ਭਿ੍ਸ਼ਟਾਚਾਰ ਦੇ ਮਾਮਲਿਆਂ 'ਚ ਪੰਜਾਬ ਕਾਂਗਰਸ ਨੇ ਸਰਕਾਰ, ਵਿਜੀਲੈਂਸ ਬਿਊਰੋ ਅਤੇ ਪੁਲਿਸ ਨੂੰ ਦਿਤੀ ਖੁਲ੍ਹੀ ਚੁਨੌਤੀ

ਏਜੰਸੀ

ਖ਼ਬਰਾਂ, ਪੰਜਾਬ

ਭਿ੍ਸ਼ਟਾਚਾਰ ਦੇ ਮਾਮਲਿਆਂ 'ਚ ਪੰਜਾਬ ਕਾਂਗਰਸ ਨੇ ਸਰਕਾਰ, ਵਿਜੀਲੈਂਸ ਬਿਊਰੋ ਅਤੇ ਪੁਲਿਸ ਨੂੰ ਦਿਤੀ ਖੁਲ੍ਹੀ ਚੁਨੌਤੀ

image

ਸਾਨੂੰ ਡਰਾਉਣ ਧਮਕਾਉਣ ਲਈ ਕਹਾਣੀਆਂ ਬਣਾ ਕੇ ਨੋਟੰਕੀ ਕੀਤੀ ਜਾ ਰਹੀ ਹੈ: ਰਾਜਾ ਵੜਿੰਗ

ਚੰਡੀਗੜ੍ਹ, 20 ਅਗੱਸਤ (ਗੁਰਉਪਦੇਸ਼ ਭੁੱਲਰ) : ਭਗਵੰਤ ਮਾਨ ਸਰਕਾਰ ਵਲੋਂ ਸਾਬਕਾ ਕਾਂਗਰਸ ਮੰਤਰੀਆਂ ਤੇ ਹੋਰ ਆਗੂਆਂ ਵਿਰੁਧ ਭਿ੍ਸ਼ਟਾਚਾਰ ਦੇ ਦੋਸ਼ਾਂ ਹੇਠ ਕੀਤੀ ਜਾ ਰਹੀ ਕਾਰਵਾਈ ਨੂੰ  ਅੱਜ ਪੰਜਾਬ ਕਾਂਗਰਸ ਨੇ ਖੁਲ੍ਹੀ ਚੁਨੌਤੀ ਦਿਤੀ ਹੈ | ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੀਨੀਅਰ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਪ੍ਰਮੁੱਖ ਆਗੂਆਂ ਦੀ ਮੌਜੂਦਗੀ ਵਿਚ ਅੱਜ ਸ਼ਾਮ ਨੂੰ  ਪਾਰਟੀ ਦੇ ਸੂਬਾ ਦਫ਼ਤਰ ਵਿਚ ਸੱਦੀ ਹੰਗਾਮੀ ਪ੍ਰੈਸ ਕਾਨਫ਼ਰੰਸ ਵਿਚ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵਿਜੀਲੈਂਸ ਬਿਊਰੋ ਤੇ ਪੁਲਿਸ ਅਧਿਕਾਰੀਆਂ ਨੂੰ  ਵੀ ਸਰਕਾਰ ਦੇ ਇਸ਼ਾਰੇ ਉਪਰ ਗ਼ਲਤ ਤਰੀਕੇ ਨਾਲ ਕਾਰਵਾਈ ਕਰਨ ਵਿਰੁਧ ਸਖ਼ਤ ਚੇਤਾਵਨੀ ਵੀ ਦਿਤੀ ਗਈ ਹੈ | ਉਨ੍ਹਾਂ ਮੌਜੂਦਾ ਸਰਕਾਰ ਨੂੰ  ਸੰਬੋਧਨ ਹੁੰਦਿਆਂ ਕਿਹਾ ਕਿ ਸਮਾਂ ਆਉਂਦਾ ਜਾਂਦਾ ਰਹਿੰਦਾ ਹੈ | ਕਦੇ ਆਪ ਦੀਆਂ ਕਦੇ ਬਾਪ ਦੀਆਂ ਅਤੇ ਜੋ ਰੱਬ ਨੇ ਲਿਖਿਆ ਹੈ ਉਹ ਹੋ ਕੇ ਹੀ ਰਹਿਣਾ ਹੈ |
ਵੜਿੰਗ ਨੇ ਦੋਸ਼ ਲਾਇਆ ਕਿ ਸਾਨੂੰ ਡਰਾਉਣ ਧਮਕਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਅਤੇ ਕਹਾਣੀਆਂ ਬਣਾ ਨੋਟੰਕੀ ਕੀਤੀ ਜਾ ਰਹੀ ਹੈ | ਪਹਿਲਾਂ ਅਪਣੇ ਮੰਤਰੀ ਦੀ ਗਿ੍ਫ਼ਤਾਰੀ ਦਾ ਡਰਾਮਾ ਕੀਤਾ ਗਿਆ ਅਤੇ ਉਸ ਦੇ ਰਿਸ਼ਵਤ ਮੰਗਣ ਦੀ ਵੀਡੀਉ ਅੱਜ ਤਕ ਲੋਕਾਂ ਵਿਚ ਸਰਕਾਰ ਪੇਸ਼ ਨਹੀਂ ਕਰ ਸਕੀ | ਉਨ੍ਹਾਂ ਕਿਹਾ ਕਿ ਅਸੀ ਕੁੱਝ ਵੀ ਗ਼ਲਤ ਨਹੀਂ ਕੀਤਾ ਪਰ ਹਰ ਦਿਨ ਖ਼ਬਰਾਂ ਚਲਦੀਆਂ ਜਾਂਦੀਆਂ ਹਨ ਕਰੋੜਾਂ ਰੁਪਏ ਦਾ ਘਪਲਾ ਅਤੇ ਵੱਖ ਵੱਖ ਸਾਬਕਾ ਮੰਤਰੀਆਂ ਅਤੇ ਆਗੂਆਂ ਦੇ ਨਾਂ ਲਏ ਜਾਂਦੇ ਹਨ | ਇਸ ਪ੍ਰਚਾਰ ਦਾ ਇਸ ਸਮੇਂ ਇਕੋ ਇਕ ਮਕਸਦ ਗੁਜਰਾਤ ਤੇ ਹਿਮਾਚਲ ਚੋਣਾਂ ਵਿਚ ਸਿਆਸੀ ਲਾਹਾ ਲੈਣਾ ਹੈ | ਵੜਿੰਗ ਨੇ ਦੋਸ਼ ਲਾਇਆ ਕਿ ਸਿਰਫ਼ ਬਦਲੇ ਦੀ ਭਾਵਨਾ ਨਾਲ ਕਾਰਵਾਈ ਹੋ ਰਹੀ ਹੈ ਜਦਕਿ ਸਾਧੂ ਸਿੰਘ ਧਰਮਸੋਤ ਤੋਂ ਅੱਜ ਤਕ ਕੋਈ ਬਰਾਮਦਗੀ ਨਹੀਂ ਹੋਈ | ਹੁਣ ਭਾਰਤ ਭੂਸ਼ਣ ਆਸ਼ੂ 'ਤੇ ਕਰੋੜਾਂ ਦੇ ਘਪਲੇ ਵਿਚ ਸ਼ਾਮਲ ਹੋਣ ਦੀ ਗੱਲ ਆਖੀ ਜਾ ਰਹੀ ਹੈ ਜਦਕਿ ਟੈਂਡਰ ਪਾਸ ਕਰਨ ਵਿਚ ਇਕੱਲਾ ਮੰਤਰੀ ਸ਼ਾਮਲ ਨਹੀਂ ਹੁੰਦਾ ਬਲਕਿ ਮੁੱਖ ਮੰਤਰੀ ਤੇ ਕਈ ਕਮੇਟੀਆਂ ਤਕ ਸ਼ਾਮਲ ਹੁੰਦੇ ਹਨ | ਉਨ੍ਹਾਂ ਕਿਹਾ ਕਿ ਬਦਲੇ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਅਤੇ ਇਸ ਨਾਲ ਸੂਬੇ ਦਾ ਵਿਕਾਸ ਰੁਕ ਜਾਵੇਗਾ | ਬਾਦਲ ਸਰਕਾਰ ਤੇ ਕੈਪਟਨ ਨੇ ਵੀ ਬਦਲੇ ਦੀ ਰਾਜਨੀਤੀ ਕੀਤੀ ਸੀ ਪਰ ਕਿ ਨਿਕਲਿਆ? ਉਨ੍ਹਾਂ ਵਿਜੀਲੈਂਸ ਅਫ਼ਸਰਾਂ ਨੂੰ  ਸਿੱਧੀ ਚੇਤਾਵਨੀ ਦਿੰਦੇ ਕਿਹਾ ਕਿ ਅਜਿਹੇ ਗ਼ਲਤ ਤਰੀਕੇ ਨਾ ਵਰਤੋਂ ਨਹੀਂ ਤਾਂ ਹੱਥ ਨਾਲ ਦਿਤੀਆਂ ਗੰਢਾਂ ਮੂੰਹ ਨਾਲ ਖੋਲ੍ਹਣੀਆਂ ਪੈਣਗੀਆਂ | ਉਨ੍ਹਾਂ 'ਆਪ' ਸਰਕਾਰ 'ਤੇ ਹਰ ਫ਼ਰੰਟ ਤੇ ਪੰਜ ਮਹੀਨਿਆਂ ਵਿਚ ਫ਼ੇਲ੍ਹ ਹੋਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਬਦਲੇ ਦੀ ਰਾਜਨੀਤੀ ਛੱਡ ਕੇ ਮੁੱਦਿਆਂ ਦੀ ਰਾਜਨੀਤੀ ਕਰੋ | ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੋ ਤਾਂ ਅਸੀ ਵੀ ਸਾਥ ਦੇੇਣ ਨੂੰ  ਤਿਆਰ ਹਾਂ | ਰਾਜਾ ਵੜਿੰਗ ਨੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੂੰ  ਕਿਹਾ ਕਿ ਸੋਮਵਾਰ ਨੂੰ  ਦਫ਼ਤਰ ਵਿਚ ਰਹਿਣਾ ਕਿਉਂਕਿ ਅਸੀ ਸਾਰੇ ਆਗੂ ਤੇ ਸਾਬਕਾ ਮੰਰੀ ਆਵਾਂਗੇ | ਜੋ ਵੀ ਤੁਹਾਨੂੰ ਲੋੜੀਂਦਾ ਹੈ ਉਸ ਨੂੰ  ਕਾਗ਼ਜ਼ ਪੱਤਰ ਦਿਖਾ ਕੇ ਗਿ੍ਫ਼ਤਾਰ ਕਰ ਲੈਣਾ | ਉਨ੍ਹਾਂ ਕਿਹਾ ਕਿ ਅਸੀਂ ਭੱਜਣ ਵਾਲੇ ਨਹੀਂ ਤੇ ਖ਼ੁਦ ਗਿ੍ਫ਼ਤਾਰ ਹੋਣ ਲਈ ਤਿਆਰ ਹਾਂ ਪਰ ਗ਼ਲਤ ਤੌਰ ਤਰੀਕਿਆਂ ਨਾਲ ਕਾਰਵਾਈ ਬਰਦਾਸ਼ਤ ਨਹੀਂ ਕਰਾਂਗੇ |