੇ ਤਿੰਨ ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਹੁਲ ਕੁਮਾਰ ਵਾਸੀ ਝਾਰਖੰਡ ਵਜੋਂ ਹੋਈ ਹੈ। ਰਾਹੁਲ ਜਲਦੀ ਅਮੀਰ ਹੋਣ ਲਈ ਤਸਕਰੀ ਦੇ ਧੰਦੇ ਵਿਚ ਸ਼ਾਮਲ ਹੋ ਗਿਆ। ਇਹ ਉਸ ਦਾ ਪੰਜਾਬ ਦਾ ਤੀਜਾ ਦੌਰਾ ਸੀ, ਉਹ ਖੰਨਾ ਅਤੇ ਲੁਧਿਆਣਾ ਸ਼ਹਿਰਾਂ ਦੇ ਆਸ ਪਾਸ ਦੇ ਇਲਾਕਿਆਂ ਵਿਚ ਨੌਜਵਾਨਾਂ ਨੂੰ ਸਪਲਾਈ ਕਰਕੇ ਆਪਣੇ ਨਾਲ ਜੋੜ ਰਿਹਾ ਸੀ।

 

 

ਰਾਹੁਲ ਦਾ ਸ਼ਿਕਾਰ ਜ਼ਿਆਦਾਤਰ ਕਾਲਜ ਵਿਦਿਆਰਥੀ ਅਤੇ ਨੌਜਵਾਨ ਸਨ। ਰਾਹੁਲ ਦੀ ਤਾਰ ਪਿਛਲੇ ਦਿਨੀਂ ਖੰਨਾ ਪੁਲਿਸ ਵੱਲੋਂ 4 ਕਿਲੋ ਅਫੀਮ ਦੇ ਮਾਮਲੇ ਨਾਲ ਜੁੜੀ ਦੱਸੀ ਜਾ ਰਹੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਪੰਜ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵਿੱਚੋਂ ਦੋ ਤਸਕਰ ਝਾਰਖੰਡ ਦੇ ਸਨ, ਜਦਕਿ ਤਿੰਨ ਜਲੰਧਰ ਜ਼ਿਲ੍ਹੇ ਦੇ ਸਨ।

ਐਸਪੀ ਆਈ ਡਾ: ਪ੍ਰਗਿਆ ਜੈਨ ਨੇ ਦੱਸਿਆ ਕਿ ਰਾਹੁਲ ਨੂੰ ਐਸਐਚਓ ਕੁਲਜਿੰਦਰ ਸਿੰਘ ਦੀ ਟੀਮ ਨੇ ਭੱਠੀਆਂ ਨੇੜਿਓਂ ਤਿੰਨ ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਰਾਹੁਲ ਦੇ ਪਿੱਠੂ ਬੈਗ ਲਟਕਦਾ ਦੇਖਿਆ ਸੀ, ਉਹ ਰੇਲਵੇ ਲਾਈਨਾਂ ਵੱਲ ਜਾ ਰਿਹਾ ਸੀ। ਪੁਲਿਸ ਨੂੰ ਦੇਖ ਕੇ ਉਸ ਨੇ ਪਿੱਠ 'ਤੇ ਲਟਕਿਆ ਬੈਗ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਐਸਪੀ ਨੇ ਕਿਹਾ ਕਿ ਰਾਹੁਲ ਪਹਿਲਾਂ ਵੀ ਦੋ ਵਾਰ ਪੰਜਾਬ ਵਿੱਚ ਅਫੀਮ ਦੀ ਖੇਪ ਸਪਲਾਈ ਕਰ ਚੁੱਕਾ ਹੈ। ਹੁਣ ਤੱਕ ਦੀ ਪੁੱਛਗਿੱਛ 'ਚ ਇਸ ਦੇ ਲੁਧਿਆਣਾ ਦੇ ਕਈ ਲੋਕਾਂ ਨਾਲ ਸੰਪਰਕ ਸਾਹਮਣੇ ਆਏ ਹਨ।