ਗੰਨੇ ਦੀ 56 ਕਰੋੜ ਰੁਪਏ ਦੀ ਅਦਾਇਗੀ ਛੇਤੀ ਹੀ : ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

21 ਕਰੋੜ ਰੁਪਏ ਦੀ ਅਦਾਇਗੀ ਮਿੱਲਾਂ ਵੱਲੋਂ ਸਹਿਕਾਰੀ ਬੈਂਕ ਦੀ ਮਦਦ ਨਾਲ ਆਪਣੇ ਪੱਧਰ 'ਤੇ ਕੀਤੀ ਜਾਵੇਗੀ 

Meating

ਚੰਡੀਗੜ : ਪੰਜਾਬ ਦੇ ਸਹਿਕਾਰਤਾ ਤੇ ਜੇਲ•ਾਂ ਬਾਰੇ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਕਿਹਾ ਕਿ ਸਹਿਕਾਰੀ ਖੰਡ ਮਿੱਲਾਂ ਵੱਲੋਂ ਕਿਸਾਨਾਂ ਦੇ ਗੰਨੇ ਦੀ ਬਕਾਇਆ ਰਕਮ ਵਿੱਚੋਂ ਲਗਪਗ 56  ਕਰੋੜ ਰੁਪਏ ਦੀ ਅਦਾਇਗੀ ਅਗਲੇ ਹਫ਼ਤੇ ਕਰ ਦਿੱਤੀ ਜਾਵੇਗੀ। ਉਹ ਇੱਥੇ ਸ਼ੂਗਰਫੈੱਡ ਪੰਜਾਬ ਦੇ ਦਫ਼ਤਰ ਵਿੱਚ ਸਹਿਕਾਰੀ ਖੰਡ ਮਿੱਲਾਂ ਵੱਲੋਂ ਪਿੜਾਈ ਸੀਜ਼ਨ 2018-19 ਦੀ ਸ਼ੁਰੂਆਤ ਲਈ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸਹਿਕਾਰੀ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਮੂਹ ਖੰਡ ਮਿੱਲਾਂ ਦੇ ਜਨਰਲ ਮੈਨੇਜਰਾਂ ਨਾਲ ਮੀਟਿੰਗ ਕਰ ਰਹੇ ਸਨ।

ਸ. ਰੰਧਾਵਾ ਨੇ ਦੱਸਿਆ ਕਿ 56 ਕਰੋੜ ਰੁਪਏ ਵਿੱਚੋਂ 21 ਕਰੋੜ ਰੁਪਏ ਦੀ ਅਦਾਇਗੀ ਮਿੱਲਾਂ ਵੱਲੋਂ ਸਹਿਕਾਰੀ ਬੈਂਕ ਦੀ ਮਦਦ ਨਾਲ ਆਪਣੇ ਪੱਧਰ 'ਤੇ ਕੀਤੀ ਜਾਵੇਗੀ ਅਤੇ ਬਾਕੀ 35 ਕਰੋੜ ਰੁਪਏ ਦੀ ਮਨਜ਼ੂਰੀ ਵਿੱਤ ਵਿਭਾਗ ਵੱਲੋਂ ਦੇ ਦਿੱਤੀ ਗਈ ਹੈ। ਸਮੂਹ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਸਹਿਕਾਰਤਾ ਮੰਤਰੀ ਨੇ ਹਦਾਇਤ ਕੀਤੀ ਕਿ ਸਹਿਕਾਰੀ ਖੰਡ ਮਿੱਲਾਂ ਦੀ ਪਿੜਾਈ ਸੀਜ਼ਨ 2018-19 ਦੌਰਾਨ ਕਾਰਗੁਜ਼ਾਰੀ ਬਿਹਤਰ ਬਣਾਉਣ ਲਈ ਜਨਰਲ ਮੈਨੇਜਰਾਂ ਵੱਲੋਂ ਆਪਣੇ ਪੱਧਰ ਉਤੇ ਜ਼ੋਰਦਾਰ ਉਪਰਾਲੇ ਕਰਨ ਦੀ ਲੋੜ ਹੈ,

ਅਤੇ ਨਾਲ ਹੀ ਹਦਾਇਤ ਕੀਤੀ ਕਿ ਹਰੇਕ ਸਹਿਕਾਰੀ ਖੰਡ ਮਿੱਲ ਵਿੱਚ ਖੰਡ ਦੀ ਰਿਕਵਰੀ 10 ਪ੍ਰਤੀਸ਼ਤ ਤੋਂ ਵੱਧ ਪ੍ਰਾਪਤ ਕੀਤੀ ਜਾਵੇ ਅਤੇ ਹਰੇਕ ਮਿੱਲ ਵੱਲੋਂ ਵਿੱਤੀ ਤੇ ਤਕਨੀਕੀ ਕਾਰਗੁਜ਼ਾਰੀ ਵਿੱਚ ਸੁਧਾਰ ਉਪਰ ਜ਼ੋਰ ਦਿੱਤਾ ਜਾਵੇ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਇਹ ਵੀ ਤਾੜਨਾ ਕੀਤੀ ਗਈ ਕਿ ਕਿਸੇ ਵੀ ਤਰਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਮਾੜੀ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮਿੱਲਾਂ ਨੂੰ ਚਲਾਉਣ ਸਬੰਧੀ ਫੈਸਲੇ ਦਾ ਜ਼ਿਕਰ ਕਰਦਿਆਂ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਗੰਨੇ ਦੀ ਉਪਲਬਧਤਾ ਅਨੁਸਾਰ ਸਹਿਕਾਰੀ ਮਿੱਲਾਂ ਵੱਲੋਂ ਨਵੰਬਰ ਦੇ ਦੂਜੇ ਹਫ਼ਤੇ ਪਿੜਾਈ ਸੀਜ਼ਨ ਦੀ ਸ਼ੁਰੂਆਤ ਕੀਤੀ ਜਾਵੇਗੀ।

ਉਨਾਂ  ਜਨਰਲ ਮੈਨੇਜਰਾਂ ਨੂੰ ਹਦਾਇਤ ਕੀਤੀ ਕਿ ਪਿੜਾਈ ਸੀਜ਼ਨ ਦੀ ਸ਼ੁਰੂਆਤ ਸਬੰਧੀ ਗੰਨਾ ਕਾਸ਼ਤਕਾਰਾਂ ਨੂੰ ਸਮੇਂ ਤੋਂ ਪਹਿਲਾਂ ਹੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਕਟਾਈ ਲਈ ਲੇਬਰ ਆਦਿ ਦਾ ਪ੍ਰਬੰਧ ਸਮੇਂ ਸਿਰ ਕੀਤਾ ਜਾ ਸਕੇ। ਸ੍ਰੀ ਰੰਧਾਵਾ ਨੇ ਇਹ ਵੀ ਹਦਾਇਤ ਕੀਤੀ ਕਿ ਗੰਨੇ ਦੀ ਬਾਂਡਿੰਗ, ਸਪਲਾਈ, ਤੁਲਾਈ ਅਤੇ ਅਦਾਇਗੀ ਬਾਰੇ ਸੂਚਨਾ ਦੇਣ ਲਈ ਪਿੜਾਈ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਆਨਲਾਈਨ ਸਿਸਟਮ ਵਿਕਸਤ ਕੀਤਾ ਜਾਵੇਗਾ, ਜਿਸ ਅਨੁਸਾਰ ਜ਼ਿਮੀਦਾਰਾਂ ਨੂੰ ਗੰਨੇ ਦੀ ਬਾਂਡਿੰਗ,  ਪਰਚੀ, ਤੁਲਾਈ ਅਤੇ ਬਣਦੀ ਅਦਾਇਗੀ ਸਬੰਧੀ ਉਨਾਂ  ਦੇ ਦੋ ਰਜਿਸਟਰਡ ਮੋਬਾਈਲਾਂ 'ਤੇ ਦਿੱਤੀ ਜਾਵੇਗੀ।

ਇਸ ਦੇ ਨਾਲ ਹੀ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਕੰਪਿਊਟਰਾਈਜ਼ਡ ਕਲੰਡਰ ਸਿਸਟਮ ਇਸ ਤਰੀਕੇ ਨਾਲ ਤਿਆਰ ਕੀਤਾ ਜਾਵੇ ਕਿ ਗੰਨਾ ਕਾਸ਼ਤਕਾਰਾਂ ਨੂੰ ਮਿੱਲਾਂ ਵਿੱਚ ਗੰਨਾ ਸਪਲਾਈ ਕਰਨ ਸਮੇਂ ਛੇ ਘੰਟੇ ਤੋਂ ਵੱਧ ਇੰਤਜ਼ਾਰ ਨਾ ਕਰਨਾ ਪਵੇ। ਇਸ ਦੇ ਨਾਲ ਹੀ ਸਹਿਕਾਰਤਾ ਮੰਤਰੀ  ਨੇ ਦੱਸਿਆ ਕਿ ਉਨ•ਾਂ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨੂੰ ਖੰਡ ਦਾ ਘੱਟੋ ਘੱਟ ਮੁੱਲ 2900 ਰੁਪਏ ਤੋਂ ਵਧਾ ਕੇ 3500 ਰੁਪਏ ਕੁਇੰਟਲ ਕਰਨ ਲਈ ਪੱਤਰ ਲਿਖਿਆ ਹੈ

ਤਾਂ ਜੋ ਦੇਸ਼ ਭਰ ਦੇ ਗੰਨਾ ਕਾਸ਼ਤਕਾਰਾਂ ਨੂੰ ਉਨ•ਾਂ ਦੀਆਂ ਬਕਾਇਆ ਅਦਾਇਗੀਆਂ ਕੀਤੀਆਂ ਜਾ ਸਕਣ। ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਸਹਿਕਾਰਤਾ ਸ੍ਰੀ ਡੀ.ਪੀ. ਰੈੱਡੀ ਤੋਂ ਇਲਾਵਾ ਰਜਿਸਟਰਾਰ ਸਹਿਕਾਰੀ ਸਭਾਵਾਂ ਸ੍ਰੀ ਵਿਕਾਸ ਗਰਗ, ਪ੍ਰਬੰਧ ਨਿਰਦੇਸ਼ਕ ਸ਼ੂਗਰਫੈੱਡ ਗੁਰਲਵਲੀਨ ਸਿੰਘ ਸਿੱਧੂ ਅਤੇ ਪ੍ਰਬੰਧ ਨਿਰਦੇਸ਼ਕ ਪੰਜਾਬ ਰਾਜ ਸਹਿਕਾਰੀ ਬੈਂਕ ਡਾ. ਐਸ.ਕੇ. ਬਾਤਿਸ਼ ਹਾਜ਼ਰ ਸਨ।