Amsanpur ਦੇ ਲਖਵਿੰਦਰ ਸਿੰਘ ਨੇ 10 ਮਹੀਨਿਆਂ ਮਗਰੋਂ ਜਿੱਤੀ ਸਰਪੰਚੀ
ਹਾਈ ਕੋਰਟ ਦੇ ਹੁਕਮਾਂ 'ਤੇ ਹੋਈ ਵੋਟਾਂ ਦੀ ਦੁਬਾਰਾ ਗਿਣਤੀ
Lakhwinder Singh Amsanpur news : ਪਟਿਆਲਾ ਜ਼ਿਲ੍ਹੇ ਦੇ ਪਿੰਡ ਅਸਮਾਨਪੁਰ ’ਚ ਬੁੱਧਵਾਰ ਨੂੰ ਪੰਚਾਇਤ ਚੋਣਾਂ ਦਾ ਅਜਿਹਾ ਰੋਮਾਂਚ ਦੇਖਣ ਨੂੰ ਮਿਲਿਆ, ਜਿਵੇਂ ਇਹ ਕਿਸੇ ਕ੍ਰਿਕਟ ਮੈਚ ਦਾ ਫਾਈਨਲ ਹੋਵੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਕੀਤੀ ਗਈ ਦੁਬਾਰਾ ਗਿਣਤੀ ਵਿੱਚ ਸਰਪੰਚ ਦੇ ਅਹੁਦੇ ਲਈ ਦੋਵੇਂ ਉਮੀਦਵਾਰਾਂ ਲਖਵਿੰਦਰ ਸਿੰਘ ਅਤੇ ਗੁਰਜੰਟ ਸਿੰਘ ਨੂੰ ਬਰਾਬਰ 240-240 ਵੋਟਾਂ ਮਿਲੀਆਂ। ਹੁਣ ਸਵਾਲ ਇਹ ਸੀ ਕਿ ਪਿੰਡ ਦਾ ਸਰਪੰਚ ਕੌਣ ਬਣੇਗਾ? ਪਰਚੀਆਂ ਪਾ ਕੇ ਕਿਸਮਤ ਅਜ਼ਮਾਉਣ ਦਾ ਫੈਸਲਾ ਹੋਇਆ। ਪਿੰਡ ਦੇ ਗੁਰੂਦੁਆਰਾ ਸਾਹਿਬ ਤੋਂ ਗ੍ਰੰਥੀ ਨੂੰ ਬੁਲਾਇਆ ਗਿਆ। ਪੂਰੇ ਪਿੰਡ ਦੀਆਂ ਨਜ਼ਰਾਂ ਉਸ ਛੋਟੇ ਜਿਹੇ ਡੱਬੇ ’ਤੇ ਟਿਕੀਆਂ ਹੋਈਆਂ ਸਨ, ਜਿਸ ਵਿੱਚ ਦੋਵਾਂ ਉਮੀਦਵਾਰਾਂ ਦੀਆਂ ਪਰਚੀਆਂ ਪਾਈਆਂ ਗਈਆਂ ਸਨ।
ਜਦੋਂ ਗ੍ਰੰਥੀ ਨੇ ਪਰਚੀ ਕੱਢੀ ਤਾਂ ਉਸ ’ਤੇ ਲਿਖਿਆ ਨਾਮ ਲਖਵਿੰਦਰ ਸਿੰਘ ਸੀ। ਇਸ ਤਰ੍ਹਾਂ ਲਖਵਿੰਦਰ ਸਿੰਘ ਜੋ ਪਿਛਲੇ 10 ਮਹੀਨਿਆਂ ਤੋਂ ਅਦਾਲਤ ’ਚ ਇਨਸਾਫ਼ ਲਈ ਲੜ ਰਿਹਾ ਸੀ, ਜੋ ਹੁਣ ਪਿੰਡ ਦਾ ਨਵਾਂ ਸਰਪੰਚ ਬਣ ਗਿਆ ਹੈ। ਜਿਵੇਂ ਹੀ ਉਸਦੇ ਨਾਮ ਦਾ ਜੇਤੂ ਵਜੋਂ ਐਲਾਨ ਕੀਤਾ ਗਿਆ, ਪਿੰਡ ਵਾਸੀਆਂ ਨੇ ਫੁੱਲਾਂ ਦੇ ਹਾਰ ਪਾ ਕੇ ਉਸਦਾ ਸਵਾਗਤ ਕੀਤਾ ਅਤੇ ਸਾਰਾ ਮਾਹੌਲ ਤਾੜੀਆਂ ਨਾਲ ਗੂੰਜ ਉੱਠਿਆ।
ਸਰਪੰਚ ਬਣਨ ਤੋਂ ਬਾਅਦ ਲਖਵਿੰਦਰ ਸਿੰਘ ਨੇ ਕਿਹਾ ਪਿਛਲੇ ਸਾਲ ਅਕਤੂਬਰ ’ਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਮੈਨੂੰ ਸਿਰਫ਼ 2 ਵੋਟਾਂ ਨਾਲ ਹਾਰਿਆ ਹੋਇਆ ਐਲਾਨ ਦਿੱਤਾ ਗਿਆ ਸੀ। ਜਦਕਿ 27 ਵੋਟਾਂ ਰੱਦ ਕਰ ਦਿੱਤੀਆਂ ਗਈਆਂ ਸਨ। ਜਿਸ ਤੋਂ ਬਾਅਦ ਮੈਨੂੰ ਲੱਗਾ ਕਿ ਗਿਣਤੀ ਸਹੀ ਢੰਗ ਨਾਲ ਨਹੀਂ ਹੋਈ ਸੀ ਅਤੇ ਮੈਂ ਇਸ ਲਈ ਹਾਈ ਕੋਰਟ ਗਿਆ। ਅਦਾਲਤ ਵਿੱਚ 10 ਮਹੀਨਿਆਂ ਤੱਕ ਲੜਾਈ ਚੱਲੀ ਅਤੇ ਬੁੱਧਵਾਰ ਨੂੰ ਦੁਬਾਰਾ ਗਿਣਤੀ ਹੋਈ ਅਤੇ ਨਤੀਜਾ ਬਰਾਬਰ ਰਿਹਾ। ਇਸ ਤੋਂ ਬਾਅਦ ਡਰਾਅ ਫਲੋਟ ਦਾ ਨਿਯਮ ਲਾਗੂ ਕੀਤਾ ਗਿਆ। ਜਦੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਪਰਚੀ ਕੱਢੀ ਤਾਂ ਮੇਰਾ ਨਾਮ ਉਸ ਪਰਚੀ ’ਤੇ ਸੀ। ਨਵੇਂ ਬਣੇ ਸਰਪੰਚ ਲਖਵਿੰਦਰ ਸਿੰਘ ਨੇ ਕਿਹਾ ਕਿ ਇਹ ਮੇਰੇ ਲਈ ਸੱਚਾਈ ਅਤੇ ਨਿਆਂ ਦੀ ਜਿੱਤ ਹੈ।