ਲੋਕਾਂ ਅਤੇ ਸਰਕਾਰ ਲਈ ਗੰਭੀਰ ਮਾਮਲਾ ਹੈ ਸੰਘਣੀ ਆਬਾਦੀ 'ਚ ਆਈਆਂ ਹੱਡਾ ਰੋੜੀਆਂ
ਲੋਕਾਂ ਅਤੇ ਸਰਕਾਰ ਲਈ ਗੰਭੀਰ ਮਾਮਲਾ ਹੈ ਸੰਘਣੀ ਆਬਾਦੀ 'ਚ ਆਈਆਂ ਹੱਡਾ ਰੋੜੀਆਂ
ਚਮੜੀ ਰੋਗ ਕਾਰਨ ਮਰੀਆਂ ਗਊਆਂ ਕਰ ਕੇ ਭਰ ਚੁਕੀਆਂ ਹਨ ਹੱਡਾ ਰੋੜੀਆਂ
ਕੋਟਕਪੂਰਾ, 20 ਅਗੱਸਤ (ਗੁਰਿੰਦਰ ਸਿੰਘ) : ਪਿਛਲੇ ਲੰਮੇ ਸਮੇਂ ਤੋਂ ਪਿੰਡਾਂ 'ਚ ਮਰੇ ਪਸ਼ੂਆਂ ਦੇ ਨਿਪਟਾਰੇ ਲਈ ਪੰਚਾਇਤੀ ਥਾਵਾਂ ਉਪਰ ਹੱਡਾ-ਰੋੜੀਆਂ ਬਣਾਈਆਂ ਹੋਈਆਂ ਹਨ ਤੇ ਪਿੰਡਾਂ ਦੀਆਂ ਪੰਚਾਇਤਾਂ ਹਰ ਸਾਲ ਇਨ੍ਹਾਂ ਨੂੰ ਠੇਕੇ 'ਤੇ ਦਿੰਦੀਆਂ ਆ ਰਹੀਆਂ ਸਨ | ਠੇਕਾ ਲੈਣ ਵਾਲੇ ਵੰਗਾਰੀ ਸਾਰਾ ਸਾਲ ਮਰੇ ਹੋਏ ਪਸ਼ੂਆਂ ਨੂੰ ਇਥੇ ਸੁੱਟ ਕੇ ਇਨ੍ਹਾਂ ਦਾ ਹੱਡ, ਚਮੜਾ ਵੇਚਦੇ ਸਨ ਤੇ ਇਨ੍ਹਾਂ ਦਾ ਬਾਕੀ ਬਚਿਆ ਮਾਸ ਕਾਂ, ਕੁੱਤੇ ਅਤੇ ਗਿਰਝਾਂ ਆਦਿ ਜਾਨਵਰ ਖਾ ਜਾਂਦੇ ਹਨ | ਆਬਾਦੀ ਤੋਂ ਦੂਰ ਹੋਣ ਕਾਰਨ ਇਹ ਲੋਕਾਂ ਲਈ ਕੋਈ ਮੁਸ਼ਕਲ ਪੈਦਾ ਨਹੀਂ ਕਰਦੀਆਂ ਸਨ |
ਸਮੇਂ ਦੇ ਬੀਤਣ ਨਾਲ ਜ਼ਿਆਦਾਤਰ ਪਿੰਡਾਂ ਦੀਆਂ ਹੱਡਾ-ਰੋੜੀਆਂ ਸੰਘਣੀ ਆਬਾਦੀ 'ਚ ਆ ਗਈਆਂ ਜਾਂ ਇਹ ਕਹਿ ਲਵੋ ਕਿ ਜਨ ਸੰਖਿਆ ਵਧਣ ਨਾਲ ਇਨ੍ਹਾਂ ਦੁਆਲੇ ਵਸੋਂ ਜ਼ਿਆਦਾ ਹੋ ਗਈ | ਇਸ ਕਰ ਕੇ ਇਹ ਹੁਣ ਲੋਕਾਂ ਲਈ ਵੱਡੀ ਸਿਰਦਰਦੀ ਬਣ ਰਹੀਆਂ ਹਨ | ਇਸ ਦੇ ਭਾਵੇਂ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਪਰ ਮੁੱਖ ਤੌਰ 'ਤੇ ਪਿੰਡ ਵਿਚ ਘੱਟ ਰਹੀ ਮੱਝਾਂ ਦੀ ਗਿਣਤੀ ਅਤੇ ਗਊਆਂ ਦੇ ਹੱਡ-ਮਾਸ ਵਿਕਣ 'ਤੇ ਲੱਗੀ ਪਾਬੰਦੀ ਹੈ | ਇਸ ਕਰ ਕੇ ਪਿੰਡਾਂ 'ਚ ਹੱਡਾ-ਰੋੜੀਆਂ ਦਾ ਠੇਕੇ ਉਪਰ ਲੱਗਣਾ ਲਗਭਗ ਬੰਦ ਹੋ ਗਿਆ ਹੈ | ਇਸ ਕਾਰਨ ਜਿਥੇ ਪੰਚਾਇਤਾਂ ਨੂੰ ਆਮਦਨ ਆਉਣੀ ਬੰਦ ਹੋ ਗਈ ਹੈ, ਉੱਥੇ ਪਸ਼ੂ ਪਾਲਕਾਂ ਲਈ ਬਦਬੂ ਤੋਂ ਇਲਾਵਾ ਹੋਰ ਕਈ ਮੁਸ਼ਕਲਾਂ ਪੈਦਾ ਹੋ ਚੁੱਕੀਆਂ ਹਨ | ਜਿਵੇਂ ਕਿ ਪਸ਼ੂ ਪਾਲਕਾਂ ਨੂੰ ਅਪਣੇ ਮਰੇ ਪਸ਼ੂ ਨੂੰ ਖ਼ੁਦ ਹੀ ਹੱਡਾ-ਰੋੜੀ 'ਚ ਸੁੱਟ ਕੇ ਆਉਣਾ ਪੈਂਦਾ ਹੈ ਤੇ ਇਸ ਦਾ ਨਿਪਟਾਰਾ ਕਈ-ਕਈ ਦਿਨ ਗਲ੍ਹਣ ਸੜਣ ਬਾਅਦ ਹੁੰਦਾ ਹੈ ਤੇ ਇਹ ਸੜਾਂਦ ਲੋਕਾਂ ਲਈ ਵੱਡੀ ਸਿਰਦਰਦੀ ਬਣਦੀ ਹੈ, ਇਸ ਬਦਬੂ ਕਾਰਨ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਵੀ ਬਣਿਆ ਰਹਿੰਦਾ ਹੈ ਤੇ ਲੋਕਾਂ ਦਾ ਖਾਣਾ ਪੀਣਾ ਵੀ ਦੁੱਭਰ ਹੋ ਜਾਂਦਾ ਹੈ | ਇਸ ਤੋਂ ਇਲਾਵਾ ਇਥੇ ਰਹਿੰਦੇ ਖੂੰਖਾਰ ਅਵਾਰਾ ਕੁੱਤੇ ਰਾਹਗੀਰਾਂ ਅਤੇ ਬੱਚਿਆਂ ਲਈ ਜਾਨ ਦਾ ਖੌਅ ਬਣਦੇ ਹਨ |
ਹੁਣ ਗਊਆਂ 'ਚ ਫੈਲੇ ਲੰਪੀ ਚਮੜੀ ਰੋਗ ਕਾਰਨ ਇਨ੍ਹਾਂ ਦੇ ਮਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਇਸ ਕਰ ਕੇ ਹੱਡਾ-ਰੋੜੀਆਂ ਮਰੀਆਂ ਹੋਈਆਂ ਗਊਆਂ ਨਾਲ ਭਰ ਚੁੱਕੀਆਂ ਹਨ ਤੇ ਇਨ੍ਹਾਂ ਦੀ ਬਦਬੂ ਕਾਰਨ ਲੋਕਾਂ ਦਾ ਜਿਉਣਾ ਮੁਹਾਲ ਹੋ ਰਿਹਾ ਹੈ | ਕਈ ਘਰ ਤਾਂ ਇਨ੍ਹਾਂ ਦੀ ਬਦਬੂ ਤੋਂ ਤੰਗ ਆ ਕੇ ਅਪਣੇ ਘਰ ਛੱਡ ਕੇ ਦੂਰ ਕਿਤੇ ਕਿਰਾਏ ਦੇ ਮਕਾਨ ਲੈ ਕੇ ਰਹਿਣ ਲਈ ਮਜਬੂਰ ਹਨ | ਇਨ੍ਹਾਂ ਹੱਡਾ-ਰੋੜੀਆਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਆ ਰਹੀਆਂ ਮੁਸ਼ਕਲਾਂ ਸਬੰਧੀ ਪਿੰਡਾਂ ਦੇ ਪੀੜਤ ਲੋਕਾਂ ਨੇ ਕਈ ਵਾਰ ਪੰਚਾਇਤ ਵਿਭਾਗ ਤੇ ਸਰਕਾਰ ਇਨ੍ਹਾਂ ਨੂੰ ਆਬਾਦੀ 'ਚੋਂ ਬਾਹਰ ਕੱਢਣ ਲਈ ਮੰਗ ਪੱਤਰ ਦਿਤੇ ਹਨ ਪਰ ਲੰਮਾ ਸਮਾਂ ਬੀਤ ਜਾਣ 'ਤੇ ਵੀ ਕਿਸੇ ਸਰਕਾਰ ਦੇ ਲੋਕਾਂ ਦੇ ਇਸ ਗੰਭੀਰ ਮਾਮਲੇ ਨੂੰ ਹੱਲ ਕਰਨ ਵਲ ਕੋਈ ਧਿਆਨ ਨਹੀਂ ਦਿਤਾ | ਹੱਡਾਰੋੜੀਆਂ ਦੀਆਂ ਮੁਸ਼ਕਲਾਂ ਦੇ ਸ਼ਿਕਾਰ ਪਿੰਡਾਂ ਨੇ ਮੌਜੂਦਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਲੋਕਾਂ ਦੀ ਇਸ ਮੁਸ਼ਕਲ ਨੂੰ ਜਲਦੀ ਹੱਲ ਕਰੇ |