ਤੜਕਸਾਰ ਖੇਤ ਨੂੰ ਪਾਣੀ ਲਗਾਉਣ ਗਏ ਬਜ਼ੁਰਗ ਕਿਸਾਨ ਦੀ ਕਰੰਟ ਲੱਗਣ ਕਾਰਨ ਹੋਈ ਮੌਤ
ਟਿਊਬਵੈੱਲ ਚਲਾਉਣ ਸਮੇਂ ਵਾਪਰਿਆ ਹਾਦਸਾ
RIP Jarnail Singh
ਖਡੂਰ ਸਾਹਿਬ (ਰਵੀ ਖਹਿਰਾ) : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਸੰਗਤਪੁਰਾ ਵਿਖੇ ਅੱਜ ਸਵੇਰੇ ਇਕ ਬਜ਼ੁਰਗ ਕਿਸਾਨ ਦੀ ਟਿਊਬਵੈੱਲ ਚਲਾਉਣ ਸਮੇਂ ਕਰੰਟ ਲੱਗਣ ਨਾਲ ਮੌਤ ਹੋਣ ਦਾ ਦੁੱਖਦਾਈ ਖਬਰ ਮਿਲੀ ਹੈ। ਇਸ ਹਾਦਸੇ ਤੋਂ ਬਾਅਦ ਪਰਿਵਾਰ ਨੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ।
ਜਾਣਕਾਰੀ ਅਨੁਸਾਰ ਜਰਨੈਲ ਸਿੰਘ (65) ਪੁੱਤਰ ਕਿਸ਼ਨ ਸਿੰਘ ਵਾਸੀ ਪਿੰਡ ਸੰਗਤਪੁਰਾ ਜੋ ਅੱਜ ਸਵੇਰੇ ਤੜਕਸਾਰ ਖੇਤਾਂ ਵਿੱਚ ਟਿਊਬਵੈੱਲ ਚਲਾਉਣ ਲਈ ਗਿਆ ਸੀ ਜਦੋਂ ਟਿਊਬਵੈੱਲ ਵਾਲੇ ਕਮਰੇ ਅੰਦਰ ਲੱਗੇ ਸਟਾਟਰ ਨੂੰ ਚਲਾਉਣ ਲੱਗਾ ਤਾਂ ਉਸ ਨੂੰ ਕਰੰਟ ਨੇ ਆਪਣੀ ਲਪੇਟ ਵਿੱਚ ਲੈ ਲਿਆ।
ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਦਾ ਪਰਿਵਾਰ ਨੂੰ ਉਸ ਵੇਲੇ ਪਤਾ ਲੱਗਿਆ ਜਦੋਂ ਕਾਫੀ ਸਮੇਂ ਤੱਕ ਬਜ਼ੁਰਗ ਕਿਸਾਨ ਘਰ ਨਹੀਂ ਪਰਤਿਆ। ਮ੍ਰਿਤਕ ਕਿਸਾਨ ਆਪਣੇ ਪਿੱਛੇ ਦੋ ਬੇਟੇ ਅਤੇ ਤਿੰਨ ਬੇਟੀਆਂ ਨੂੰ ਛੱਡ ਗਿਆ ਹੈ। ਇਸ ਘਟਨਾ ਨਾਲ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।