ਸਿਮਰਨਜੀਤ ਸਿੰਘ ਮਾਨ ਪੰਜਾਬ ਦੇ ਅਮਨ ਤੇ ਭਾਈਚਾਰਕ ਮਾਹੌਲ ਨੂੰ ਅੱਗ ਲਾਉਣ ਦੀ ਕਰ ਰਹੇ ਹਨ ਕੋਸ਼ਿਸ਼ : ਜੀਵਨ ਗੁਪਤਾ

ਏਜੰਸੀ

ਖ਼ਬਰਾਂ, ਪੰਜਾਬ

ਸਿਮਰਨਜੀਤ ਸਿੰਘ ਮਾਨ ਪੰਜਾਬ ਦੇ ਅਮਨ ਤੇ ਭਾਈਚਾਰਕ ਮਾਹੌਲ ਨੂੰ ਅੱਗ ਲਾਉਣ ਦੀ ਕਰ ਰਹੇ ਹਨ ਕੋਸ਼ਿਸ਼ : ਜੀਵਨ ਗੁਪਤਾ

image

ਚੰਡੀਗੜ੍ਹ, 20 ਅਗੱਸਤ (ਸੁਰਜੀਤ ਸਿੰਘ ਸੱਤੀ)  : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵਲੋਂ ਵਾਰ-ਵਾਰ ਦੇਸ਼ ਅਤੇ ਕੌਮੀ ਝੰਡੇ ਵਿਰੁਧ ਕੀਤੀਆਂ ਜਾ ਰਹੀਆਂ ਵਿਵਾਦਤ ਟਿੱਪਣੀਆਂ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਮਾਨ ਦੇ ਬਿਆਨਾਂ ਨੂੰ  ਅਪਮਾਨਜਨਕ ਅਤੇ ਸ਼ਰਮਨਾਕ ਕਰਾਰ ਦਿਤਾ ਹੈ | 
ਗੁਪਤਾ ਨੇ ਕਿਹਾ ਕਿ ਜੇਕਰ ਸਿਮਰਨਜੀਤ ਸਿੰਘ ਮਾਨ ਨੂੰ  ਕੌਮੀ ਝੰਡੇ ਅਤੇ ਤਿਰੰਗੇ ਤੋਂ ਐਨੀ ਨਫ਼ਰਤ ਹੈ, ਤਾਂ ਉਸ ਨੇ ਭਾਰਤ ਦੇ ਸੰਵਿਧਾਨ ਅਨੁਸਾਰ ਤਿਰੰਗੇ ਦੇ ਸਾਹਮਣੇ ਸਹੁੰ ਕਿਉਂ ਚੁੱਕੀ? ਗੁਪਤਾ ਨੇ ਕਿਹਾ ਕਿ ਸਿਮਰਨਜੀਤ ਮਾਨ ਨੇ ਹਿੰਦੁਸਤਾਨ ਦੇ ਸੰਵਿਧਾਨ ਮੁਤਾਬਿਕ ਚੋਣ ਲੜੀ ਅਤੇ ਉਨ੍ਹਾਂ ਨੂੰ  ਹਿੰਦੁਸਤਾਨ ਦੇ ਲੋਕਾਂ ਨੇ ਅਪਣੀ ਵੋਟ ਦੀ ਤਾਕਤ ਨਾਲ ਚੁਣ ਕੇ ਪਾਰਲੀਮੈਂਟ ਵਿਚ ਭੇਜਿਆ ਹੈ ਅਤੇ ਮਾਨ ਨੇ ਭਾਰਤ ਦੇ ਕੌਮੀ ਸੰਵਿਧਾਨ ਅਨੁਸਾਰ ਤਿਰੰਗੇ ਅੱਗੇ ਸਹੁੰ ਚੁਕੀ ਹੈ | ਸਿਮਰਨਜੀਤ ਮਾਨ ਵਲੋਂ ਦੇਸ਼ ਦੀ ਅਜ਼ਾਦੀ ਲਈ ਅਪਣੀ ਜਾਨ ਨਿਛਾਵਰ ਕਰਨ ਵਾਲੇ ਪੰਜਾਬ ਦੇ ਮਹਾਨ ਸਪੂਤ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ  ਅਤਿਵਾਦੀ ਕਹਿਣ 'ਤੇ ਜੀਵਨ ਗੁਪਤਾ ਨੇ ਕਿਹਾ ਕਿ ਭਗਵੰਤ ਮਾਨ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਨਾਮ 'ਤੇ ਜਨਤਾ ਕੋਲੋਂ ਵੋਟ ਮੰਗ ਕੇ ਪੰਜਾਬ ਵਿਚ ਸਰਕਾਰ ਬਣਾਈ ਹੈ | ਗੁਪਤਾ ਨੇ ਕਿਹਾ ਕਿ ਭਗਵੰਤ ਮਾਨ ਨੂੰ  ਭਗਤ ਸਿੰਘ ਵਾਂਗ ਪੱਗ ਬੰਨਣ ਨਾਲ ਕੁਝ ਨਹੀਂ ਹੋਵੇਗਾ, ਉਨ੍ਹਾਂ ਨੂੰ  ਉਸ ਦੇ ਰਾਹ 'ਤੇ ਚੱਲ ਕੇ ਉਸ ਦੀ ਸੋਚ ਅਨੁਸਾਰ ਫ਼ੈਸਲੇ ਵੀ ਲੈਣੇ ਪੈਣਗੇ | ਸ਼ਹੀਦੇ ਆਜ਼ਮ ਭਗਤ ਸਿੰਘ ਦਾ ਅਪਮਾਨ ਕਰਨ ਵਾਲੇ ਸਿਮਰਨਜੀਤ ਸਿੰਘ ਮਾਨ ਨੂੰ  ਅਤਿਵਾਦੀ ਕਿਹਾ ਜਾ ਰਿਹਾ ਹੈ, ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਮਰਨਜੀਤ ਸਿੰਘ ਮਾਨ ਵਿਰੁਧ ਅਜੇ ਤਕ ਕਾਰਵਾਈ ਕਿਉਂ ਨਹੀਂ ਕੀਤੀ? ਮਾਨ ਵਲੋਂ ਹਵਾਈ ਜਹਾਜ਼ ਵਿਚ ਜਨੇਊ ਪਾ ਕੇ ਸਫ਼ਰ ਕਰਨ ਦੇ ਸਵਾਲ 'ਤੇ ਜੀਵਨ ਗੁਪਤਾ ਨੇ ਕਿਹਾ ਕਿ ਮਾਨ ਨੇ ਸਿਧੇ ਰੂਪ 'ਚ ਜਨੇਊ ਨੂੰ  ਆਧਾਰ ਬਣਾ ਕੇ ਹਿੰਦੂ ਸਮਾਜ ਦੀਆਂ ਧਾਰਮਕ ਭਾਵਨਾਵਾਂ 'ਤੇ ਹਮਲਾ ਕੀਤਾ ਹੈ | ਮਾਨ ਅਜਿਹੇ ਬਿਆਨ ਦੇ ਕੇ ਹਿੰਦੂ-ਸਿੱਖਾਂ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ |