ਵਿਜੀਲੈਂਸ ਬਿਊਰੋ ਵਲੋਂ 5 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਲਜ਼ਮ ਏ.ਐਸ.ਆਈ. ਸ਼ਿਕਾਇਤ ਦੇ ਨਿਪਟਾਰੇ ਲਈ ਪਹਿਲਾਂ ਵੀ ਲੈ ਚੁੱਕਾ ਸੀ 5000 ਰੁਪਏ

photo

 

ਚੰਡੀਗੜ੍ਹ: ਚੰਡੀਗੜ੍ਹ ਪੰਜਾਬ ਵਿਜੀਲੈਂਸ ਬਿਊਰੋ ਨੇ ਥਾਣਾ ਤਲਵੰਡੀ ਸਾਬੋ ਵਿਖੇ ਤਾਇਨਾਤ ਏ.ਐਸ.ਆਈ.  ਜਗਰੂਪ ਸਿੰਘ ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਨਸੀਬਪੁਰਾ ਦੇ ਵਸਨੀਕ ਲਖਵੀਰ ਸਿੰਘ ਤੋਂ 5000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਲਖਵੀਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਪਤਨੀ ਅਤੇ ਲੜਕੇ ਵਿਰੁੱਧ ਉਸ ਦੇ ਪਿੰਡ ਦੀਆਂ ਕੁਝ ਔਰਤਾਂ ਵੱਲੋਂ ਥਾਣਾ ਤਲਵੰਡੀ ਸਾਬੋ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਦੀ ਪੜਤਾਲ ਉਕਤ ਏ.ਐਸ.ਆਈ. ਵੱਲੋਂ ਕੀਤੀ ਜਾ ਰਹੀ ਸੀ।  ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਏ.ਐਸ.ਆਈ. ਜਗਰੂਪ ਸਿੰਘ ਨੇ ਇਸ ਸ਼ਿਕਾਇਤ ਦਾ ਨਿਪਟਾਰਾ ਕਰਨ ਬਦਲੇ 10,000 ਰੁਪਏ ਰਿਸ਼ਵਤ ਮੰਗੀ ਅਤੇ ਉਹ ਪਹਿਲਾਂ ਹੀ ਉਸ ਕੋਲ਼ੋਂ 5000 ਰੁਪਏ ਲੈ ਚੁੱਕਾ ਹੈ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁਢਲੀ ਜਾਂਚ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਟਰੈਪ ਲਗਾ ਕੇ ਉਕਤ ਏ.ਐਸ.ਆਈ. ਨੂੰ ਅੱਜ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 5000 ਰੁਪਏ ਰਿਸ਼ਵਤ ਲੈਂਦਿਆਂ ਮੌਕੇ ਉੱਤੇ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਏ.ਐਸ.ਆਈ.ਜਗਰੂਪ ਸਿੰਘ ਖਿਲਾਫ ਥਾਣਾ ਵਿਜੀਲੈਂਸ ਬਿਊਰੋ, ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ।